39ਵੇਂ ਪ੍ਰੋ. ਮੋਹਨ ਸਿੰਘ ਮੇਲੇ ਮੌਕੇ ਸੈਮੀਨਾਰ ਦਾ ਆਯੋਜਨ

*ਅਗਲਾ ਪ੍ਰੋ. ਮੋਹਨ ਸਿੰਘ ਮੇਲਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ-ਗਰੇਵਾਲ,ਲਵਲੀ
ਲੁਧਿਆਣਾ : 20 ਅਕਤੂਬਰ  (ਗਿਆਨ  ਸਿੰਘ) ਪ੍ਰੋ. ਮੋਹਨ ਸਿੰਘ ਯਾਦਗਾਰੀ ਫ਼ਾਊਡੇਸ਼ਨ ਅਤੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸਾਂਝੇ ਤੌਰ ‘ਤੇ ਪ੍ਰੋ.ਮੋਹਨ ਸਿੰਘ ਦੇ 113ਵੇਂ ਜਨਮ ਦਿਵਸ ਤੇ 39ਵਾਂ ਅੰਤਰਰਾਸ਼ਟਰੀ ਪ੍ਰੋ. ਮੋਹਨ ਸਿੰਘ ਮੇਲਾ ਆਯੋਜਿਤ ਕੀਤਾ ਗਿਆ, ਜਿਸ ਵਿਚ ਪੰਜਾਬ ਭਰ ਤੋਂ ਪ੍ਰਸਿੱਧ ਸਾਹਿਤਕਾਰ, ਕਲਾਕਾਰ,ਬੁੱਧੀਜੀਵੀ, ਕਲਾਪ੍ਰੇਮੀ ਅਤੇ ਸਰੋਤੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਮੌਕੇ ਵਿਧਾਇਕ ਸੰਜੇ ਤਲਵਾੜ, ਵਿਧਾਇਕ ਕੁਲਦੀਪ ਸਿਘ ਵੈਦ, ਸਰਦਾਰਾ ਸਿੰਘ ਜੌਹਲ, ਗੁਰਦੇਵ ਸਿੰਘ ਲਾਪਰਾਂ, ਅਮਰਜੀਤ ਸਿੰਘ ਟਿੱਕਾ, ਨਿਰਮਲ ਕੈੜਾ, ਇੰਦਰਜੀਤ ਸਿੰਘ ਜੱਸੋਵਾਲ, ਸਮੇਤ ਕਾਫ਼ੀ ਗਿਣਤੀ ਵਿਚ ਸਾਹਿਤਕਾਰ, ਸਾਹਿਤ ਪ੍ਰੇਮੀ, ਬੁੱਧੀਜੀਵੀ, ਲੇਖਕ, ਕਲਾਕਾਰ ਅਤੇ ਸਮਾਜ ਦੇ ਵੱਖ ਵੱਖ ਪਹਿਲੂਆਂ ਨਾਲ ਸੰਬੰਧਿਤ ਲੋਕ ਹਾਜ਼ਰ ਸਨ। ਮੇਲੇ ਦੀ ਸ਼ੁਰੂਆਤ ਆਰਤੀ ਚੌਕ ਵਿਖੇ ਪ੍ਰੋ. ਮੋਹਨ ਸਿੰਘ ਦੇ ਆਦਮ ਕੱਦ ਬੁੱਤ ਤੇ ਫੁੱਲਾਂ ਦੇ ਹਾਰ ਪਾ ਕੇ ਕੀਤੀ ਗਈ ਜਿਸ ਵਿਚ  ਸ. ਪਰਗਟ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ, ਮਲਕੀਤ ਸਿੰਘ ਦਾਖਾ, ਕਿ੍ਰਸ਼ਨ ਕੁਮਾਰ ਬਾਵਾ, ਪ੍ਰਮੁੱਖ ਤੌਰ ਤੇ ਸ਼ਾਮਲ ਹੋਏ ਉਪਰੰਤ ਇਹ ਕਾਫ਼ਲਾ ਪੰਜਾਬੀ ਭਵਨ ਦੇ ਵਿਹੜੇ ਵਿਚ ਪੁੱਜਿਆ ਜਿਥੇ ਪ੍ਰੋ. ਮੋਹਨ ਸਿੰਘ ਦੀ ਰਚਨਾ ‘ਤੇ ਸੈਮੀਨਾਰ ਕਰਵਾਇਆ ਗਿਆ।

