ਮੋਗਾ ਜ਼ਿਲੇ ਦੇ ਪਿੰਡ ਖੋਸਾ ਪਾਂਡੋ ਵਿਖੇ ਜ਼ਿਲਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ
ਮੋਗਾ 12 ਅਕਤੂਬਰ(ਜਸ਼ਨ)-ਨੈਸ਼ਨਲ ਗ੍ਰੀਨ ਟਿ੍ਰਬਿਊਨਲ ਵੱਲੋਂ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੇ ਫ਼ੈਸਲੇ ਸਬੰਧੀ ਖੇਤੀ ਮਾਹਿਰ ਹੀ ਕਿਸਾਨਾਂ ਨੂੰ ਪ੍ਰਦੂਸ਼ਣ ਮੁਕਤ ਵਾਤਾਵਰਣ ਬਰਕਰਾਰ ਰੱਖਣ ਲਈ ਸਹੀ ਰਸਤਾ ਵਿਖਾ ਸਕਦੇ ਹਨ। ਇਹ ਵਿਚਾਰ ਵਧੀਕ ਡਿਪਟੀ ਕਮਿਸ਼ਨਰ ਡਾ: ਜਗਵਿੰਦਰਜੀਤ ਸਿੰਘ ਗਰੇਵਾਲ ਨੇ ਗੁਰਦੁਆਰਾ ਬਾਬਾ ਸਾਹਿਬ ਜੀ ਸ਼ਹੀਦ ਪਿੰਡ ਖੋਸਾ ਵਿਖੇ ਕਿਸਾਨ ਮੇਲੇ ਦਾ ਉਦਘਾਟਨ ਕਰਨ ਉਪਰੰਤ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਹਾੜੀ ਦੀਆਂ ਫ਼ਸਲਾਂ ਦੀ ਬੀਜ-ਬਿਜਾਈ ਅਤੇ ਇਸ ਦੀ ਸਾਂਭ-ਸੰਭਾਲ ਸਬੰਧੀ ਜਾਣਕਾਰੀ ਦੇਣ, ਝੋਨੇ ਦੀ ਫ਼ਸਲ ਦੀ ਰਹਿੰਦ ਖੂੰਹਦ ਨੂੰ ਬਿਨਾਂ ਅੱਗ ਲਗਾਏ ਆਪਣੇ ਖੇਤਾਂ ਵਿੱਚ ਹੀ ਵਾਹੁਣ ਸਬੰਧੀ ਵੱਖ-ਵੱਖ ਤਰਾਂ ਦੀ ਖੇਤੀ ਮਸ਼ੀਨਰੀ ਦੀਆਂ ਪ੍ਰਦਰਸ਼ਨੀਆਂ ਦੁਆਰਾ ਜਾਗਿ੍ਰਤ ਕਰਨ ਦੇ ਮੰਤਵ ਨਾਲ ਇਹ ਕਿਸਾਨ ਮੇਲਾ ਆਯੋਜਿਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕਿਸਾਨ ਵੀਰ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫਾਰਸ਼-ਸ਼ੁਦਾ ਬੀਜ, ਖਾਦ ਅਤੇ ਦਵਾਈਆਂ ਦੀ ਹੀ ਵਰਤੋਂ ਕਰਨ, ਤਾਂ ਜੋ ਉਨਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਨਾਂ ਕਿਹਾ ਕਿ ਅਜਿਹੇ ਕਿਸਾਨ ਮੇਲੇ ਕਿਸਾਨਾਂ ਲਈ ਅਤੀ ਸਹਾਈ ਸਿੱਧ ਹੁੰਦੇ ਹਨ। ਇਸ ਮੌਕੇ ਉਨਾਂ ਇਸ ਕਿਸਾਨ ਮੇਲੇ ਵਿੱਚ ਖੇਤੀਬਾੜੀ ਕਿੱਤੇ ਨਾਲ ਸਬੰਧਿਤ ਵਿਭਾਗਾਂ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ। ਇਸ ਕਿਸਾਨ ਮੇਲੇ ਦੌਰਾਨ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਇਸ ਸਮੇਂ ਡਾ: ਜਗਤਾਰ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ (ਇਨਪੁਟਸ) ਨੇ ਹਾੜੀ ਸੀਜ਼ਨ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਖੇਤੀ ਇਨਪੁਟਸ ਸਬੰਧੀ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮਾਹਿਰਾਂ ਦੀ ਟੀਮ ਜਿਸ ਵਿੱਚ ਡਾ: ਹਰਸਿਮਰਨਜੀਤ ਕੌਰ ਮਾਵੀ ਨੇ ਕਿਸਾਨਾਂ ਨੂੰ ਖੇਤੀ ਸਬੰਧੀ ਲੇਖਾ-ਜੋਖਾ ਰੱਖਣ, ਡਾ: ਅਮਨਦੀਪ ਸਿੰਘ ਬਰਾੜ ਨੇ ਹਾੜੀ ਦੀਆਂ ਫਸਲਾਂ ਦੇ ਸੁਧਰੇ ਕਾਸ਼ਤਕਾਰੀ ਢੰਗਾਂ, ਡਾ: ਜਗਜੋਤ ਸਿੰਘ ਨੇ ਮਿੱਟੀ ਪਾਣੀ ਦੀ ਪਰਖ ਅਤੇ ਖਾਦਾਂ ਦੀ ਸੁੱਚਜੀ ਵਰਤੋਂ, ਡਾ: ਅਮਨਪ੍ਰੀਤ ਨੇ ਹਾੜੀ ਦੀਆਂ ਫਸਲਾਂ ਦੀਆਂ ਸੁਧਰੀਆਂ ਕਿਸਮਾਂ, ਡਾ: ਅਰਸ਼ਦੀਪ ਕੌਰ ਨੇ ਕੀਟ ਪ੍ਰਬੰਧ, ਡਾ: ਰਵਿੰਦਰ ਕੌਰ ਕੇ.ਵੀ.