ਦੀਵਾਲੀ ਮੌਕੇ ਝੁੱਗੀਆਂ ‘ਚ ਜਾ ਕੇ ਕਰੀਬ 50 ਬੱਚਿਆਂ ਨੂੰ ਵੰਡੇ ਟੂਥਪੇਸਟ ਤੇ ਬੁਰਸ਼
ਸਮਾਲਸਰ, 20 ਅਕਤੂਬਰ (ਜਸਵੰਤ ਗਿੱਲ)- ਦਰਵੇਸ਼ ਡੈਂਟਲ ਕਲੀਨਕ ਸਮਾਲਸਰ ਦੇ ਡਾਕਟਰ ਪ੍ਰਦੀਪ ਅਰੋੜਾ ਅਤੇ ਹਰਮਨਦੀਪ ਸਿੰਘ ਕੈਂਥ ਨੇ ਇਸ ਵਾਰ ਦੀਵਾਲੀ ਨੂੰ ਯਾਦਗਾਰ ਬਣਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਹੈ। ਇਸ ਵਿਸ਼ੇਸ਼ ਉਪਰਾਲੇ ਤਹਿਤ ਦੋਵਾਂ ਨੌਜਵਾਨਾਂ ਨੇ ਝੁੱਗੀਆਂ ‘ਚ ਰਹਿ ਰਹੇ ਬੱਚਿਆਂ ਕੋਲ ਜਾ ਕੇ ਸਰੀਰ ਦੀ ਸਫਾਈ ਸਬੰਧੀ ਜਾਗਰੂਕ ਕੀਤਾ ਅਤੇ ਕਰੀਬ ਪੰਜਾਹ ਛੋਟੇ ਬੱਚਿਆਂ ਨੂੰ ਟੂਥਪੇਸਟ ਤੇ ਬੁਰਸ਼ ਵੰਡੇ। ਇੰਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਸਾਡੇ ਮਨ ਵਿੱਚ ਕੁਝ ਵਿਲੱਖਣ ਕਰਨ ਦੀ ਇੱਛਾ ਨੇ ਸਾਨੂੰ ਇਹ ਸੇਵਾ ਕਰਨ ਵਾਸਤੇ ਪ੍ਰੇਰਿਤ ਕੀਤਾ। ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਗਰੀਬ ਪਰਿਵਾਰਾਂ ਨਾਲ ਸਬੰਧਤ ਬੱਚੇ ਪੇਟ ਅਤੇ ਮੂੰਹ ਦੀਆਂ ਬਿਮਾਰੀਆਂ ਤੋਂ ਪੀੜਤ ਰਹਿੰਦੇ ਹਨ। ਇਸ ਦੀ ਵਜ੍ਹਾ ਕਿਤੇ ਨਾ ਕਿਤੇ ਮਾਪਿਆਂ ਦੀ ਅਨਪੜਤਾ ਅਤੇ ਗਰੀਬੀ ਹੁੰਦੀ ਹੈ ਜਿਸ ਕਾਰਨ ਉਹ ਆਪਣੇ ਬੱਚਿਆਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਪਾਉਂਦੇ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਮਸ਼ੀਨਰੀ ਵਿੱਚ ਕੋਈ ਕੱਚਰਾ ਚਲਾ ਜਾਵੇ ਤਾਂ ਉਹ ਨੁਕਸਾਨੀ ਜਾਂਦੀ ਹੈ, ਠੀਕ ਉਸੇ ਤਰ੍ਹਾਂ ਜੇਕਰ ਸਾਡੇ ਮੂੰਹ ਰਾਹੀਂ ਪੌਸ਼ਟਿਕ ਭੋਜਨ ਦੀ ਬਜਾਏ ਬਿਮਾਰੀਆਂ ਦੇ ਜੀਵ ਜੰਤੂ ਪੇਟ ਅੰਦਰ ਚਲੇ ਜਾਣ ਤਾਂ ਉਹ ਅਨੇਕਾਂ ਬਿਮਾਰੀਆਂ ਦੀ ਜੜ੍ਹ ਬਣ ਸਕਦੇ ਹਨ। ਪ੍ਰਦੀਪ ਅਰੋੜਾ ਤੇ ਹਰਮਨਦੀਪ ਸਿੰਘ ਕੈਂਥ ਚਾਹੁੰਦੇ ਹਨ ਕਿ ਇਸ ਸੋਚ ਨਾਲ ਸੈਂਕੜੇ ਬੱਚਿਆਂ ਤੱਕ ਪਹੁੰਚ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਕੇ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾਵੇ।