ਸਮੂਹ ਅਧਿਕਾਰੀ ਆਮ ਜਨਤਾ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਹਮੇਸ਼ਾ ਖਿੜੇ ਮੱਥੇ ਪ੍ਰਦਾਨ ਕਰਨ : ਮੈਂਬਰ ਪਾਰਲੀਮੈਂਟ ਪ੍ਰੋ: ਸਾਧੂ ਸਿੰਘ
ਮੋਗਾ 10 ਅਕਤੂਬਰ: (ਜਸ਼ਨ):ਜ਼ਿਲੇ ਦੇ ਸਬੰਧਤ ਅਧਿਕਾਰੀ, ਐਮ.ਪੀ.ਲੈਡ ਸਕੀਮ ਤਹਿਤ ਵਿਕਾਸ ਕੰਮਾਂ ਲਈ ਜਾਰੀ ਕੀਤੇ ਫੰਡਾਂ ਦੀ ਉੱਚਿਤ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨੂੰ ਮਿਥੇ ਸਮੇਂ ਵਿੱਚ ਮੁਕੰਮਲ ਕਰਨ ਲਈ ਕੰਮ ‘ਚ ਤੇਜ਼ੀ ਲਿਆਉਣ।ਇਹ ਹਦਾਇਤ ਪ੍ਰੋ: ਸਾਧੂ ਸਿੰਘ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਫ਼ਰੀਦਕੋਟ ਨੇ ਮੀਟਿੰਗ ਹਾਲ ਵਿਖੇ ਐਮ.ਪੀ ਲੈਡ ਸਕੀਮ ਦੀ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਬੰਧਤ ਕਾਰਜਕਾਰੀ ਏਜੰਸੀਆਂ ਦੇ ਅਧਿਕਾਰੀਆਂ ਨੂੰ ਕੀਤੀ। ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ. ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜੇਸ਼ ਤਿ੍ਰਪਾਠੀ ਅਤੇ ਉਪ ਅਰਥ ਤੇ ਅੰਕੜਾ ਸਲਾਹਕਾਰ ਮੈਡਮ ਸੁਨੀਤਾ ਪਾਲ ਵੀ ਮੌਜੂਦ ਸਨ।ਇਸ ਮੌਕੇ ਮੈਂਬਰ ਪਾਰਲੀਮੈਂਟ ਪ੍ਰੋ: ਸਾਧੂ ਸਿੰਘ ਨੇ ਸਬੰਧਤ ਕਾਰਜਕਾਰੀ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜ਼ਿਲੇ ‘ਚ ਐਮ.ਪੀ. ਲੈਡ ਸਕੀਮ ਤਹਿਤ ਚੱਲ ਰਹੇ 138 ਵਿਕਾਸ ਕਾਰਜਾਂ ਨੂੰ ਜਲਦੀ ਮੁਕੰਮਲ ਕਰਕੇ 275.45 ਲੱਖ ਰੁਪਏ ਦੇ ਬਕਾਇਆ ਵਰਤੋਂ ਸਰਟੀਫ਼ੀਕੇਟ ਤੁਰੰਤ ਪੇਸ਼ ਕਰਨ। ਉਨਾਂ ਇਸ ਸਕੀਮ ਤਹਿਤ ਵੱਖ-ਵੱਖ ਵਿਭਾਗ਼ਾਂ ਦੇ ਲੋੜੀਂਦੇ ਪੈਡਿੰਗ ਦਸਤਾਵੇਜ਼ਾਂ ਦਾ ਵੀ ਜ਼ਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਗਰਾਂਟ ਜਾਰੀ ਕਰਨ ਤੋਂ ਪਹਿਲਾਂ 12 ਵਿਕਾਸ ਕਾਰਜਾਂ ਲਈ 24.25 ਲੱਖ ਰੁਪਏ ਦੇ ਲੋੜੀਂਦੇ ਦਸਤਾਵੇਜ਼ ਤੁਰੰਤ ਪੇਸ਼ ਕਰਨ ਦੇ ਆਦੇਸ਼ ਵੀ ਦਿੱਤੇ।ਇਸ ਤੋਂ ਪਹਿਲਾਂ ਪ੍ਰੋ: ਸਾਧੂ ਸਿੰਘ ਨੇ ਡਿਸਟਿ੍ਰਕਟ ਡਿਵੈਲਪਮੈਂਟ ਕੋ-ਆਰਡੀਨੇਸ਼ਨ ਅਤੇ ਮੋਨੀਟਰਿੰਗ ਕਮੇਟੀ (ਦਿਸ਼ਾ) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਅਧਿਕਾਰੀ ਜਨਤਾ ਦੇ ਸੇਵਕ ਹਨ, ਇਸ ਲਈ ਸਮੂਹ ਅਧਿਕਾਰੀਆਂ ਨੂੰ ਆਮ ਜਨਤਾ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਹਮੇਸ਼ਾ ਖਿੜੇ ਮੱਥੇ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਤਾਂ ਜੋ ਹੇਠਲੇ ਪੱਧਰ ਤੱਕ ਲੋਕ ਇੰਨਾਂ ਸਹੂਲਤਾਂ ਦਾ ਲਾਭ ਉਠਾ ਸਕਣ।
ਉਨਾਂ ਅਧਿਕਾਰੀਆਂ ਨੂੰ ਆਮ ਜਨਤਾ ਦੀ ਸੇਵਾ ਤਨਦੇਹੀ ਅਤੇ ਸ਼ਿੱਦਤ ਨਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨਾਂ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਨੂੰ ਸਿਹਤ ਵਿਭਾਗ ਦੇ ਨੁਮਾਇੰਦੇ ਨੇ ਵਿਭਾਗ ਦੀ ‘ਜਨਨੀ ਸੁਰੱਖਿਆ ਯੋਜਨਾ‘, ਪ੍ਰੀਵਾਰ ਨਿਯੋਜਨ, ਸਕੂਲ ਹੈਲਥ ਪ੍ਰੋਗਰਾਮ ਅਤੇ ਪਲਸ ਪੋਲੀਓ ਆਦਿ ਸਕੀਮਾਂ ਬਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ। ਸਿੱਖਿਆ ਵਿਭਾਗ ਦੇ ਨੁਮਾਇੰਦੇ ਜੈਵਲ ਜੈਨ ਨੇ ਸਰਵ ਸਿੱਖਿਆ ਅਭਿਆਨ ਤਹਿਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਵਰਦੀਆਂ, ਕਿਤਾਬਾਂ ਅਤੇ ਵਿਸੇਸ਼ ਟ੍ਰੇਨਿੰਗ ਤੋਂ ਇਲਾਵਾ ਮਿਡ-ਡੇ-ਮੀਲ ਸਕੀਮ ਬਾਰੇ ਜਾਣਕਾਰੀ ਦਿੱਤੀ। ਜ਼ਿਲਾ ਪ੍ਰੋਗਰਾਮ ਅਫ਼ਸਰ ਮਨਜੀਤ ਕੌਰ ਨੇ ‘ਬੇਟੀ ਬਚਾਓ-ਬੇਟੀ ਪੜਾਓ ‘ ਅਭਿਆਨ ਬਾਰੇ ਮੈਂਬਰ ਪਾਰਲੀਮਂੈਂਟ ਨੂੰ ਜਾਣੂ ਕਰਵਾਇਆ। ਡਾਇਰੈਕਟਰ ਆਤਮਾ ਡਾ: ਬਲਵਿੰਦਰ ਸਿੰਘ ਨੇ ਖੇਤੀਬਾੜੀ ਵਿਭਾਗ ਦੀ ਆਤਮਾ ਸਕੀਮ ਤਹਿਤ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਿਕ ਚਾਨਣਾ ਪਾਇਆ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿਕਾਸ ਕਾਰਜਾਂ ‘ਚ ਮਿਆਰੀ ਮਟੀਰੀਅਲ ਦੀ ਵਰਤੋਂ ਕਰਨ ਅਤੇ ਸਰਕਾਰ ਵੱਲੋਂ ਜਾਰੀ ਰਾਸ਼ੀ ਦੀ ਯੋਗ ਵਰਤੋਂ ਨੂੰ ਯਕੀਨੀ ਬਣਾਉਣ ਹਿੱਤ ਨਿੱਜੀ ਤੌਰ ‘ਤੇ ਜਾ ਕੇ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਨ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ ਮੋਗਾ/ਧਰਮਕੋਟ ਸੁਖਹਰਪ੍ਰੀਤ ਸਿੰਘ ਅਟਵਾਲ, ਐਸ.ਡੀ.ਐਮ ਬਾਘਾਪੁਰਾਣਾ ਅਮਰਬੀਰ ਸਿੰਘ ਸਿੱਧੂ, ਜਾਇੰਟ ਕਮਿਸ਼ਨਰ ਨਗਰ ਨਿਗਮ ਸਤੀਸ਼ ਕੁਮਾਰ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਲਖਵਿੰਦਰ ਸਿੰਘ ਰੰਧਾਵਾ, ਮੁੱਖ ਖੇਤੀਬਾੜੀ ਅਫ਼ਸਰ ਡਾ: ਹਰਿੰਦਰਜੀਤ ਸਿੰਘ, ਐਡਵੋਕੇਟ ਮੀਨਾ ਸ਼ਰਮਾ ਇਸਤਰੀ ਮੈਂਬਰ, ਇਨਵੈਸਟੀਗੇਟਰ ਸ਼ਿਵਦੀਪ ਗੋਇਲ, ਕਮੇਟੀ ਮੈਂਬਰ ਮੱਲ ਸਿੰਘ, ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਨੁਮਾਇੰਦੇ ਹਾਜ਼ਰ ਸਨ।