ਜਾਖੜ ਨੇ ਗੁਰਦਾਸਪੁਰ ਪਾਰਲੀਮੈਂਟ ਦੀ ਸੀਟ ਜਿੱਤ ਕੇ ਰਚਿਆ ਇਤਿਹਾਸ : ਡਾ. ਕਮਲ
ਮੋਗਾ,15 ਅਕਤੂਬਰ (ਜਸ਼ਨ)-ਗੁਰਦਾਸਪੁਰ ਪਾਰਲੀਮੈਂਟ ਦੀ ਜਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਕੁਮਾਰ ਜਾਖੜ ਦੀ ਹੋਈ ਰਿਕਾਰਡ ਤੋੜ ਜਿੱਤ ’ਤੇ ਵਧਾਈ ਦਿੰਦਿਆਂ ਹਲਕਾ ਮੋਗਾ ਦੇ ਐਮਐਲਏ ਡਾ. ਹਰਜੋਤ ਕਮਲ ਨੇ ਇਸ ਜਿੱਤ ਨੂੰ ਲੋਕਤੰਤਰ ਦੀ ਇਤਿਹਾਸਿਕ ਜਿੱਤ ਦੱਸਿਆ ਹੈ। ਉਨਾਂ ਕਿਹਾ ਕਿ ਸ੍ਰੀ ਜਾਖੜ ਦੀ ਜਿੱਤ ਨੇ ਇਹ ਦਰਸਾ ਦਿੱਤਾ ਹੈ ਕਿ ਕਾਂਗਰਸ ਪਾਰਟੀ ਹੀ ਲੋਕਾਂ ਦੀ ਅਸਲ ਹਮਦਰਦ ਪਾਰਟੀ ਹੈ, ਜੋ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਪੂਰਾ ਕਰਨ ਲਈ ਹਮੇਸ਼ਾਂ ਵਚਨਬੱਧ ਹੈ। ਇਸ ਮੌਕੇ ਡਾ. ਕਮਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਲੋਕਾਂ ਨੇ ਮੋਦੀ ਸਰਕਾਰ ਦੀਆਂ ਗਲਤ ਤੇ ਲੋਕ ਮਾਰੂ ਨੀਤੀਆਂ ਤੋਂ ਖਫਾ ਹੋ ਕੇ ਕਾਂਗਰਸ ਨੂੰ ਜਿਤਾ ਕੇ ਕਾਂਗਰਸ ਦੇ ਹੱਕ ਵਿਚ ਫਤਵਾ ਦਿੱਤਾ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਕਾਫੀ ਪ੍ਰਭਾਵਿਤ ਹਨ। ਉਨਾਂ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਵੱਡੇ ਫਤਵੇ ਨਾਲ ਜਿੱਤ ਕੇ ਹਿੰਦੋਸਤਾਨ ’ਚ ਆਪਣਾ ਝੰਡਾ ਬੁਲੰਦ ਕਰੇਗੀ। ਇਸ ਮੌਕੇ ਡਾ. ਹਰਜੋਤ ਕਮਲ ਨੇ ਗੁਰਦਾਸਪੁਰ ਮੁਹਿੰਮ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਵੋਟਰਾਂ, ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।