ਸੁਨੀਲ ਜਾਖੜ ਦੀ ਇਤਿਹਾਸਕ ਜਿੱਤ ’ਤੇ ਪ੍ਰਦੇਸ਼ ਸਕੱਤਰ ਰਵੀ ਗਰੇਵਾਲ ਨੇ ਸਮੂਹ ਵਰਕਰਾਂ ਨੂੰ ਦਿੱਤੀਆਂ ਮੁਬਾਰਕਾਂ

ਨਿਹਾਲ ਸਿੰਘ ਵਾਲਾ,15 ਅਕਤੂਬਰ (ਜਸ਼ਨ)-ਗੁਰਦਾਸਪੁਰ ਲੋਕ ਸਭਾ ਸੀਟ ਲਈ ਹੋਈ ਜਿਮਨੀ ਚੋਣ ’ਚ ਸੁਨੀਲ ਜਾਖੜ ਦੀ ਇਤਿਹਾਸਕ ਜਿੱਤ ’ਤੇ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ ਸਮੂਹ ਕਾਂਗਰਸੀ ਵਰਕਰਾਂ ਨੂੰ ਵਧਾਈ ਦਿੰਿਦਆਂ ਆਖਿਆ ਕਿ ਕਾਂਗਰਸ ਦੇ ਸੱਤਾ ਵਿਚ ਆਉਣ ਉਪਰੰਤ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਅਹਿਮ ਫੈਸਲਿਆਂ ’ਤੇ ਜਿੱਥੇ ਲੋਕਾਂ ਨੇ ਰਾਸ਼ਟਰੀ ਪਾਰਟੀ ਕਾਂਗਰਸ ਵਿਚ ਵਿਸ਼ਵਾਸ਼ ਦਿਖਾਇਆ ਉੱਥੇ ਅਕਾਲੀ ਭਾਜਪਾ ਰਾਜ ਤੋਂ ਅੱਕੇ ਆਮ ਲੋਕਾਂ ਨੇ ਭਾਜਪਾ ਆਗੂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਲੋਹਗੜ ਨੇ ਕਿਹਾ ਕਿ ਕੇਂਦਰ ਵਿਚ ਸੱਤਾ ’ਚ ਆਈ ਮੋਦੀ ਸਰਕਾਰ ਨੇ ਬਿਨਾ ਸੋਚੇ ਸਮਝੇ ਨੋਟਬੰਦੀ ਦੇ ਲਏ ਫੈਸਲੇ ਨਾਲ ਪਿਛਲੇ ਇਕ ਸਾਲ ਤੋਂ ਆਮ ਲੋਕਾਂ ,ਵਪਾਰੀਆਂ ਅਤੇ ਮੱਧ ਵਰਗ ਦੇ ਲੋਕਾਂ ਦੇ ਕੰਮ ਬਿਲਕੁੱਲ ਠੱਪ ਕਰ ਦਿੱਤੇ ਹਨ ਜਿਸ ਦਾ ਨਤੀਜਾ ਹੈ ਕਿ ਅੱਜ ਲੋਕ 2019 ਦੀਆਂ ਲੋਕ ਸਭਾ ਚੋਣਾਂ ’ਚ ਮੋਦੀ ਸਰਕਾਰ ਦੇ ਦੁਬਾਰਾ ਸੱਤਾ  ਵਿਚ ਆਉਣ ਨੂੰ ਦੇਸ਼ ਦੇ ਭਵਿੱਖ ਲਈ ਖਤਰਾ ਮੰਨ ਰਹੇ ਹਨ । ਉਹਨਾਂ ਕਿਹਾ ਕਿ ਜਦੋਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ 10 ਸਾਲਾਂ ਦੇ ਕਾਰਜਕਾਲ ਵਿਚ ਪੰਜਾਬ ਦੇ ਵਿਕਾਸ ਲਈ ਵੱਡੀਆਂ ਗਰਾਂਟਾਂ ਦਿੱਤੀਆਂ ,ਜੋ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਆਉਣ ’ਤੇ ਇਕ ਵੀ ਗਰਾਂਟ ਪੰਜਾਬ ਦੇ ਹਿੱਸੇ ਨਹੀਂ ਆਈ । ਰਵੀ ਗਰੇਵਾਲ ਨੇ ਕਿਹਾ ਕਿ ਉਪਭੋਗਤਾਵਾਂ ਨੂੰ ਰਸੋਈ ਗੈਸ ’ਤੇ ਦਿੱਤੀ ਜਾਂਦੀ ਸਬਸਿਡੀ, ਮਗਨਰੇਗਾ ਸਕੀਮ ਅਧੀਨ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਅਤੇ ਆਧਾਰ ਕਾਰਡ ਬਣਾਉਣ ਦੀ ਪਰਿਕਿਰਿਆ ਕਾਂਗਰਸ ਦੇ ਰਾਜ ਵੇਲੇ ਹੀ ਸ਼ੁਰੂ ਹੋਈਆਂ ਸਨ । ਰਵੀ ਗਰੇਵਾਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਾਂਗਰਸ ਦੀਆਂ ਇਹਨਾਂ ਲੋਕਪੱਖੀ ਨੀਤੀਆਂ ਅਤੇ ਸੁਨੀਲ ਜਾਖੜ ਦੇ ਨਿਮਰ ਸੁਭਾਅ ਅਤੇ ਸੁਹਿਰਦ ਰਾਜਨੀਤਕ ਸੋਚ ਕਾਰਨ ਹੀ ਲੋਕਾਂ ਵੱਲੋਂ ਉਹਨਾਂ ਨੂੰ ਜਿੱਤ ਨਾਲ ਨਿਵਾਜਿਆ ਗਿਆ ਹੈ ।