ਕਸਬਾ ਸਮਾਲਸਰ ਦੇ ਮੁੱਖ ਬਾਜ਼ਾਰ ’ਚ ਦਿਨੋਂ-ਦਿਨੀਂ ਵੱਧ ਰਹੀ ਹੈ ਟਰੈਫਿਕ ਸਮੱਸਿਆ,ਪ੍ਰਸ਼ਾਸ਼ਨ ਬੇਖਬਰ,ਲੋਕ ਪਰੇਸ਼ਾਨ

ਬਾਘਾਪੁਰਾਣਾ/ਸਮਾਲਸਰ, 18 ਅਕਤੂਬਰ (ਜਸਵੰਤ ਗਿੱਲ)-ਭਾਵੇਂ ਸਬ ਤਹਿਸੀਲ ਦਾ ਦਰਜਾ ਪ੍ਰਾਪਤ ਕਰ ਚੁੱਕਿਆ ਕਸਬਾ ਸਮਾਲਸਰ ਆਪਣੀ ਰਫਤਾਰ ਨਾਲ ਛੋਟੇ ਸ਼ਹਿਰਾਂ ਵਾਂਗ ਕਾਫੀ ਵਿਕਸਿਤ ਹੋ ਰਿਹਾ ਹੈ ਅਤੇ ਹਾਈਵੇ ‘ਤੇ ਸਥਿਤ ਹੋਣ ਕਰਕੇ ਸੜਕ ਦੇ ਦੋਵੇਂ ਪਾਸੇ ਕਸਬੇ ਦਾ ਬਜ਼ਾਰ ਵੀ ਕਾਫੀ ਫੈਲਿਆ ਹੋਇਆ ਹੈ ਪਰ    ਦੂਸਰੇ ਸ਼ਹਿਰਾਂ ਵਾਂਗ ਇੱਥੇ ਵੀ ਟਰੈਫਿਕ ਦੀ ਗੰਭੀਰ ਸਮੱਸਿਆ ਨੇ ਆਪਣਾ ਭਿਆਨਕ ਰੂਪ ਧਾਰਨ ਕਰ ਲਿਆ ਹੈ ਅਤੇ ਆਏ ਦਿਨ ਹੀ ਕਿਸੇ ਨਾ ਕਿਸੇ ਰਾਹਗੀਰ ਨੂੰ ਟਰੈਫਿਕ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ।  ਕਸਬੇ ਅੰਦਰ ਬਹੁਤ ਸਾਰੇ ਦੁਕਾਨਦਾਰਾਂ ਨੇ ਸੜਕ ਦੇ ਦੋਵਾਂ ਪਾਸਿਆਂ ‘ਤੇ ਆਪਣੀਆਂ ਦੁਕਾਨਾਂ ਮੂਹਰੇ ਨਜਾਇਜ਼ ਕਬਜ਼ੇ ਕਰ ਰੱਖੇ ਹਨ ਜਿਸ ਨਾਲ ਟਰੈਫਿਕ ਦੀ ਸਮੱਸਿਆ ਦਿਨੋਂ-ਦਿਨ ਵਿਕਰਾਲ ਹੁੰਦੀ ਜਾ ਰਹੀ ਹੈ ਪਰ ਇਸ ਦੇ ਉਲਟ ਪ੍ਰਸ਼ਾਸ਼ਨ ਇਸ ਗੱਲ ਤੋਂ ਬੇਖਬਰ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਇਸ ਸਮੱਸਿਆ ਨਾਲ ਆਮ ਲੋਕ ਅਤੇ ਰਾਹਗੀਰ ਬੇਹੱਦ ਦੁੱਖੀ ਹਨ। ਕੁਝ ਸਮਾਂ ਪਹਿਲਾਂ ਥਾਣਾ ਸਮਾਲਸਰ ਵਿਖੇ ਡਿਊਟੀ ਨਿਭਾ ਚੁੱਕੇ ਇੰਸਪੈਕਟਰ ਗੁਰਮੀਤ ਸਿੰਘ ਸੰਧੂ ਨੇ ਬੜੀ ਸਖਤੀ ਨਾਲ ਨਜਾਇਜ਼ ਕਬਜ਼ੇ ਕਰਕੇ ਬੈਠੇ ਦੁਕਾਨਦਾਰਾਂ ਖਿਲਾਫ ਐਕਸ਼ਨ ਲੈ ਕੇ ਸੜਕ ਕਿਨਾਰੇ ਪਏ ਸਮਾਨ ਨੂੰ ਜ਼ਬਤ ਕਰਨਾ ਸ਼ੁਰੂ ਕਰ ਦਿੱਤਾ ਸੀ,ਜਿਸ ਨਾਲ ਡਰ ਦੇ ਮਾਰੇ ਦੁਕਾਨਦਾਰ ਆਪਣਾ ਸਮਾਨ ਸੜਕ ‘ਤੇ ਰੱਖਣੋਂ ਹੱਟ ਗਏ ਸਨ ਅਤੇ ਟਰੈਫਿਕ ਦੀ ਸਮੱਸਿਆ ਹੱਲ ਹੋ ਗਈ ਸੀ,ਲੇਕਿਨ ਜਿਉਂ ਹੀ ਇੰਸਪੈਕਟਰ ਗੁਰਮੀਤ ਸਿੰਘ ਸੰਧੂ ਦੀ ਥਾਣਾ ਸਮਾਲਸਰ ਤੋਂ ਬਦਲੀ ਹੋਈ ਤਾਂ ਨਵੇਂ ਆਏ ਥਾਣਾ ਮੁੱਖੀ ਨੇ ਇਸ ਸਮੱਸਿਆ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਤੇ ਨਾ ਹੀ ਸੰਧੂ ਵਲੋਂ ਹੱਲ ਕੀਤੀ ਟਰੈਫਿਕ ਦੀ ਸਮੱਸਿਆ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ ਹੀ ਕੀਤੀ ਅਤੇ ਦੁਕਾਨਦਾਰਾਂ ਨੇ ਫਿਰ ਤੋਂ ਆਪਣਾ ਸਮਾਨ ਸੜਕ ਦੇ ਕਿਨਾਰਿਆ ‘ਤੇ ਰੱਖਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਟਰੈਫਿਕ ਦੀ ਸਮੱਸਿਆ ਮੁੜ ਖੜੀ ਹੋ ਗਈ ਤੇ ਹੁਣ ਲੋਕਾਂ ਦਾ ਸੜਕ ਪਾਰ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਇੰਝ ਲੱਗਦਾ ਹੈ ਜਿਵੇਂ ਨਜਾਇਜ਼ ਕਬਜ਼ੇ ਕਰਨਾ ਲੋਕਾਂ ਨੇ ਆਪਣਾ ਹੱਕ ਸਮਝ ਲਿਆ ਹੈ। ਇਸ ਵੇਲੇ ਕਸਬਾ ਸਮਾਲਸਰ ਦੇ ਮੁੱਖ ਬਜ਼ਾਰ ਦੇ ਦੋਵੇਂ ਪਾਸੇ ਨਜਾਇਜ਼ ਕਬਜ਼ਿਆਂ ਦੀ ਭਰਮਾਰ ਹੈ ਜਿਸ ਵਜ੍ਹਾ ਨਾਲ ਬਜ਼ਾਰ ਵਿੱਚ ਖਰੀਦਦਾਰੀ ਕਰਨ ਦੇ ਮਕਸਦ ਨਾਲ ਆਏ ਲੋਕਾਂ ਦੇ ਵਹੀਕਲ ਸੜਕ ਉਪਰ ਖੜੇ ਰਹਿੰਦੇ ਹਨ। ਕਈ ਵਾਰੀ ਤਾਂ ਸੜਕ ‘ਤੇ ਖੜੇ ਵਾਹਨਾਂ ਕਾਰਨ ਵੱਡਾ ਜਾਮ ਲੱਗ ਜਾਂਦਾ ਹੈ ਤੇ ਸਥਿਤੀ ਕਿਸੇ ਵੱਡੇ ਸ਼ਹਿਰ ਦੀ ਗੰਭੀਰ ਟਰੈਫਿਕ ਸਮੱਸਿਆ ਵਰਗੀ ਬਣ ਜਾਂਦੀ ਹੈ।