ਸੁਖਾਨੰਦ ਕਾਲਜ ਵਿੱਚ ਐਲੂਮਨੀ ਮੀਟ ਸੰਪੂਰਨ ਹੋਈ
ਸੁਖਾਨੰਦ,17 ਅਕਤੂਬਰ (ਜਸ਼ਨ)- ਸੰਤ ਬਾਬਾ ਹਜੂਰਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰਗਤੀਸ਼ੀਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ(ਮੋਗਾ) ਵਿਖੇ ਕਾਲਜ ਤੋਂ ਵਿਦਿਆ ਹਾਸਲ ਕਰ ਚੁੱਕੀਆਂ ਵਿਦਿਆਰਥਣਾਂ ਦੀ ਇਕੱਤਰਤਾ (ਐਲੂਮਨੀ ਮੀਟ) ਬੁਲਾਈ ਗਈ, ਜਿਸ ਵਿੱਚ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪਹੁੰਚਣ ਵਾਲੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ। ਇਸ ਮੌਕੇ ਆਉਣ ਵਾਲੇ ਵਿਦਿਆਰਥੀਆਂ ਲਈ ਬ੍ਰੇਕਫਾਸਟ ਦਾ ਪ੍ਰਬੰਧ ਸੀ ਅਤੇ ਪੁਰਾਣੀਆਂ ਵਿਦਿਆਰਥਣਾਂ ਦੇ ਸਨਮਾਨ ਲਈ ਕਾਲਜ ਵੱਲੋਂ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ,ਜਿਸ ਵਿੱਚ ਸ਼ਬਦ ਗਾਇਨ ਤੋਂ ਬਾਅਦ ਵਿਦਿਆਰਥਣਾਂ ਨੂੰ ਰਸਮੀ ਤੌਰ ਤੇ ਜੀ ਆਇਆਂ ਕਿਹਾ ਗਿਆ। ਇਸ ਸਮੇਂ ਬੋਲਦਿਆ ਡਾ.ਸ਼ਾਮ ਸੁੰਦਰੀ, ਮੁਖੀ ਹਿੰਦੀ ਵਿਭਾਗ ਨੇ ਵਿਦਿਅਰਥੀਆਂ ਨੂੰ ਆਪਣੇ ਵੱਲੋਂ ਸ਼ੁੱਭ ਇਛਾਵਾਂ ਦਿੰਦਿਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਮੌਕੇ ਮੰਚ ਸੰਚਾਲਨ ਮਿਸ.ਗੁਰਮੀਤ ਕੌਰ ਅਤੇ ਮਿਸ.ਕਮਲਜੀਤ ਕੌਰ ਖ਼ਾਲਸਾ ਨੇ ਕੀਤਾ। ਇਸ ਮੌਕੇ ਕਾਲਜ ਦੀ ਵਿਦਿਆਰਥਣ ਮਨੀਸ਼ਾ ਸ਼ਰਮਾ ਨੇ ਗੀਤ ਪੇਸ਼ ਕੀਤਾ। ਪੁਰਾਣੀਆਂ ਵਿਦਿਆਰਥਣਾਂ ਨੇ ਮੰਚ ਤੇ ਆ ਕੇ ਕਾਲਜ ਦੇ ਬਾਰੇ, ਅਧਿਆਪਕ ਸਾਹਿਬਾਨ ਅਤੇ ਮੈਨੇਜਮੈਂਟ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਸੁਖਪ੍ਰੀਤ ਕੌਰ ਨੇ ਕਿਹਾ ਕਿ ਪੇਂਡੂ ਖੇਤਰ ਵਿੱਚ ਸਥਾਪਿਤ ਇਹ ਕਾਲਜ ਲੜਕੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਸਿਮਰਪ੍ਰੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਾਲਜ ਦੇ ਸਟਾਫ਼ ਬਾਰੇ ਕਿਹਾ ਕਿ ਇੱਥੇ ਪੜਾਉਣ ਵਾਲੇ ਅਧਿਆਪਕ ਬੇਹੱਦ ਸਹਿਯੋਗੀ ਅਤੇ ਅਗਾਂਹ ਵਧੂ ਸੋਚ ਦੇ ਮਾਲਿਕ ਹਨ। ਰਮਨਦੀਪ ਕੌਰ ਨੇ ਬੋਲਦਿਆਂ ਕਿਹਾ ਕਿ ਕਾਲਜ ਦਾ ਵਾਤਾਵਰਣ ਅਤੇ ਬੱਸਾਂ ਦਾ ਪ੍ਰਬੰਧ ਇਸ ਇਲਾਕੇ ਦੇ ਪਿੰਡਾਂ ਲਈ ਮਹੱਤਵਪੂਰਨ ਸੇਵਾ ਹੈ। ਦਲਜੀਤ ਕੌਰ ਨੇ ਕਿਹਾ ਕਿ ਜਿੰਦਗੀ ਵਿੱਚ ਸਵੈ ਅਨੁਸ਼ਾਸ਼ਨ ਬਹੁਤ ਜ਼ਰੂਰੀ ਹੈ। ਸੁਖਵੀਰ ਕੌਰ ਜਿਸਨੇ ਕਿ 9 ਵੀਂ ਕਲਾਸ ਤੋਂ ਲੈ ਕੇ ਬੀ.ਏ. ਤੱਕ ਪੜ੍ਹਾਈ ਇਸ ਸੰਸਥਾ ਵਿੱਚ ਕੀਤੀ ਕਿਹਾ ਕਿ ਪੜ੍ਹਾਈ ਦਾ ਮਾਹੌਲ ਜੋ ਸੁਖਾਨੰਦ ਕਾਲਜ ਵਿੱਚ ਹੈ, ਸ਼ਾਇਦ ਹੀ ਕਿਸੇ ਹੋਰ ਕਾਲਜ ਵਿੱਚ ਹੋਵੇ। ਮਨਪ੍ਰੀਤ ਕੌਰ ਜੋ ਕਿ ਸਰਕਾਰੀ ਸਕੂਲ ਅਧਿਆਪਕਾ ਹੈ ਨੇ ਕਿਹਾ ਕਿ ਵਿੱਦਿਆ ਦਾ ਇਹ ਮੰਦਿਰ ਪੇਂਡੂ ਅਤੇ ਸ਼ਹਿਰੀ ਲੜਕੀਆਂ ਦੀ ਸ਼ਖ਼ਸੀਅਤ ਦੇ ਸਰਵ-ਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਰਵਨੀਤ ਕੌਰ,ਮੁਖੀ ਸੰਗੀਤ ਵਿਭਾਗ ਨੇ ਕਿਹਾ ਕਿ ਸਾਨੂੰ ਆਪਣੇ ਪੁਰਾਣੇ ਵਿਦਿਆਰਥੀਆਂ ਤੇ ਮਾਣ ਹੈ। ਪੁਰਾਣੀ ਵਿਦਿਆਰਥਣ ਸੁਖਪ੍ਰੀਤ ਕੌਰ ਨੇ ਜੋ ਕਿ ਇਸੇ ਕਾਲਜ ਵਿੱਚ ਹਿੰਦੀ ਦੀ ਸਹਾਇਕ ਪ੍ਰੋਫ਼ੈਸਰ ਹੈ ਨੇ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਅਗਾਂਹ ਵਧੂ ਸੋਚ ਲਈ ਮੈਂ ਇਸ ਕਾਲਜ ਦੀ ਰਿਣੀ ਹਾਂ। ਪਿ੍ਰੰਯਕਾ ਗਰਗ, ਸਹਾਇਕ ਪ੍ਰੋਫ਼ੈਸਰ ਗਣਿਤ ਜਿਸਨੇ 10+1 ਤੋਂ ਲੈ ਕੇ ਬੀ.ਏ. ਤੱਕ ਦੀ ਪੜ੍ਹਾਈ ਇਸੇ ਕਾਲਜ ਵਿੱਚ ਕੀਤੀ ਹੈ ਨੇ ਕਿਹਾ ਕਿ ਜ਼ਿੰਦਗੀ ਦੀ ਅਗਵਾਈ ਲਈ ਇਹ ਕਾਲਜ ਵਿਦਿਆਰਥਣਾਂ ਲਈ ਵਰਦਾਨ ਹੈ। 12 ਸਾਲ ਪੁਰਾਣੀ ਵਿਦਿਆਰਥਣ ਰਾਜਦੀਪ ਕੌਰ ਖ਼ਾਲਸਾ ਨੇ ਕਾਲਜ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਵਿਤਾ, ਮੋਨੋਐਕਟਿੰਗ ਅਤੇ ਕਵੀਸ਼ਰੀ ਵੀ ਪੇਸ਼ ਕੀਤੀ। ਪੁਰਾਣੀਆਂ ਵਿਦਿਆਰਥਣਾਂ ਲਈ ਹਾਸ-ਰਾਸ ਖੇਡਾਂ ਦਾ ਵੀ ਪ੍ਰਬੰਧ ਸੀ। ਕਾਲਜ ਦੇ ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ ਵੱਲੋਂ ਵਿਦਿਆਰਥਣਾਂ ਦੁਆਰਾ ਕਾਲਜ ਨੂੰ ਬੇਹਤਰ ਬਣਾਉਣ ਲਈ ਦਿੱਤੇ ਸੁਝਾਵਾਂ ਦਾ ਸੁਆਗਤ ਕਰਦੇ ਹੋਏ, ਉਹਨਾਂ ਨੂੰ ਚੰਗੇ ਇਨਸਾਨ ਬਣਨ,ਸਮਾਜਿਕ ਭਲਾਈ ਦੇ ਕੰਮਾਂ ਵਿੱਚ ਹਿੱਸਾ ਲੈਣ, ਸੱਭਿਆਚਾਰਕ ਗਤੀਵਿਧੀਆਂ ਦੀ ਮਹੱਤਤਾ, ਅਨੁਸ਼ਾਸਿਤ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ ਗਿਆ। ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ ਨੇ ਵੱਖ-ਵੱਖ ਅਹੁਦਿਆਂ ਦੇ ਕੰਮ ਕਰ ਰਹੀਆਂ ਵਿਦਿਆਰਥਣਾਂ ਨੂੰ ਸ਼ਾਬਾਸ਼ ਦਿੱਤੀ ਅਤੇ ਉਚੇਰੀ ਵਿਦਿਆ ਹਾਸਲ ਕਰ ਰਹੀਆਂ ਵਿਦਿਆਰਥਣਾਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ। ਇਸ ਸਮੇਂ ਕਾਲਜ ਵਿੱਚ ਸਥਾਪਿਤ ਆਈ.ਕਿਉ.ਏ.ਸੀ. ਦੇ ਕੋ-ਆਰਡੀਨੇਟਰ ਅਤੇ ਸੀਨੀਅਰ ਮੈਂਬਰਾਂ ਦੇ ਨਾਲ-ਨਾਲ ਕਾਲਜ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।