ਚੂਹੜਚੱਕ ਦੇ ਫੌਜੀ ਜਵਾਨ ਦੀ ਟਰੇਨਿੰਗ ਦੌਰਾਨ ਸੰਖੇਪ ਬੀਮਾਰੀ ਕਾਰਨ ਹੋਈ ਮੌਤ

ਮੋਗਾ, 20 ਅਕਤੂਬਰ (ਜਸ਼ਨ) : ਮੋਗਾ ਜ਼ਿਲੇ ਦੇ ਪਿੰਡ ਚੂਹੜਚੱਕ ਵਿਖੇ ਸੋਗ ਦੀ ਲਹਿਰ ਦੌੜ ਗਈ, ਜਦੋਂ ਰੁੜਕੀ ਵਿਖੇ ਟਰੇਨਿੰਗ ਲੈ ਰਹੇ ਫੌਜੀ ਜਵਾਨ ਜਸਪ੍ਰੀਤ ਸਿੰਘ ਦੀ ਬੀਮਾਰੀ ਕਾਰਨ ਭਰ ਜਵਾਨੀ ’ਚ ਮੌਤ ਹੋ ਗਈ । ਫੌਜੀ ਜਸਪ੍ਰੀਤ ਸਿੰਘ ਦੀ ਮਿ੍ਰਤਕ ਦੇਹ ਨੰੂ ਅੱਜ ਫੌਜ ਦੇ ਅਧਿਕਾਰੀਆਂ ਯਸ਼ਪਾਲ ਸਿੰਘ, ਅਜੇ ਕੁਮਾਰ, ਦਾਤਾ ਰਾਮ ਦੀ ਅਗਵਾਈ ਹੇਠ ਫੌਜੀ ਸਲਾਮੀ ਟੁਕੜੀ ਅਧੀਨ ਪਿੰਡ ਚੂਹੜਚੱਕ ਵਿਖੇ ਫੌਜ ਦੇ ਰਸਮ ਓ ਰਿਵਾਜ ਅਨੁਸਾਰ ਮਿ੍ਰਤਕ ਦੇਹ ਨੰੂ ਅਗਨ ਭੇਟ ਕੀਤਾ। ਨੌਜਵਾਨ ਦੀ ਅੰਤਿਮ ਰਸਮ ਮੌਕੇ ਹਰ ਅੱਖ ਨਮ ਸੀ। ਫੌਜੀ ਦੇ ਪਿਤਾ ਜਗਵਿੰਦਰ ਸਿੰਘ ਤੇ ਮਾਤਾ ਗੁਰਮੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡਾ ਪੁੱਤਰ ਜਸਪ੍ਰੀਤ ਸਿੰਘ ਇਕ ਸਾਲ ਪਹਿਲਾਂ ਹੀ ਫੌਜ ਵਿਚ ਭਰਤੀ ਹੋਇਆ ਸੀ ਤੇ ਹੁਣ ਰੁੜਕੀ ਟਰੇਨਿੰਗ ਸੈਂਟਰ ਵਿਚ ਸਿਖਲਾਈ ਪ੍ਰਾਪਤ ਕਰ ਰਿਹਾ ਸੀ। ਪਿਛਲੇ ਡੇਢ ਦੋ ਮਹੀਨਿਆਂ ਤੋਂ ਸਿਰ ਦਰਦ ਤੇ ਬੁਖਾਰ ਰਹਿਣ ਕਾਰਨ ਉਸ ਨੰੂ ਫੌਜ ਵੱਲੋਂ ਲਖਨਊ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਪਰ ਮੌਤ ਅੱਗੇ ਸਭ ਬੇਵੱਸ ਹੋ ਗਿਆ। ਜਸਪ੍ਰੀਤ ਸਿੰਘ ਦਸਵੀਂ ਪਾਸ ਕਰਨ ਉਪਰੰਤ ਫੌਜ ਦੀ ਬੰਗਾਲ ਇੰਜੀਨੀਅਰ ਗਰੁੱਪ ਵਿੱਚ ਭਰਤੀ ਹੋਇਆ ਸੀ ਅਤੇ ਹੁਣ ਰੁੜਕੀ ਵਿਚ ਇਸ ਦੀ ਟਰੇਨਿੰਗ ਚੱਲ ਰਹੀ ਸੀ, ਅਜੇ ਇਸ ਨੂੰ ਯੂਨਿਟ ਮਿਲਣੀ ਹੀ ਸੀ ਕਿ ਸੰਖੇਪ ਬਿਮਾਰੀ ਕਾਰਨ ਇਸ ਦੀ ਮੌਤ ਹੋ ਗਈ। ਜਸਪ੍ਰੀਤ ਸਿੰਘ ਦੀ ਮਾਤਾ ਨੇ ਕਿਹਾ ਕਿ ਮੈਂ ਤਾਂ ਆਪਣੇ ਜਿਗਰ ਦਾ ਟੁਕੜਾ ਦੇਸ਼ ਦੀ ਰਾਖੀ ਕਰਨ ਲਈ ਭੇਜਿਆ ਸੀ, ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਸ ਮੌਕੇ ਸਰਪੰਚ ਕੁਲਦੀਪ ਸਿੰਘ, ਕੈਪਟਨ ਬਚਿੱਤਰ ਸਿੰਘ, ਪੰਚਾਇਤ ਮੈਂਬਰ ਬਲਜਿੰਦਰ ਸਿੰਘ ਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ।