ਪੰਜਾਬ ਰੋਡਵੇਜ਼ ਮੋਗਾ ਦੀ ਵਰਕਸ਼ਾਪ ਦੇ ਅੰਦਰੋਂ ਭਾਰੀ ਮਾਤਰਾ ਵਿੱਚ ਮਿਲਿਆ ਡੇਂਗੂ ਦਾ ਲਾਰਵਾ
*ਸਿਹਤ ਵਿਭਾਗ ਦੀ ਟੀਮ ਨੇ ਨਸ਼ਟ ਕੀਤਾ ਲਾਰਵਾ, ਸਾਰੀ ਬਿਲਡਿੰਗ ਅੰਦਰ ਕੀਤੀ ਸਪਰੇਅ
ਮੋਗਾ, 17 ਅਕਤੂਬਰ (ਜਸ਼ਨ) -ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਬੱਸ ਸਟੈਂਡ ਮੋਗਾ ਦੇ ਅੰਦਰ ਸਥਿਤ ਰੋਡਵੇਜ਼ ਵਰਕਸ਼ਾਪ ਦੀ ਡੇਂਗੂ ਲਾਰਵਾ ਦੇ ਸਬੰਧ ਵਿੱਚ ਜਾਂਚ ਕੀਤੀ ਗਈ । ਜਾਂਚ ਦੌਰਾਨ ਵਰਕਸ਼ਾਪ ਦੇ ਅੰਦਰ ਬਹੁਤ ਸਾਰੀਆਂ ਥਾਵਾਂ ਤੇ ਪਾਣੀ ਦਾ ਜਮਾਵੜਾ ਮਿਲਿਆ, ਜਿਸ ਵਿੱਚ ਡੇਂਗੂ ਦਾ ਲਾਰਵਾ ਬਹੁਤ ਵੱਡੀ ਪੱਧਰ ਤੇ ਮਿਲਿਆ । ਇਸ ਤੋਂ ਇਲਾਵਾ ਵਰਕਸ਼ਾਪ ਦੇ ਅੰਦਰ ਪਏ ਲਗਭਗ 2000 ਬੇਕਾਰ ਟਾਇਰਾਂ ਦੇ ਅੰਦਰ ਵੀ ਬਹੁਤ ਵੱਡੀ ਮਾਤਰਾ ਵਿੱਚ ਡੇਂਗੂ ਦਾ ਲਾਰਵਾ ਮਿਲਿਆ । ਸਿਹਤ ਵਿਭਾਗ ਦੀ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਰੋਡਵੇਜ਼ ਦੇ ਬਹੁਤ ਸਾਰੇ ਟੈਕਨੀਕਲ ਕਾਮੇ ਇਨੀ ਦਿਨੀ ਬੁਖਾਰ ਤੋਂ ਪੀੜਤ ਹੋ ਰਹੇ ਹਨ, ਜਿਸ ਦੇ ਚਲਦਿਆਂ ਸਿਹਤ ਵਿਭਾਗ ਦੀ ਟੀਮ ਨੇ ਵਰਕਸ਼ਾਪ ਦੀ ਜਾਂਚ ਕਰਨ ਦਾ ਫੈਸਲਾ ਲਿਆ । ਸੈਨੇਟਰੀ ਇੰਸਪੈਕਟਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਨੌਂ ਮੈਂਬਰੀ ਟੀਮ ਨੇ ਸਾਰੀ ਬਿਲਡਿੰਗ ਦੀ ਜਾਂਚ ਕਰਕੇ ਲਾਰਵੇ ਨੂੰ ਨਸ਼ਟ ਕਰਵਾਇਆ, ਕਮਰਿਆਂ, ਟਾਇਰਾਂ ਅਤੇ ਖੜੇ ਪਾਣੀ ਉਪਰ ਬੀ ਟੀ ਆਈ ਅਤੇ ਟੈਮੀਫਾਸ ਦਾ ਛਿੜਕਾਅ ਕਰਵਾਇਆ ਗਿਆ ਅਤੇ ਰੋਡਵੇਜ਼ ਕਰਮਚਾਰੀਆਂ ਨੂੰ ਡੇਂਗੂ ਸਬੰਧੀ ਜਾਗਰੂਕ ਕਰਨ ਲਈ ਪੈਂਫਲਿਟ ਵੀ ਵੰਡੇ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਨੇਟਰੀ ਇੰਸਪੈਕਟਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਵਰਕਸ਼ਾਪ ਦੀ ਸਫਾਈ ਸਬੰਧੀ ਮਾੜੀ ਹਾਲਤ ਬਾਰੇ ਜੀ.ਐਮ. ਮੋਗਾ ਨੂੰ ਸਿਹਤ ਵਿਭਾਗ ਵੱਲੋਂ ਪੱਤਰ ਜਾਰੀ ਕਰਕੇ ਸਮਾਂਬੱਧ ਸਫਾਈ ਕਰਵਾਉਣ ਲਈ ਕਿਹਾ ਜਾਵੇਗਾ । ਉਹਨਾਂ ਕਿਹਾ ਕਿ ਇਨੀ ਦਿਨੀ ਡੇਂਗੂ ਦੇ ਬਹੁਤ ਜਿਆਦਾ ਕੇਸ ਰਿਪੋਰਟ ਹੋ ਰਹੇ ਹਨ, ਇਸ ਲਈ ਸਾਨੂੰ ਸਭ ਨੂੰ ਆਪੋ ਆਪਣੇ ਘਰਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤੇ ਕਿਤੇ ਵੀ ਪਾਣੀ ਦਾ ਜਮਾਵੜਾ ਨਹੀਂ ਹੋਣ ਦੇਣਾ ਚਾਹੀਦਾ । ਉਹਨਾਂ ਕਿਹਾ ਕਿ ਨਵੰਬਰ ਦੇ ਅਖੀਰ ਤੱਕ ਡੇਂਗੂ ਦਾ ਖਤਰਾ ਰਹੇਗਾ, ਇਸ ਲਈ ਮੌਸਮ ਦੇ ਬਦਲਣ ਤੇ ਅਵੇਸਲੇ ਹੋਣ ਦੀ ਜਰੂਰਤ ਨਹੀਂ, ਸਗੋਂ ਇਹ ਮੌਸਮ ਡੇਂਗੂ ਦੇ ਮੱਛਰ ਪੈਦਾ ਹੋਣ ਦਾ ਸਭ ਤੋਂ ਢੁਕਵਾਂ ਮੌਸਮ ਹੈ। ਇਸ ਮੌਕੇ ਟੀਮ ਵਿੱਚ ਗਗਨਦੀਪ ਸਿੰਘ ਐਸ.ਆਈ. ਸਿਵਲ ਹਸਪਤਾਲ ਮੋਗਾ, ਵਪਿੰਦਰ ਸਿੰਘ ਇੰਸੈਕਟ ਕੁਲੈਕਟਰ ਅਤੇ ਬਰੀਡ ਚੈਕਰਾਂ ਦੀ ਪੂਰੀ ਟੀਮ ਹਾਜ਼ਰ ਸੀ ।