ਯੂਥ ਲੀਡਰਸ਼ਿਪ ਕੈਂਪ ਵਿੱਚ ਸੁਖਾਨੰਦ ਦੀਆਂ ਵਿਦਿਆਰਥਣਾਂ ਅਤੇ ਅਧਿਆਪਕ ਸਨਮਾਨਿਤ
ਸੁਖਾਨੰਦ,20 ਅਕਤੂਬਰ (ਜਸ਼ਨ)-ਡਾਇਰੈਕਟੋਰੈਟ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਦੇ ਸ਼ਹਿਰ ਨੱਗਰ ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੇ ਪੋਸਟ ਗ੍ਰੈਜੂਏਟ ਵਿਭਾਗ ਦੀਆਂ ਵਿਦਿਆਰਥਣਾਂ ਗੁਰਪ੍ਰੀਤ ਕੌਰ, ਮਨਦੀਪ ਕੌਰ ਅਤੇ ਵੀਰਪਾਲ ਕੌਰ ਨੇ ਆਪਣੇ ਇੰਚਾਰਜ, ਸਹਾਇਕ ਪ੍ਰੋਫ਼ੈਸਰ ਪਾਇਲ ਭਾਰਤੀ ਦੀ ਅਗਵਾਈ ਹੇਠ ਭਾਗ ਲਿਆ। ਜਾਣਕਾਰੀ ਦਿੰਦੇ ਹੋਏ ਕਾਲਜ ਪਿ੍ਰੰਸੀਪਲ ਡਾ.ਸੁਖਵਿੰਦਰ ਕੌਰ ਨੇ ਦੱਸਿਆ ਕਿ ਮੋਗਾ ਜ਼ਿਲੇ ਵਿੱਚੋਂ ਕੁਲ ਅੱਠ ਵਿਦਿਆਰਥੀ ਹੀ ਕੈਂਪ ਵਿੱਚ ਪਹੁੰਚੇ ਸਨ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਵਿਦਿਆਰਥਣਾਂ ਦੇ ਮਨੋਬਲ ਨੂੰ ਉੱਚਾ ਕਰਨ ਹਿੱਤ ਵੱਖ-ਵੱਖ ਤਰਾਂ ਦੇ ਮੁਕਾਬਲੇ ਕਰਵਾਏ ਗਏ।
ਭੰਗੜਾ ਮੁਕਾਬਲੇ ਵਿੱਚ ਮੋਗਾ ਜ਼ਿਲੇ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਬਿਨਾਂ ਕੈਂਪ ਵਿੱਚ ਪੀ.ਟੀ. ਮੁਕਾਬਲੇ, ਗਰੁੱਪ ਡਾਂਸ ਅਤੇ ਵਾਦ-ਵਿਵਾਦ ਮੁਕਾਬਲੇ ਵੀ ਕਰਵਾਏ ਗਏ। ਕੈਂਪ ਦੀ ਖਿੱਚ ਦਾ ਮੁੱਖ ਕੇਂਦਰ ਹਾਈਕਿੰਗ-ਟੈ੍ਰਕਿੰਗ ਸੀ, ਜਿਸ ਦਾ ਸਾਰਿਆਂ ਨੇ ਖ਼ੂਬ ਆਨੰਦ ਲਿਆ। ਮੋਗਾ ਜ਼ਿਲੇ ਵਿੱਚੋਂ ਟੀਚਰ ਇੰਚਾਰਜ ਵਜੋਂ ਅਗਵਾਈ ਸੁਖਾਨੰਦ ਕਾਲਜ ਦੇ ਸਹਾਇਕ ਪ੍ਰੋਫ਼ੈਸਰ ਪਾਇਲ ਭਾਰਤੀ (ਕਾਮਰਸ ਅਤੇ ਮੈਨੇਜਮੈਂਟ ਵਿਭਾਗ) ਨੇ ਕੀਤੀ। ਮਾਣ ਦੀ ਗੱਲ ਇਹ ਰਹੀ ਕਿ ਸੁਖਾਨੰਦ ਕਾਲਜ ਦੀਆਂ ਤਿੰਨ ਵਿਦਿਆਰਥਣਾਂ ਨੂੰ ਸਰਵਉੱਤਮ ਪੀ.ਟੀ. ਐਵਾਰਡ ਅਤੇ ਸਹਾਇਕ ਪ੍ਰੋਫ਼ੈਸਰ ਪਾਇਲ ਭਾਰਤੀ ਨੂੰ ਐਨਰਜਿਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕੈਂਪ ਦੀ ਸਫ਼ਲਤਾ ਤੋਂ ਬਾਅਦ ਕਾਲਜ ਪਹੁੰਚਣ ’ਤੇ ਵਿਦਿਆਰਥਣਾਂ ਅਤੇ ਇੰਚਾਰਜ ਪ੍ਰੋਫ਼ੈਸਰ ਸਾਹਿਬਾਨ ਨੂੰ ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ ਅਤੇ ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ ਵੱਲੋਂ ਮੁਬਾਰਕਾਂ ਦੇ ਕੇ ਉਤਸ਼ਾਹਿਤ ਕੀਤਾ ਗਿਆ।