ਸੁਖਾਨੰਦ ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਿਸਾਨ ਮੇਲਾ ਵੇਖਿਆ
ਸੁਖਾਨੰਦ,12 ਅਕਤੂਬਰ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੀਆਂ ਬੀ.ਐੱਸ.ਸੀ. ਐਗਰੀਕਲਚਰ ਦੀਆਂ ਵਿਦਿਆਰਥਣਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਲੱਗੇ ਕਿਸਾਨ ਮੇਲੇ ਤੇ ਲਿਜਾਇਆ ਗਿਆ। ਵਿਦਿਆਰਥਣਾਂ ਦੀ ਅਗਵਾਈ ਕਾਲਜ ਦੇ ਸਹਾਇਕ ਪ੍ਰੋਫ਼ੈਸਰ ਡਾ.ਜਸਵੀਰ ਕੌਰ ਅਤੇ ਮੈਡਮ ਅਮਨਦੀਪ ਕੌਰ ਨੇ ਕੀਤੀ। ਵਿਦਿਆਰਥਣਾਂ ਨੂੰ ਮੇਲੇ ਵਿੱਚ ਲੱਗੇ ਲਗਭਗ ਹਰ ਸਟਾਲ ਦਾ ਦੌਰਾ ਕਰਵਾਇਆ ਗਿਆ ਜਿੱਥੇ ਉਹਨਾਂ ਨੂੰ ਅਗਾਂਹ ਵਧੂ ਕਿਸਾਨਾਂ ਅਤੇ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਨੂੰ ਮਿਲਣ ਦਾ ਮੌਕਾ ਮਿਲਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਵਿਦਿਆਰਥਣਾਂ ਨੂੰ ਬੜੇ ਪਿਆਰ ਅਤੇ ਬਾਰੀਕੀ ਨਾਲ ਫ਼ਸਲਾਂ ਦੀਆਂ ਸੋਧੀਆਂ ਕਿਸਮਾਂ, ਉਹਨਾਂ ਦੀ ਪ੍ਰਤੀ ਕੁਇੰਟਲ ਝਾੜ, ਫ਼ਸਲ ਦੀ ਪੈਦਾਵਾਰ ਵਧਾਉਣ ਲਈ ਖਾਦ ਦੀ ਮਾਤਰਾ, ਕੀਟਨਾਸ਼ਕ ਆਦਿ ਲੋੜੀਂਦੇ ਸਾਧਨਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਫ਼ਸਲਾਂ ਦੇ ਮਿੱਤਰ ਕੀੜੇ ਅਤੇ ਦੁਸ਼ਮਣ ਕੀਟਾਂ ਵਾਰੇ ਜਾਣਕਾਰੀ ਦਿੱਤੀ ਗਈ। ਪੰਜਾਬ ਦਾ ਕਿਸਾਨ ਕਿਹੜੇ-ਕਿਹੜੇ ਖੇਤੀ ਨਾਲ ਸਹਾਇਕ ਧੰਦੇ ਅਪਣਾ ਸਕਦਾ ਹੈ ਜੋ ਕਿ ਪੰਜਾਬ ਦੇ ਪੌਣ-ਪਾਣੀ ਦੇ ਅਨੁਕੂਲ ਕਿਸਾਨ ਨੂੰ ਆਰਥਿਕ ਤੌਰ ਤੇ ਮਜ਼ਬੂਤੀ ਪ੍ਰਦਾਨ ਕਰ ਸਕਦੇ ਹਨ, ਬਾਰੇ ਵੀ ਜਾਣਕਾਰੀ ਦਿੱਤੀ।ਖੇਤੀ ਦੀਆਂ ਨਵੀਆਂ ਮਸ਼ੀਨਾਂ, ਪਾਣੀ ਦੀ ਸੁਚੱਜੀ ਵਰਤੋਂ ਅਤੇ ਪ੍ਰਦੂਸ਼ਣ ਨੂੰ ਕਿਸ ਪ੍ਰਕਾਰ ਕਿਸਾਨ ਕੰਟਰੋਲ ਕਰਨ ਵਿੱਚ ਮੱਦਦ ਕਰਦੇ ਹਨ ਦੇ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ ।ਮੇਲੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥਣਾਂ ਨੂੰ ਜੈਨੇਟਿਕਸ ਦੀਆਂ ਖੋਜਾਂ ਦਾ ਫ਼ਸਲਾਂ, ਫ਼ਲਦਾਰ ਬੂਟਿਆਂ ਅਤੇ ਪਸ਼ੂਆਂ ਦੀਆਂ ਨਸਲਾਂ ਆਦਿ ਵਿੱਚ ਪੈਦਾਵਾਰ ਵਧਾਉਣ ਵਿੱਚ ਕੀ ਯੋਗਦਾਨ ਹੈ, ਦੇ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥਣਾਂ ਨੁੰ ਲਗਭਗ 10 ਮਿੰਟ ਤੱਕ ਸੰਬੋਧਤ ਕੀਤਾ।ਇਹ ਸੰਬੋਧਨ ਬੜਾ ਹੱਲਾਸ਼ੇਰੀ ਵਾਲਾ ਸੀ। ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਉਹਨਾਂ ਨੂੰ ਸੁਣਿਆ। ਅੰਤ ਵਿੱਚ ਉਹਨਾਂ ਨੇ ਕਿਹਾ ਕਿ ਮਿਹਨਤ ਨਾਲ ਇਨਸਾਨ ਜ਼ਿੰਦਗੀ ਦੀ ਮਨਚਾਹੀ ਮੰਜ਼ਿਲ ਪਾ ਸਕਦਾ ਹੈ। ਕਾਲਜ ਪਹੁੰਚਣ ਤੇ ਵਾਈਸ ਚੇਅਰਮੈਨ ਸ.ਮੱਖਣ ਸਿੰਘ ਅਤੇ ਕਾਲਜ ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ ਨੇ ਬੱਚਿਆਂ ਤੋਂ ਕਿਸਾਨ ਮੇਲੇ ਬਾਬਤ ਫ਼ੀਡਬੈਕ ਲਈ ਅਤੇ ਵਿਦਿਆਰਥਣਾਂ ਨੂੰ ਇਸ ਵਿਵਹਾਰਿਕ ਗਿਆਨ ਦੀ ਜਾਣਕਾਰੀ ਨੂੰ ਅਪਣਾਉਣ ਦੀ ਪ੍ਰੇਰਣਾ ਦਿੱਤੀ।