ਆਰੀਆ ਮਾਡਲ ਹਾਈ ਸਕੂਲ ਵਿਖੇ ‘ਇੰਟਰਨੈਸ਼ਨਲ ਡੇ ਆਫ ਗਰਲਜ਼ ਚਾਈਲਡ’ ਮਨਾਇਆ ਗਿਆ

ਮੋਗਾ 11 ਅਕਤੂਬਰ(ਜਸ਼ਨ)- ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਇੰਚਾਰਜ਼ ਜ਼ਿਲਾ ਤੇ ਸ਼ੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਰਜਿੰਦਰ ਅਗਰਵਾਲ ਦੀ ਰਹਿਨੁਮਾਈ ਹੇਠ ਅੱਜ ਆਰੀਆ ਮਾਡਲ ਹਾਈ ਸਕੂਲ ਮੋਗਾ ਵਿਖੇ ‘ਇੰਟਰਨੈਸ਼ਨਲ ਡੇ ਆਫ ਗਰਲਜ਼ ਚਾਈਲਡ’ ਮਨਾਇਆ ਗਿਆ। ਵਿਸ਼ਵ ਪੱਧਰ ‘ਤੇ ਮਨਾਏ ਜਾ ਰਹੇ ਇਸ ਦਿਵਸ ਦੇ ਮੌਕੇ ‘ਤੇ ਆਰੀਆ ਮਾਡਲ ਹਾਈ ਸਕੂਲ ਮੋਗਾ ਦੀਆਂ ਵਿਦਿਆਰਥਣਾਂ ਨੂੰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ’ਕੋਮਲ’ ਨਾਂ ਦੀ ਇੱਕ ਫਿਲਮ ਦਿਖਾਈ ਗਈ। ਇਸ ਫਿਲਮ ਵਿੱਚ ਕਾਰਟੂਨ ਪਾਤਰਾਂ ਰਾਹੀਂ ਸਕੂਲ ਦੀਆਂ ਲੜਕੀਆਂ ਨੂੰ ਕਿਸੇ ਅਨਜਾਣ ਵਿਅਕਤੀ ਜਾਂ ਰਿਸ਼ਤੇਦਾਰ ਦੁਆਰਾ ਉਨਾਂ ਨਾਲ ਹੋਣ ਵਾਲੇ ਸਰੀਰਕ ਸ਼ੋਸ਼ਣ, ਗਲਤ ਅਤੇ ਸਹੀ ਛੂਹਣ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਅਪਰਾਧ ਦੀ ਸ਼ਿਕਾਇਤ ਚਾਈਲਡ ਹੈਲਪ-ਲਾਈਨ ਅਤੇ ਟੋਲ ਫ਼ਰੀ ਨੰਬਰ 1098 ‘ਤੇ ਕਰਨ ਜਾਂ ਇਸ ਸਬੰਧੀ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨੂੰ ਜਾਣਕਾਰੀ ਦੇਣ ਲਈ ਜਾਗਰੂਕ ਕੀਤਾ ਗਿਆ।  ਇਸ ਮੌਕੇ ਸ੍ਰੀ ਨਾਰੰਗ ਵੱਲੋਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਦਿੱਤੀ ਜਾ ਰਹੀਂ ਮੁਫ਼ਤ ਕਾਨੂੰਨੀ ਸਹਾਇਤਾ, ਲੋਕ ਅਦਾਲਤਾਂ ਅਤੇ ਸਥਾਈ ਲੋਕ ਅਦਾਲਤ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਸੈਮੀਨਾਰ ਵਿੱਚ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਮੈਡਮ ਪਰਮਜੀਤ ਕੌਰ, ਅਮਨਪ੍ਰੀਤ ਕੌਰ ਅਤੇ ਐਡਵੋਕੇਟ ਵਰਿੰਦਰ ਕੁਮਾਰ ਗਰਗ ਨੇ ਵੀ ਸਕੂਲ ਦੀਆਂ ਲੜਕੀਆਂ ਨੂੰ ਸਰੀਰਕ ਸ਼ੋਸ਼ਣ ਅਪਰਾਧ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਆਰੀਆ ਮਾਡਲ ਹਾਈ ਸਕੂਲ ਦੇ ਪਿ੍ਰੰਸੀਪਲ ਸ਼ਮੀਕਸ਼ਾ ਸ਼ਰਮਾ, ਪ੍ਰਧਾਨ ਸੱਤਿਆ ਪ੍ਰਕਾਸ਼, ਸਕੂਲ ਮੈਨੇਜਰ ਨਰਿੰਦਰ ਸੂਦ, ਪਿ੍ਰੰਸੀਪਲ ਡੀ.ਐਮ.ਕਾਲਜ ਮੋਗਾ ਐਸ.ਕੇ.ਸ਼ਰਮਾ ਅਤੇ ਸਕੂਲ ਦੇ ਸਟਾਫ਼ ਮੈਂਬਰ ਹਾਜ਼ਰ ਸਨ। ਇਸ ਸਮੇਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਚਾਰ ਸਮੱਗਰੀ ਵੀ ਵੰਡੀ ਗਈ।