ਸੈਮੀਨਾਰ ਮੌਕੇ  ਪ੍ਰੋ. ਜਗਵਿੰਦਰ ਸਿੰਘ ਜੋਧਾ ਨੇ ਪ੍ਰੋ. ਮੋਹਨ ਸਿੰਘ ਦੀ ਕਵਿਤਾ ਸਮਕਾਲੀ ਪ੍ਰਸੰਗ ਵਿਸ਼ੇ ਬਾਰੇ ਅਤੇ ਡਾ. ਸਵਰਾਜ ਸਿੰਘ ਯੂ.ਐਸ.ਏ. ਨੇ ਪੰਜਾਬ ਦੇ ਕਿਰਸਾਨੀ ਸੰਕਟਦੇ ਹੱਲ ਲਈ ਬਹੁਪੱਖੀ ਪਹੁੰਚ ਦੀ ਲੋੜ ਵਿਸ਼ੇ ‘ਤੇ ਆਪਣੇ ਖੋਜ-ਪੱਤਰ ਪੜੇ।  ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਸ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀ ਯਾਦ ਵਿਚ ਲੱਗਣ ਵਾਲਿਆਂ ਮੇਲਿਆਂ ਨਾਲ ਉਨਾਂ ਦਾ ਪਰਿਵਾਰ ਹਮੇਸ਼ਾ ਹੀ ਜੁੜਿਆ ਰਿਹਾ ਹੈ। ਉਨਾਂ ਕਿਹਾ ਕਿ ਇਹ ਮੇਲੇ ਪੰਜਾਬੀ ਸਾਹਿਤ ਤੇ ਵਿਰਸੇ ਨੂੰ ਹੋਰ ਬੁਲੰਦੀਆਂ ਵੱਲ ਲੈ ਕੇ ਜਾਣ ਦਾ ਉਪਰਾਲਾ ਹੁੰਦਾ ਹੈ। ਬਾਅਦ ਦੁਪਹਿਰ ਪੰਜਾਬ ਕਲਾ ਪ੍ਰੀਸ਼ਦ ਵਲੋਂ ਪ੍ਰੋ. ਮੋਹਨ ਸਿੰਘ ਫ਼ਾਊਡੇਸ਼ਨ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਵਿਚ ਜਸਵੰਤ ਜ਼ਫ਼ਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਮਨਜੀਤ ਇੰਦਰਾ, ਸੁਖਵਿੰਦਰ ਅੰਮਿ੍ਰਤ, ਸੁਰਜੀਤ ਜੱਜ, ਸ਼ਬਦੀਸ਼, ਵਿਜੇ ਵਿਵੇਕ, ਗੁਰਤੇਜ ਕੋਹਾਰਵਾਲਾ, ਦਰਸ਼ਨ ਬੁੱਟਰ, ਲਖਵਿੰਦਰ ਜੌਹਲ, ਭੁਪਿੰਦਰ ਕੌਰ ਪ੍ਰੀਤ ਅਤੇ ਅਮਰਜੀਤ ਸ਼ੇਰਪੁਰੀ ਸ਼ਾਮਲ ਹੋਏ।  ਇਸ ਸਮੇਂ ਪ੍ਰਧਾਨ ਪ੍ਰਗਟ ਸਿੰਘ ਗਰੇਵਾਲ , ਮੀਤ ਪ੍ਰਧਾਨ ਗੁਰਨਾਮ ਸਿੰਘ ਧਾਲੀਵਾਲ ਅਤੇ ਮੇਲਾ ਕੰਟਰੋਲਰ ਸ੍ਰੀ ਰਾਜੀਵ ਲਵਲੀ ਨੇ ਕਿਹਾ ਇਹ ਨਿਰੋਲ ਸਭਿਆਚਾਰਕ ਮੇਲਾ ਲੁਧਿਆਣਾ ਵਿਚ ਸਵ. ਜਗਦੇਵ ਸਿੰਘ ਜੱਸੋਵਾਲ ਦੀ ਯਾਦ ਵਿਚ ਲਗਾਇਆ ਗਿਆ ਜਿਸ ਲਈ ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਫ਼ਾਊਡੇਂਸ਼ਨ ਦਾ ਅਮਰਿੰਦਰ ਸਿੰਘ ਜੱਸੋਵਾਲ ਨੂੰ ਪ੍ਰਧਾਨ ਥਾਪਿਆ ਗਿਆ ਅਤੇ ਅਹੁਦੇਦਾਰਾਂ ਦੀ ਨਿਯੁਕਤੀ ਦੇ ਅਧਿਕਾਰ ਸੌਂਪੇ। ਇਸ ਮੌਕੇ ਐਲਾਨ ਕੀਤਾ ਗਿਆ ਕਿ ਅਗਲਾ ਪ੍ਰੋ. ਮੋਹਨ ਸਿੰਘ ਮੇਲਾ ਦਸੰਬਰ 2017 ਦੇ ਦੂਜੇ ਪਖਵਾੜੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋਂ ਵਿਖੇ ਆਯੋਜਿਤ ਕੀਤਾ ਜਾਵੇਗਾ।