ਮੁਲਾਜ਼ਮਾਂ ਨੂੰ ਤਨਖਾਹ ਦੀ ਅਦਾਇਗੀ ਨਾ ਕਰਨ ‘ਤੇ ਸੇਵਾ ਕੇਂਦਰ ਚਲਾ ਰਹੀ ਕੰਪਨੀ ਨੂੰ ਕਿਰਤ ਵਿਭਾਗ ਵੱਲੋ ‘ਕਾਰਣ ਦੱਸੋ ਨੋਟਿਸ ‘ ਜਾਰੀ
ਮੋਗਾ 12 ਅਕਤੂਬਰ(ਜਸ਼ਨ)-ਸਹਾਇਕ ਕਿਰਤ ਕਮਿਸ਼ਨਰ ਮੋਗਾ ਆਰ.ਕੇ.ਗਰਗ ਅਤੇ ਲੇਬਰ ਇੰਸਪੈਕਟਰ ਰਾਜੀਵ ਸੋਢੀ ਜ਼ਿਲੇ ਦੇ ਵੱਖ-ਵੱਖ ਸੇਵਾ ਕੇਦਰਾਂ ਦੇ ਮੁਲਾਜ਼ਮਾਂ ਦੇ ਇੱਕ ਵਫ਼ਦ ਨੂੰ ਉਸਾਰੀ ਕਿਰਤੀਆਂ ਦੀ ਆਨ-ਲਾਈਨ ਰਜਿਸਟ੍ਰੇਸ਼ਨ ਕਰਨ ਸਬੰਧੀ ਮਿਲੇ ਅਤੇ ਉਨਾਂ ਨਾਲ ਰਜਿਸਟ੍ਰੇਸ਼ਨ ਦੇ ਕੰਮ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਸੇਵਾ ਕੇਦਰਾਂ ਦੇ ਮੁਲਾਜ਼ਮਾਂ ਦੀ ਗੱਲਬਾਤ ਤੋ ਇਹ ਵੀ ਪਤਾ ਲੱਗਾ ਕਿ ਕੰਪਨੀ ਵੱਲਂੋ ਪਿਛਲੇ 3 ਮਹੀਨਿਆਂ ਤੋਂ ਉਨਾਂ ਨੂੰ ਤਨਖਾਹ ਨਹੀ ਦਿੱਤੀ ਜਾ ਰਹੀ, ਜਿਸ ਕਾਰਣ ਉਨਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ ਵਿੱਚ ਹੜਤਾਲੀ ਮੁਲਾਜ਼ਮਾਂ ਵੱਲੋਂ ਇੱਕ ਮੰਗ ਪੱਤਰ ਵੀ ਸਹਾਇਕ ਕਿਰਤ ਕਮਿਸ਼ਨਰ, ਮੋਗਾ ਨੂੰ ਦਿੱਤਾ ਗਿਆ, ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਕਿਰਤ ਵਿਭਾਗ ਵੱਲੋ ਕੰਪਨੀ ਨੂੰ ‘ਕਾਰਣ ਦੱਸੋ ਨੋਟਿਸ ‘ ਜਾਰੀ ਕਰ ਦਿੱਤਾ ਗਿਆ ਅਤੇ ਸੇਵਾ ਕੇਦਰਾਂ ਦੇ ਹੜਤਾਲੀ ਮੁਲਾਜਮਾਂ ਨੂੰ ਭਰੋੋਸਾ ਦਿਵਾਇਆ ਕਿ ਜਲਦੀ ਹੀ ਇਸ ਮਸਲੇ ਦਾ ਹੱਲ ਹੋ ਜਾਵੇਗਾ। ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਨੇ ਸੇਵਾ ਕੇਦਰ ਦੇ ਮੁਲਾਜ਼ਮਾਂ ਨੂੰ ਉਸਾਰੀ ਮਜਦੂਰਾਂ ਦੇ ਨਵੇ ਰਜਿਸਟ੍ਰੇਸ਼ਨ ਫ਼ਾਰਮ ਭਰਨ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਰਕਾਰ ਵੱਲੋ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸੇਵਾ ਕੇਦਰਾਂ ਵੱਲੋਂ ਕੀਤਾ ਜਾਣਾ ਹੈ, ਇਸ ਲਈ ਇਸ ਕੰਮ ਨੂੰ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇ। ਇਸ ਮੌਕੇ ਜ਼ਿਲਾ ਐਨ.ਜੀ.ਓ ਕੋ-ਆਰਡੀਨੇਟਰ ਐਸ.ਕੇ. ਬਾਂਸਲ ਵੀ ਉਨਾਂ ਨਾਲ ਮੌਜੂਦ ਸਨ। ਹੜਤਾਲੀ ਮੁਲਾਜ਼ਮਾਂ ਵੱਲੋਂ ਤਤਕਾਲ ਕਾਰਵਾਈ ਕਰਨ ‘ਤੇ ਕਿਰਤ ਵਿਭਾਗ ਦਾ ਧੰਨਵਾਦ ਕੀਤਾ।