ਇਸ ਸਮੱਸਿਆ ਕਾਰਨ ਜ਼ਿਆਦਾ ਮੁਸ਼ਕਿਲ ਹਾਈਵੇ ‘ਤੇ ਲੰਮਾ ਸਫਰ ਕਰ ਰਹੇ ਲੋਕਾਂ ਨੂੰ ਆ ਰਹੀ ਹੈ ਜਿਨ੍ਹਾਂ ਦਾ ਕੀਮਤੀ ਸਮਾਂ ਟਰੈਫਿਕ ਕਾਰਨ ਬਰਬਾਦ ਹੋ ਰਿਹਾ ਹੈ ।
ਪੁਲਿਸ ਕਰੇ ਸਖਤੀ ਤਾਂ ਹੱਲ ਹੋ ਜਾਵੇਗੀ ਸਮੱਸਿਆ- ਕਲਸੀ
ਮਾਰਕੀਟ ਕਮੇਟੀ ਸਮਾਲਸਰ ਦੇ ਪ੍ਰਧਾਨ ਅਮਰਜੀਤ ਕਲਸੀ ਨੇ ਕਿਹਾ ਕਿ ਪੁਲਿਸ ਦੀ ਸਖਤੀ ਨਾਲ ਇਸ ਅਤੀ ਗੰਭੀਰ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ, ਜਿਸ ਦਾ ਨਮੂਨਾ ਕੁਝ ਮਹੀਨੇ ਪਹਿਲਾਂ ਸਾਰੇ ਦੇਖ ਚੁੱਕੇ ਹਨ। ਦੋਵੇਂ ਪਾਸੇ ਸੜਕ ‘ਤੇ ਕੀਤੇ ਨਜਾਇਜ਼ ਕਬਜ਼ਿਆਂ ਕਾਰਨ ਹੀ ਕਈ ਵਾਰ ਵੱਡੇ ਹਾਦਸੇ ਵਾਪਰ ਚੁੱਕੇ ਹਨ। ਅੱਜ ਵੀ ਮੁੱਖ ਬਾਜਾਰ ਵਿੱਚ ਅਤੇ ਲੰਡਿਆਂ ਵਾਲੇ ਮੋੜ ‘ਤੇ ਦੋ ਹਾਦਸੇ ਹੋਏ ਹਨ। ਇਸ ਕਰਕੇ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਦੁਕਾਨਦਾਰ ਕਾਨੂੰਨ ਨੂੰ ਟਿੱਚ ਜਾਣਦੇ ਹਨ ਉਨ੍ਹਾਂ ਨਾਲ ਸਖਤੀ ਨਾਲ ਨਿਪਟਿਆ ਜਾਵੇ।
ਆਮ ਲੋਕ ਵੀ ਨੇ ਟਰੈਫਿਕ ਕਾਰਨ ਪਰੇਸ਼ਾਨ
ਬਜ਼ਾਰ ਵਿੱਚ ਘੁੰਮ ਰਹੇ ਆਮ ਲੋਕਾਂ ਨੇ ਦੱਸਿਆ ਕਿ ਟਰੈਫਿਕ ਦੀ ਸਮੱਸਿਆ ਕਾਰਨ ਬੱਚਿਆਂ,ਬਜੁਰਗਾਂ,ਔਰਤਾਂ ਤੇ ਬਿਮਾਰ ਵਿਅਕਤੀਆਂ ਨੂੰ ਜਿਆਦਾ ਮੁਸ਼ਕਿਲ ਆ ਰਹੀ ਹੈ। ਦੁਪਹਿਆ ਵਾਹਨ ਸਾਈਕਲ, ਮੋਟਰਸਾਈਕਲ, ਸਕੂਟਰ,ਸਕੂਟੀ ਆਦਿ ਲੈ ਕੇ ਬਜ਼ਾਰ ਵਿੱਚ ਚੱਲਣਾ ਆਸਾਨ ਨਹੀਂ ਹੈ,ਕਿਉਂਕਿ ਵੱਡੇ ਵਾਹਨਾਂ ਵਾਲੇ ਬੜੀ ਤੇਜ਼ੀ ਨਾਲ ਬਜ਼ਾਰ ਵਿੱਚ ਦੀ ਲੰਘਦੇ ਹਨ ਅਜਿਹੇ ਵਿੱਚ ਆਪਣਾ ਛੋਟਾ ਵਹੀਕਲ ਸੜਕ ਤੋਂ ਥੱਲੇ ਕਰਨ ਲਈ ਜਗ੍ਹਾ ਹੀ ਨਹੀਂ ਹੁੰਦੀ। ਇਸ ਵਜ੍ਹਾ ਨਾਲ ਹੀ ਲਗਾਤਾਰ ਨਿੱਕੇ ਵੱਡੇ ਹਾਦਸੇ ਵਾਪਰ ਰਹੇ ਹਨ। ਆਮ ਲੋਕਾਂ ਨੇ ਸਰਕਾਰ ਅਤੇ ਉੱਚ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਗੁਰਮੀਤ ਸਿੰਘ ਸੰਧੂ ਵਰਗੇ ਸਖਤ ਅਫਸਰ ਦੀ ਸਮਾਲਸਰ ਥਾਣੇ ਨੂੰ ਜਰੂਰਤ ਹੈ ਤਾਂ ਜੋ ਸਮਾਲਸਰ ਵਿੱਚ ਪੈਦਾ ਹੋਈਆਂ ਅਨੇਕਾਂ ਸਮੱਸਿਆਵਾਂ ਦਾ ਹੱਲ ਹੋ ਸਕੇ।
ਆਟੋ ਵਾਲੇ ਸੜਕ ‘ਤੇ ਵਾਹਨ ਖੜ੍ਹੇ ਕਰਕੇ ਉਡੀਕਦੇ ਨੇ ਸਵਾਰੀਆਂ ਨੂੰ
ਰਿਕਸ਼ੇ,ਈ-ਰਿਕਸ਼ੇ ਅਤੇ ਆਟੋ ਵਾਲੇ ਸੜਕ ‘ਤੇ ਆਪਣੇ ਵਾਹਨ ਖੜ੍ਹੇ ਕਰਕੇ ਬੱਸਾਂ ਤੋਂ ਉਤਰਨ ਵਾਲੀਆਂ ਸਵਾਰੀਆਂ ਨੂੰ ਅਵਾਜ਼ਾ ਮਾਰਦੇ ਹਨ ਜਿਸ ਨਾਲ ਟਰੈਫਿਕ ਦੀ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ। ਲੋਕਾਂ ਨੇ ਦੱਸਿਆ ਕਿ ਇਨ੍ਹਾਂ ਕੋਲ ਕੋਈ ਜਗ੍ਹਾਂ ਨਹੀਂ ਹੈ ਜਿੱਥੇ ਇਹ ਆਪਣੇ ਵੀਕਲ ਖੜ੍ਹੇ ਕਰ ਸਕਣ,ਪਰ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਪੁਰਾਣੇ ਇੰਸਪੈਕਟਰ ਗੁਰਮੀਤ ਸਿੰਘ ਸੰਧੂ ਨੇ ਇਨ੍ਹਾਂ ਨੂੰ ਆਪਣੇ ਵਹੀਕਲ ਲਾਉਣ ਲਈ ਟੈਕਸੀ ਸਟੈਡ ਵਿੱਚ ਜਗ੍ਹਾ ਦਵਾ ਦਿੱਤੀ ਸੀ ਪਰ ਉਨ੍ਹਾਂ ਦੀ ਬਦਲੀ ਤੋਂ ਬਾਅਦ ਇਨ੍ਹਾਂ ਨੇ ਫਿਰ ਤੋਂ ਆਪਣੇ ਵਾਹਨ ਸੜਕਾਂ ‘ਤੇ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ।