ਜੀ.ਐਸ.ਟੀ. ਕਾਰਨ ਦੀਵਾਲੀ ’ਤੇ ਲੋਕਾਂ ਦਾ ਨਿਕਲਿਆ ਦੀਵਾਲਾ, ਲੋਕਾਂ ’ਚ ਭਾਰੀ ਰੋਸ : ਸੁਖਚੈਨ ਰਾਮੂੰਵਾਲੀਆ

ਮੋਗਾ,18 ਅਕਤੂਬਰ (ਜਸ਼ਨ)-ਲੋਕਾਂ ਨੇ ਉਤਸ਼ਾਹ ਨਾਲ ਮੋਦੀ ਸਰਕਾਰ ਨੂੰ ਚੁਣਿਆ ਸੀ ਕਿ ਉਨਾਂ ਦੀ ਕਿਸਮਤ ਬਦਲ ਜਾਵੇਗੀ, ਚੰਗੇ ਦਿਨ ਆ ਜਾਣਗੇ, ਪਰ ਅਜਿਹਾ ਕੁਝ ਨਹੀਂ ਹੋਇਆ। ਸਾਰੇ ਵਪਾਰ ਮੰਦੀ ਦੇ ਸੰਕਟ ਵਿਚੋਂ ਗੁਜ਼ਰ ਰਹੇ ਹਨ। ਇਨਾ ਮੰਦਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ, ਜਿਨਾਂ ਹੁਣ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਵਰਨਕਾਰ ਸੰਘ ਅਤੇ ਵਿਕਾਸ ਮਿਸ਼ਨ ਵੈਲਫੇਅਰ ਸੁਸਾਇਟੀ ਦੇ ਆਗੂ ਸੁਖਚੈਨ ਸਿੰਘ ਰਾਮੂੰਵਾਲੀਆ ਨੇ ‘ਸਾਡਾ ਮੋਗਾ ਡੌਟ ਕੌਮ ’ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਸਰਕਾਰ ਨੇ ਰੋਟੀ, ਕੱਪੜਾ ਅਤੇ ਮਕਾਨ ’ਤੇ ਵੱਡਾ ਹਮਲਾ ਕੀਤਾ ਹੈ, ਜਿਸ ਨਾਲ ਛੋਟੇ ਕਾਰੋਬਾਰ ਖਤਮ ਹੋਣ ਕਿਨਾਰੇ ਹਨ। ਆਮ ਲੋਕਾਂ ਨੂੰ ਭਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਤਿਉਹਾਰਾਂ ਦੇ ਬਾਵਜੂਦ ਵੀ ਬਾਜ਼ਾਰ ਵਿਹਲੇ ਪਏ ਹਨ। ਉਨਾਂ ਕਿਹਾ ਕਿ ਮੰਦੀ ਦਾ ਵੱਡਾ ਕਾਰਨ ਪਹਿਲਾਂ ਕੇਂਦਰ ਸਰਕਾਰ ਵੱਲੋਂ ਬਿਨਾਂ ਤਿਆਰੀ ਤੋਂ ਨੋਟਬੰਦੀ ਲਾਗੂ ਕਰਨਾ ਤੇ ਉੱਪਰੋਂ ਜਲਦਬਾਜ਼ੀ ਵਿਚ ਬਿਨਾਂ ਜੀ.ਐਸ.ਟੀ. ਨੰਬਰ ਦਿੱਤਿਆ ਅਤੇ ਬਿਨਾਂ ਜਾਣਕਾਰੀ ਮੁਹੱਈਆ ਲਾਗੂ ਕਰਨਾ, ਸਾਰੇ ਵਰਗਾਂ ਲਈ ਘਾਤਕ ਸਿੱਧ ਹੋਇਆ ਹੈ। ਉਨਾਂ ਕਿਹਾ ਕਿ ਜੀ ਐਸ ਟੀ ਹੁਣ ਤੱਕ ਦਾ ਸਭ ਤੋਂ ਵੱਡਾ ਕਾਲਾ ਕਾਨੂੰਨ ਸਿੱਧ ਹੋਇਆ ਹੈ, ਜਿਸ ਨਾਲ ਸਾਰੇ ਕਾਰੋਬਾਰਾਂ ਵਿਚ ਗਿਰਾਵਟ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਇਸ ਨਾਦਰਸ਼ਾਹੀ ਫੁਰਮਾਨ ਨਾਲ ਆਮ ਜਨਤਾ ਵਿਚ ਰੋਸ ਵੱਧਦਾ ਜਾ ਰਿਹਾ ਹੈ, ਹਰ ਚੀਜ਼ ਤੇ ਇੰਨਾ ਟੈਕਸ ਲਗਾ ਦਿੱਤਾ ਗਿਆ ਹੈ ਕਿ ਲੋਕ ਟੈਕਸ ਭਰਨ ਜਾਂ ਪਰਿਵਾਰ ਪਾਲਣ। ਉਨਾਂ ਕਿਹਾ ਕਿ ਸਰਕਾਰ ਨੂੰ ਤਾਨਾਸ਼ਾਹੀ ਫੈਸਲੇ ਨਾ ਲੈ ਕੇ ਜਨਤਾ ਦੇ ਹਿੱਤ ਵਿਚ ਫੈਸਲੇ ਲੈਣੇ ਚਾਹੀਦੇ ਹਨ।