ਪੰਜਾਬ ਯੂਨੀਵਰਸਿਟੀ ਦੀ ਮੈਰਿਟ ਸੂਚੀ ‘ਚ ਮੋਹਰੀ ਰਹੀ ਸੁਖਾਨੰਦ ਕਾਲਜ ਦੀ ਹਰਪ੍ਰੀਤ ਕੌਰ
ਸੁਖਾਨੰਦ,13 ਅਕਤੂਬਰ (ਜਸ਼ਨ)- ਸੰਤ ਬਾਬਾ ਹਜ਼ੂਰਾ ਸਿੰਘ ਜੀ ਦੀ ਸੁਚੱਜੀ ਅਗਵਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਐੱਮ.ਏ. ਪੰਜਾਬੀ ਭਾਗ ਪਹਿਲਾ ਸਮੈਸਟਰ ਦੂਜਾ ਵਿੱਚੋਂ 291/400 (72.7%) ਅੰਕ ਲੈ ਕੇ ਕਾਲਜ ਵਿੱਚੋਂ ਪਹਿਲਾ ਅਤੇ ਯੂਨੀਵਰਸਿਟੀ ਦੀ ਮੈਰਿਟ ਲਿਸਟ (ਸੂਚੀ) ਵਿੱਚ ਪੰਜਵਾਂ ਸਥਾਨ ਹਾਸਲ ਕਰਕੇ ਸੰਸਥਾ ਦਾ ਨਾਮ ਰੁਸ਼ਨਾਇਆ ਹੈ। ਕਾਲਜ ਪਿ੍ਰੰਸੀਪਲ ਡਾ.ਸੁਖਵਿੰਦਰ ਕੌਰ ਨੇ ਦੱਸਿਆ ਕਿ ਹਰਪ੍ਰੀਤ ਕੌਰ ਆਪਣੀ ਪੜ੍ਹਾਈ ਪ੍ਰਤੀ ਸੰਜੀਦਾ ਰਹੀ ਹੈ ਅਤੇ ਉਸਦਾ ਉਦੇਸ਼ ਯੂਨੀਵਰਸਿਟੀ ਗੋਲਡ ਮੈਡਲ ਹਾਸਲ ਕਰਨਾ ਹੈ, ਜਿਸਦੇ ਲਈ ਉਸਦਾ ਸੰਕਲਪ ਦਿ੍ਰੜ੍ਹ ਹੈ। ਸੁਖਾਨੰਦ ਸੰਸਥਾਵਾਂ ਦੇ ਉਪ-ਚੇਅਰਮੈਨ ਸ.ਮੱਖਣ ਸਿੰਘ ਨੇ ਵਿਦਿਆਰਥਣ, ਉਸਦੇ ਮਾਤਾ- ਪਿਤਾ ਅਤੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਸਾਹਿਬਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਬੜੇ ਦਾਅਵੇ ਨਾਲ ਕਿਹਾ ਕਿ ਇਹ ਵਿਦਿਆਰਥਣ ਐਮ.ਏ. (ਪੰਜਾਬੀ) ਦੂਜੇ ਭਾਗ ਵਿੱਚ ਵੀ ਇਸੇ ਤਰ੍ਹਾਂ ਸੰਸਥਾ ਦਾ ਨਾਂ ਰੌਸ਼ਨ ਕਰੇਗੀ।