ਕਿਰਤੀਆਂ ਅਤੇ ਟ੍ਰਾਂਸਪੋਰਟ ਕਾਮਿਆਂ ਦਾ ਦੋ ਰੋਜ਼ਾ ਸਿਧਾਂਤਕ ਟਰੇਨਿੰਗ ਕੈਂਪ

ਮੋਗਾ,10ਅਕਤੂਬਰ (ਜਸ਼ਨ):ਕਿਰਤੀਆਂ ਅਤੇ ਟ੍ਰਾਂਸਪੋਰਟ ਕਾਮਿਆਂ ਦੇ ਸਿਧਾਂਤਕ ਆਗੂ ਕਾ. ਗੁਰਮੇਲ ਸਿੰਘ ਮੋਗਾ ਦਾ 10 ਅਕਤੂਬਰ ਦਾ ਜਨਮਦਿਨ ਉਨ੍ਹਾਂ ਦੀ ਯਾਦ ਵਿੱਚ ਦੋ ਰੋਜ਼ਾ ਸਿਧਾਂਤਕ ਟਰੇਨਿੰਗ ਕੈਂਪ ਲਗਾ ਕੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਮਨਾਇਆ ਗਿਆ। ਇਸ ਸਮਾਗਮ ਦਾ ਆਯੋਜਨ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਟਰੱਸਟ ਵੱਲੋਂ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਤੋਂ ਇਲਾਵਾ ਵੱਖ-ਵੱਖ ਭਰਾਤਰੀ ਜਥੇਬਮਦਅਿਾ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਟ੍ਰੇਨਿੰਗ ਕੈਂਪ ਦੇ ਅੱਜ ਪਹਿਲੇ ਦਿਨ ਦੀ ਸ਼ੁਰੂਆਤ ਰੁਜ਼ਗਾਰ ਪ੍ਰਾਪਤੀ ਮੁਹਿੰਗ ਦੇ ਮੁੱਖ ਸਲਾਹਕਾਰ ਕਾ. ਜਗਰੂਪ ਦੇ ਸੰਬੋਧਨ ਨਾਲ ਹੋਈ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਕਾ. ਗੁਰਮੇਲ ਸਿੰਘ ਮੋਗਾ ਦੀ ਮਾਰਕਸਵਾਦੀ ਸਿਧਾਂਤ ਤੇ ਯੋਗ ਪਕੜ ਸੀ, ਮਾਰਕਸਵਾਦੀ ਗਿਆਨ ਵਿੱਚੋਂ ਹੀ ਉਹ ਸਮਾਜਿਕ ਸਮੱਸਿਆਵਾਂ ਦਾ ਹੱਲ ਬਾਕਅਿਾਂ ਦੇ ਨਾਲੋਂ ਪਹਿਲਾਂ ਕਰ ਲੈਂਦੇ ਸਨ। ਉਹ ਨਾਂ ਸਿਰਫ਼ ਟ੍ਰਾਂਸਪੋਰਟ ਕਾਮਿਆਂ ਦੇ ਹੀ ਆਗੂ ਸਨ ਬਲਕਿ ਇੱਕ ਮਾਰਕਸਵਾਦੀ ਅਧਿਆਪਕ ਵੀ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਹਰ ਪਲ ਕਿਰਤੀ ਜਮਾਤ ਦੇ ਲੇਖੇ ਲਾ ਕੇ ਅਮਰਤਾ ਹਾਸਿਲ ਕੀਤੀ। ਕਾ. ਗੁਰਮੇਲ ਮੋਗਾ ਸਾਂਝੀਵਾਲਤਾ ਦਾ ਸਮਾਜ ਸਿਰਜਣ ਲਈ ਹਰ ਇੱਕ ਨੂੰ ਉਸਦੀ ਯੋਗਤਾ ਮੁਤਾਬਕ ਕੰਮ ਅਤੇ ਉਜ਼ਰਤ ਕੰਮ ਦੇ ਮੁਤਾਬਕ ਪ੍ਰਾਪਤੀ ਦੀ ਗਰੰਟੀ ਕਰਨ ਵਾਲਾ ਸਮਾਜਵਾਦੀ ਪ੍ਰਬੰਧ ਸਿਰਜਣ ਲਈ ਯਤਨਸ਼ੀਲ ਸਨ। ਇਸ ਮੌਕੇ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਦੇ ਸੂਬਾਈ ਮੁੱਖ ਸਲਾਹਕਾਰ ਕਾ. ਦਰਸ਼ਨ ਸਿੰਘ ਟੂਟੀ ਅਤੇ ਸੂਬਾਈ ਜਨਰਲ ਸਕੱਤਰ ਕਾ. ਜਗਦੀਸ਼ ਸਿੰਘ ਚਾਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾ. ਗੁਰਮੇਲ ਮੋਗਾ ਦੀ ਅਗਵਾਈ ਵਿੱਚ ਜਥੇਬੰਦੀ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਅੱਜ ਕੇਂਦਰ ਅਤੇ ਪੰਜਾਬ ਸਰਕਾਰ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਰਾਹੀਂ ਜਿੱਥੇ ਪਬਲਿਕ ਸੈਕਟਰ ਨੂੰ ਖੋਰਾ ਲਾ ਰਹੀ ਹੈ ਉਥੇ ਹੀ ਨਵੇਂ ਰੁਜ਼ਗਾਰ ਲਈ ਰਾਹ ਵੀ ਬੰਦ ਕੀਤਾ ਹੋਇਆ ਹੈ। ਸਰਕਾਰ ਠੇਕੇਦਾਰੀ ਅਤੇ ਆਊਟਸੋਰਸਿੰਗ ਨੂੰ ਬੜ੍ਹਾਵਾ ਦੇ ਕੇ ਕਿਰਤੀਆਂ ਦਾ ਸਮਾਜਿਕ ਅਤੇ ਆਰਥਿਕ ਸ਼ੋਸ਼ਣ ਕਰ ਰਹੀ ਹੈ। ਮੁਲਾਜ਼ਮਾਂ, ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਕੇ ਸਰਕਾਰ ਨੇ ਸਾਬਤ ਕੀਤਾ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਅਤੇ ਮੌਜੂਦਾ ਕਾਂਗਰਸ ਸਰਕਾਰ ਵਿੱਚ ਕੋਈ ਅੰਤਰ ਨਹੀਂ ਹੈ। ਸਰਕਾਰ ਪੰਜਾਬ ਰੋਡਵੇਜ਼ ਵਿੱਚ ਬੱਸਾਂ ਸ਼ਾਮਲ ਨਾ ਕਰਕੇ ਸਗੋਂ ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾ ਰਹੀ ਹੈ ਜੋ ਕਿ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਦਾ ਕਾਰਨ ਬਣਨਗੀਆਂ ਤੇ ਮਹਿਕਮੇ ਵਿੱਚੋਂ ਪੱਕੇ ਡਰਾਈਵਰ ਅਤੇ ਵਰਕਸ਼ਾਪ ਕਾਮਿਆਂ ਦੀਆਂ ਪੋਸਟਾਂ ਦਾ ਸਫ਼ਾਇਆ ਕਰਨ ਵਾਲਾ ਕਦਮ ਬਣਨਗੀਆਂ। ਰੋਡਵੇਜ਼ ਅਦਾਰੇ ਲਈ ਸਰਕਾਰ ਬਜਟ ਵਿੱਚ ਇੱਕ ਵੀ ਪੇਸਾ ਫੰਡ ਵਜ਼ੋਂ ਨਹੀਨ ਰੱਖ ਰਹੀ। ਅਜਿਹੀਆਂ ਹੀ ਨੀਤੀਆਂ ਪਬਲਿਕ ਸੈਕਟਰ ਦੇ ਦੂਜੇ ਮਹਿਕਮਿਆਂ ਦੇ ਵਿਰੁੱਧ ਵੀ ਲਾਗੂ ਕੀਤੀਆਂ ਜਾ ਰਹੀੳਾਂ ਹਨ। ਇਸ ਲਈ ਸਮੁੱਚੀ ਮੁਲਾਜ਼ਮ ਜਮਾਤ ਨੂੰ ਸਰਕਾਰ ਦੀਆਂ ਮਾਰੂ ਆਰਥਿਕ ਨੀਤੀਆਂ ਵਿਰੁੱਧ ਸਾਂਝੀ ਲਾਮਬੰਦੀ ਦੀ ਲੋੜ ਹੈ। ਇਹੀ ਕਾ. ਗੁਰਮੇਲ ਨੂੰ ਸੱਚੀ ਸ਼੍ਰਧਾਂਜਲੀ ਹੋਵੇਗੀ। ਇਸ ਮੌਕੇ ਸੰਬੋਧਨ ਕਰਨ ਵਾਲਿੳਾਂ ਵਿੱਚ ਅਵਤਾਰ ਸਿੰਘ ਤਾਰੀ, ਗੁਰਦੇਵ ਸਿੰਘ ਰੋਪੜ, ਅੰਗਰੇਜ ਸਿੰਘ ਮੁਕਤਸਰ, ਬਲਕਰਨ ਮੋਗਾ, ਪੋਹਲਾ ਸਿੰਘ ਬਰਾੜ, ਬਚਿੱਤਰ ਸਿੰਘ ਧੋਥੜ, ਸੁਰਿੰਦਰ ਸਿੰਘ, ਇੰਦਰਜੀਤ ਸਿੰਘ ਭਿੰਡਰ, ਜਪਾਲ ਸਿੰਘ ਪਾਲੀ, ਚਮਕੌਰ ਸਿੰਘ ਡਗਰੂ, ਅਵਤਾਰ ਸਿੰਘ ਗਗੜਾ, ਮਨਜੀਤ ਸਿੰਘ ਲੁਧਿਆਣਾ ਆਦਿ ਸ਼ਾਮਲ ਸਨ।