ਦੀਵਾਲੀ ਮੌਕੇ ਆਓ ਮੁੜ ਚੱਲੀਏ ਵਿਰਾਸਤ ਵੱਲ,ਮਿੱਟੀ ਦੇ ਦੀਵੇ ਬਾਲੀਏ ਤਾਂ ਕਿ ਮੁਹੱਬਤਾਂ ਦੇ ਚਿਰਾਗ ਸਾਡੇ ਮਨਾਂ ਨੂੰ ਰੌਸ਼ਨ ਕਰਨ
ਮੋਗਾ/ ਨਿਹਾਲ ਸਿੰਘ ਵਾਲਾ,18 ਅਕਤੂਬਰ (ਜਸ਼ਨ)- ਦੀਵਾਲੀ ਖੁਸ਼ੀਆਂ ਸਾਂਝੀਆਂ ਕਰਨ ਵਾਲਾ ਤਿਉਹਾਰ ਹੈ ਜਦੋਂ ਹਰ ਧਰਮ ਅਤੇ ਫਿਰਕੇ ਦੇ ਲੋਕ ਮਨਾਂ ਨੂੰ ਰੌਸ਼ਨ ਕਰਨ ਲਈ ਦੀਵਾਲੀ ਰੁਸ਼ਨਾਉਂਦੇ ਹਨ ਪਰ ਅਸੀਂ ਅਕਸਰ ਭੁੱਲ ਜਾਂਦੇ ਹਾਂ ਕਿ ਘਰਾਂ ਦੀ ਸਫਾਈ ਦੇ ਨਾਲ ਨਾਲ ਮਨਾਂ ਵਿਚ ਬੀਤੇ ਸਮੇਂ ਦੀ ਕੜਵਾਹਟ ਅਤੇ ਨਾਂਹ-ਪੱਖੀ ਵਿਚਾਰਾਂ ਨੂੰ ਤਿਆਗਦਿਆਂ ਸਕਾਰਾਤਮਕ ਸੋਚ ਦੇ ਧਾਰਨੀ ਬਣਨ ਦੀ ਲੋੜ ਹੈ।
ਦੀਵਾਲੀ ਦੇ ਸ਼ੁੱਭ ਮੌਕੇ ’ਤੇ ਇੰਜਨੀਅਰ ਜਤਿੰਦਰ ਗਰਗ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਧ ਰਹੇ ਪ੍ਰਦੂਸ਼ਨ ਨੂੰ ਰੋਕਣ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਖੁਦ ਹਰੀ ਦੀਵਾਲੀ ਮਨਾ ਕੇ ਦੂਜਿਆਂ ਨੂੰ ਵੀ ਗਰੀਨ ਦਿਵਾਲੀ ਮਨਾਉਣ ਲਈ ਪ੍ਰੇਰਤ ਕਰਨਾ ਚਾਹੀਦਾ ਹੈ। ਦੀਵਾਲੀ ਨੂੰ ਖੁਸ਼ੀਆਂ ਦਾ ਤਿਉਹਾਰ ਰੱਖਣ ਲਈ ਧੂੰਏ ਵਾਲੇ ਪਟਾਕਿਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਪਿ੍ਰੰਸੀਪਲ ਹਰਸਿਮਰਨ ਰੰਧਾਵਾ ਨੇ ਕਿਹਾ ਕਿ ਦੀਵਾਲੀ ਖਾਸ ਤੌਰ ਤੇ ਬੱਚਿਆਂ ਦਾ ਤਿਉਹਾਰ ਹੈ ਦੀਵਾਲੀ ਅੱਜ ਕੱਲ ਮਿਲਾਵਟੀ ਹੋ ਗਈ ਹੈ। ਮਠਿਆਈ ਵੀ ਮਿਲਾਵਟੀ ਆ ਰਹੀ ਹੈ ਅਤੇ ਪਟਾਕੇ ਪ੍ਰਦੂਸ਼ਨ ਫੈਲਾ ਰਹੇ ਹਨ। ਬੱਚਿਆਂ ਨੂੰ ਸਮਝਣ ਦੀ ਲੋੜ ਹੈ ਅਤੇ ਸਾਨੂੰ ਸਾਦਗੀ ਨਾਲ ਦੇਸੀ ਖਾਣ ਪੀਣ ਕਰਨਾ ਚਾਹੀਦਾ ਹੈ ਤਾਂ ਕਿ ਸਿਹਤ ਬਚ ਸਕੇ।
ਸੁਨੀਤਾ ਰਾਣੀ ਗਿੱਲ ਨੇ ਦੀਵਾਲੀ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਅਿਾਂ ਕਿਹਾ ਕਿ ਦੀਵਾਲੀ ਦੀਵੇ ਬਾਲਣ ਦਾ ਤਿਉਹਾਰ ਹੈ। ਦੀਵਾਲੀ ਦੇ ਦੀਵੇ ਮੋਹ ਮੁਹੱਬਤ ਵਧਾਉਣ ਤੇ ਹਨੇਰ ਦੂਰ ਕਰਨ ਦਾ ਨਾਮ ਹੈ। ਸਾਨੂੰ ਖੁਸ਼ੀ ਖੁਸ਼ੀ ਦੀਵਾਲੀ ਦਾ ਤਿਉਹਾਰ ਮਨਾਉਣਾ ਚਾਹੀਦਾ। ਮਨਾਂ ਚੋਂ ਆਪਸੀ ਰੰਜਿਸ਼ ਕੱਢਣੀ ਚਾਹੀਦੀ ਹੈ।
ਕਲਾਕਾਰ ਅਤੇ ਉੱਘੇ ਲੇਖਕ ਰਾਜਵਿੰਦਰ ਰੌਂਤਾ ਨੇ ਕਿਹਾ ਕਿ ਦੀਵਾਲੀ ਆਪਸੀ ਸਾਂਝ ,ਖੁਸ਼ੀ ਤੇ ਮੋਹ ਪਿਆਰ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਸਾਨੂੰ ਚਾਈਨੀਜ਼ ਲੜੀਆਂ ਅਤੇ ਪ੍ਰਦੂਸ਼ਣ ਫੈਲਾਉਂਦੀਆਂ ਮੋਮਬੱਤੀਆਂ ਛੱਡ ਕੇ ਮਿੱਟੀ ਦੇ ਦੀਵੇ ਬਾਲਣੇ ਚਾਹੀਦੇ ਹਨ ਤਾਂ ਜੋ ਦੀਵੇ ਬਣਾਉਣ ਵਾਲਿਆਂ ਦੇ ਮੂੰਹ ’ਤੇ ਵੀ ਖੁਸ਼ੀ ਆ ਸਕੇ ਤੇ ਦਿਵਾਲੀ ਮਨਾਉਣ ਜੋਗੇ ਹੋ ਸਕਣ।
ਅਮਰਜੀਤ ਧਾਲੀਵਾਲ ਨੇ ਵੀ ਦੀਵਾਲੀ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਦਿਵਾਲੀ ’ਤੇ ਫ਼ਜੂਲ ਖਰਚੀ ਤੇ ਧੂਮ ਧੜੱਕਾ ਕਰਨ ਦੀ ਬਜਾਏ ਦੀਵਾਲੀ ਸਾਦਗੀ ਨਾਲ ਮਨਾਉਣੀ ਚਾਹੀਦੀ ਹੈ ਇਸ ਦਿਨ ਦਾਨ ਪੁੰਨ ਕਰਕੇ ਉਦਾਸ ਅਤੇ ਖਾਮੋਸ਼ ਚਿਹਰਿਆਂ ਨੂੰ ਹੈਪੀ ਦੀਵਾਲੀ ਕਹਿਣਾ ਚਾਹੀਦਾ ਹੈ ਤਾਂ ਕਿ ਉਹ ਵੀ ਦੀਵਾਲੀ ਦੇ ਅਰਥ ਜਾਣ ਸਕਣ।
ਗੁਰਚਰਨ ਸਿੰਘ ਪੱਬਾਰਾਲੀ ਨੇ ਵੀ ਆਪਣੇ ਸੁਹਿਰਦ ਵਿਚਾਰਾਂ ਨੂੰ ਪ੍ਰਗਟ ਕਰਦਿਆਂ ਕਿਹਾ ਕਿ ਦੀਵਾਲੀ ਸਿਰਫ਼ ਠੂਹ ਠੂਹ ਠਾਹ ਦਾ ਹੀ ਨਾਮ ਨਹੀਂ ਸਾਨੂੰ ਸਾਹਿਤ ਵੱਲ ਜੁੜਨ ਦੀ ਲੋੜ ਹੈ ਤਾਂ ਕਿ ਅਸੀਂ ਆਪਣੇ ਮਹਾਨ ਵਿਰਾਸਤ ਅਤੇ ਇਤਿਹਾਸ ਸਬੰਧੀ ਜਾਣਕਾਰੀ ਹਾਸਲ ਕਰ ਸਕੀਏ। ਉਹਨਾਂ ਕਿਹਾ ਕਿ ਪਟਾਕਿਆਂ ਆਦਿ ਤੇ ਖਰਚਣ ਵਾਲੇ ਪੈਸਿਆਂ ਚੋਂ ਕਿਤਾਬਾਂ ਲਈ ਵੀ ਪੈਸੇ ਖਰਚਣੇ ਚਾਹੀਦੇ ਹਨ । ਉਹਨਾਂ ਕਿਹਾ ਕਿ ਪਟਾਕੇ ਘੱਟ ਧੂੰਏ ਤੇ ਥੋੜੀ ਅਵਾਜ਼ ਵਾਲੇ ਹੋਣ ਤਾਂ ਜੋ ਕਿਸੇ ਦੀ ਪਰੇਸ਼ਾਨੀ ਦਾ ਸਬੱਬ ਨਾ ਬਣਨ ।