ਕੇ ਸੰਗਰੂਰ ਨੇ ਸਬਜ਼ੀਆਂ ਦੀ ਕਾਸ਼ਤ, ਡਾ: ਸਾਹਿਬਾਂਮਾਨ ਨੇ ਪਸ਼ੂ ਪਾਲਣ, ਡਾ: ਬਲਵਿੰਦਰ ਸਿੰਘ ਲੱਖੇਵਾਲੀ ਨੇ ਆਤਮਾ ਸਕੀਮ ਸਬੰਧੀ, ਇੰਜ: ਅੰਕਿਤਸ਼ਰਮਾਂ ਨੇ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ: ਹਰਵੀਨ ਕੌਰ ਨੇ ਪਸ਼ੂਆਂ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿੱਤੀ। ਇਸ ਕੈਂਪ ਵਿਚ ਸੰਤ ਬਾਬਾ ਗੁਰਮੀਤ ਸਿੰਘ ਜੀ ਨੇ ਕਿਸਾਨਾਂ ਨੂੰ ਜ਼ਹਿਰਾਂ ਰਹਿਤ ਅਤੇ ਕੁਦਰਤੀ ਖੇਤੀ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸਾਨ ਜਹਿਰਾਂ ਰਹਿਤ ਖੇਤੀ ਕਰੇਗਾ ਤਾਂ ਫਸਲ ਦੀ ਉਪਜ ਜਿੱਥੇ ਮਨੁੱਖੀ ਸਿਹਤ ਲਈ ਵਰਦਾਨ ਸਾਬਤ ਹੋਵੇਗੀ ਉੱਥੇ ਵਾਤਾਵਰਨ ਵੀ ਸਵੱਛ ਰਹੇਗਾ। ਡਾ: ਹਰਿੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਮੋਗਾ ਨੇ ਕਿਸਾਨ ਮੇਲੇ ਵਿਚ ਹਾਜ਼ਰ ਹੋਏ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਾਰੇ ਹੀ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਹਮੇਸ਼ਾ ਹੀ ਕਿਸਾਨਾਂ ਦੀ ਸੇਵਾ ਲਈ ਤਤਪਰ ਹੈ ਅਤੇ ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਖੇਤੀ ਸਬੰਧੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਖੇਤੀ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਸਕਦਾ ਹੈ। ਇਸ ਕਿਸਾਨ ਮੇਲੇ ਵਿਚ ਕਾਂਗਰਸ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਵੀ ਸੰਬੋਧਨ ਕੀਤਾ। ਡਾ: ਜਸਵਿੰਦਰ ਸਿੰਘ ਬਰਾੜ ਨੇ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਵਰਤੇ ਜਾਣ ਆਧੁਨਿਕ ਖੇਤੀ ਸੰਦਾਂ ਦਾ ਜ਼ਿਕਰ ਕੀਤਾ। ਇਸ ਕਿਸਾਨ ਮੇਲੇ ਵਿੱਚ ਸ਼ਹਿਰੀ ਕਾਂਗਰਸ ਪ੍ਰਧਾਨ ਵਿਨੋਦ ਬਾਂਸਲ, ਸੀਨੀਅਰ ਕਾਂਗਰਸੀ ਆਗੂ ਓਪਿੰਦਰ ਸਿੰਘ ਗਿੱਲ ਅਤੇ ਡਾ: ਪਵਨ ਥਾਪਰ, ਅਗਾਂਹ ਵਧੂ ਕਿਸਾਨ ਪ੍ਰੀਤਮ ਸਿੰਘ ਖੋਸਾ ਪਾਂਡੋ, ਮਨਜੀਤ ਸਿੰਘ, ਜਗਦੀਸ਼ ਸਿੰਘ, ਸੁਖਜਿੰਦਰ ਸਿੰਘ, ਗੁਲਜਾਸਿੰਘ ਘੱਲ ਕਲਾਂ, ਨਿਰਮਲ ਸਿੰਘ ਮਾਣੂੰਕੇ, ਇੰਦਰਜੀਤ ਸਿੰਘ ਬੀੜ ਚੜਿੱਕ, ਗੁਰਜੰਟ ਸਿੰਘ ਦੌਲਤਪੁਰਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਿਸਾਨ ਸ਼ਾਮਲ ਹੋਏ। ਖੇਤੀਬਾੜੀ ਵਿਭਾਗ ਦੇ ਸਮੁੱਚੇ ਸਟਾਫ਼ ਤੋਂ ਇਲਾਵਾ ਡਾ: ਰਛਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਬਰਨਾਲਾ, ਡਾ: ਮਨਜੀਤ ਸਿੰਘ, ਡਾ: ਕੁਲਵਿੰਦਰ ਸਿੰਘ, ਡਾ: ਸੁਖਦੇਵ ਸਿੰਘ, ਡਾ: ਜਰਨੈਲ ਸਿੰਘ, ਡਾ: ਹਰਨੇਕ ਸਿੰਘ, ਬਰਾੜ, ਡਾ: ਕੁਲਦੀਪ ਸਿੰਘ, ਡਾ: ਗੁਰਪ੍ਰੀਤ ਸਿੰਘ, ਡਾ: ਗੁਰਮਿੰਦਰ ਸਿੰਘ, ਡਾ: ਬਲਜਿੰਦਰ ਸਿੰਘ ਹਾਜ਼ਰ ਸਨ। ਸਟੇਜ ਦਾ ਸੰਚਾਲਨ ਡਾ: ਨਵਦੀਪ ਸਿੰਘ ਜੌੜਾ ਨੇ ਕੀਤਾ।