ਮਗਨਰੇਗਾ ਤਹਿਤ ਜ਼ਿਲੇ ‘ਚ 23 ਕਰੋੜ 68 ਲੱਖ 18 ਹਜ਼ਾਰ ਰੁਪਏ ਕੀਤੇ ਖਰਚ -ਏ ਡੀ ਸੀ ਸ੍ਰੀ ਰਾਜੇਸ਼ ਤਿ੍ਰਪਾਠੀ
ਮੋਗਾ,12 ਅਕਤੂਬਰ (ਜਸ਼ਨ)-ਮਹਾਤਮਾ ਗਾਂਧੀ ਨੈਸ਼ਨਲ ਰੋਜ਼ਗਾਰ ਗਾਰੰਟੀ ਯੋਜਨਾ (ਮਗਨਰੇਗਾ) ਤਹਿਤ ਵਿਕਾਸ ਕਾਰਜਾਂ ‘ਤੇ ਚਾਲੂ ਵਿੱਤੀ ਸਾਲ 2017-18 ਦੌਰਾਨ ਕੁੱਲ 23 ਕਰੋੜ 68 ਲੱਖ 18 ਹਜ਼ਾਰ ਰੁਪਏ ਖਰਚ ਕੀਤੇ ਗਏ, ਜਿਸ ਵਿੱਚੋਂ 22 ਕਰੋੜ 75 ਲੱਖ 66 ਹਜ਼ਾਰ ਲੇਬਰ ‘ਤੇ ਅਤੇ 92 ਲੱਖ 52 ਹਜ਼ਾਰ ਰੁਪਏ ਮਟੀਰੀਅਲ ‘ਤੇ ਖਰਚ ਕੀਤੇ ਗਏ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜੇਸ਼ ਤਿ੍ਰਪਾਠੀ ਨੇ ਮਗਨਰੇਗਾ ਤਹਿਤ ਵਿਕਾਸ ਕਾਰਜਾਂ ‘ਤੇ ਬਲਾਕ-ਵਾਈਜ਼ ਹੋਏ ਖਰਚ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਮੋਗਾ-1 ਵਿੱਚ 4 ਕਰੋੜ 12 ਲੱਖ 28 ਹਜ਼ਾਰ ਰੁਪਏ, ਬਲਾਕ ਮੋਗਾ-2 ਵਿੱਚ 4 ਕਰੋੜ 27 ਲੱਖ 71 ਹਜ਼ਾਰ ਰੁਪਏ, ਬਲਾਕ ਬਾਘਾਪੁਰਾਣਾ ਵਿੱਚ 4 ਕਰੋੜ 15 ਲੱਖ 19 ਹਜ਼ਾਰ ਰੁਪਏ, ਬਲਾਕ ਨਿਹਾਲ ਸਿੰਘ ਵਾਲਾ ਵਿੱਚ 5 ਕਰੋੜ 63 ਲੱਖ 86 ਹਜ਼ਾਰ ਰੁਪਏ ਅਤੇ ਬਲਾਕ ਕੋਟ ਈਸੇ ਖਾਂ ਵਿੱਚ 5 ਕਰੋੜ 49 ਲੱਖ 14 ਹਜ਼ਾਰ ਰੁਪਏ ਦੇ ਕੰਮ ਮਗਨਰੇਗਾ ਤਹਿਤ ਕਰਵਾਏ ਗਏ ਹਨ। ਉਨਾਂ ਦੱਸਿਆ ਕਿ ਮਗਨਰੇਗਾ ਤਹਿਤ ਪ੍ਰਾਪਤ ਗ੍ਰਾਂਟਾਂ ਦੀ ਜ਼ਿਲੇ ‘ਚ ਵਿਕਾਸ ਕਾਰਜਾਂ ‘ਤੇ ਯੋਗ ਵਰਤੋਂ ਨੂੰ ਯਕੀਨੀ ਬਨਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸ੍ਰੀ ਰਾਜੇਸ਼ ਤਿ੍ਰਪਾਠੀ ਨੇ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਕੁੱਲ 1 ਹਜ਼ਾਰ 104 ਵਿਕਾਸ ਕਾਰਜਾਂ ਦੀ ਚੋਣ ਕੀਤੀ ਗਈ ਸੀ, ਜਿਸ ਵਿੱਚੋਂ 257 ਕੰਮ ਮੁਕੰਮਲ ਹੋ ਚੁੱਕੇ ਹਨ, ਜਦ ਕਿ 847 ਕੰਮ ਪ੍ਰਗਤੀ ਅਧੀਨ ਹਨ। ਉਨਾਂ ਦੱਸਿਆ ਕਿ ਇਨਾਂ ਵਿਕਾਸ ਕਾਰਜਾਂ ਵਿੱਚ ਰੂਰਲ ਕੁਨੈਕਟੀਵਿਟੀ, ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ, ਆਂਗਣਵਾੜੀ ਕੇਂਦਰ, ਪੇਂਡੂ ਪਖਾਨਿਆਂ ਦੀ ਉਸਾਰੀ ਅਤੇ ਭੂਮੀ ਨੂੰ ਪੱਧਰਾ ਕਰਨ ਤੇ ਪੌਦੇ ਲਗਾਉਣ ਆਦਿ ਕੰਮ ਸ਼ਾਮਲ ਹਨ। ਉਨਾਂ ਦੱਸਿਆ ਕਿ ਜ਼ਿਲੇ ਦੀਆਂ 5 ਬਲਾਕਾਂ ਵਿੱਚ ਕੁੱਲ 71 ਹਜ਼ਾਰ 173 ਵਿਅਕਤੀਆਂ ਦੇ ਜਾਬ ਕਾਰਡ ਬਣਾਏ ਗਏ ਹਨ। ਉਨਾਂ ਦੱਸਿਆ ਕਿ ਜ਼ਿਲੇ ‘ਚ ਵਿਕਾਸ ਕਾਰਜ ਕਰਵਾਉਣ ਲਈ ਮਗਨਰੇਗਾ ਮਜ਼ਦੂਰਾਂ ਨੂੰ ਕੁੱਲ 8 ਲੱਖ 84 ਹਜ਼ਾਰ 892 ਦਿਹਾੜੀਆਂ ਦਿੱਤੀਆਂ ਗਈਆਂ ਹਨ, ਜਿੰਨਾਂ ਵਿੱਚੋਂ 3 ਲੱਖ 49 ਹਜ਼ਾਰ 903 ਦਿਹਾੜੀਆਂ ਔਰਤਾਂ ਦੇ ਹਿੱਸੇ ਆਈਆਂ ਹਨ। ਉਨਾਂ ਇਹ ਵੀ ਦੱਸਿਆ ਕਿ ਮਗਨਰੇਗਾ ਤਹਿਤ ਕੁੱਲ 35 ਹਜ਼ਾਰ 832 ਪ੍ਰੀਵਾਰਾਂ ਨੂੰ ਕੰਮ ਮੁਹੱਈਆ ਕਰਵਾਇਆ ਗਿਆ ਅਤੇ 31 ਪ੍ਰੀਵਾਰਾਂ ਵੱਲੋਂ ਮਗਨਰੇਗਾ ਰੋਜ਼ਗਾਰ ਦੇ 100 ਦਿਨ ਪੂਰੇ ਕੀਤੇ ਗਏ। ਉਨਾਂ ਕਿਹਾ ਕਿ ਮਗਨਰੇਗਾ ਸਕੀਮ ਦਾ ਲਾਭ ਆਮ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਅਤੇ ਇਸ ਸਕੀਮ ਤਹਿਤ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣਗੇ, ਤਾਂ ਜੋ ਲੋੜਵੰਦ ਵਿਅਕਤੀਆਂ ਲਈ ਰੋਜ਼ਗਾਰ ਦੇ ਹੋਰ ਮੌਕੇ ਪ੍ਰਾਪਤ ਹੋ ਸਕਣ।