ਟੀ.ਬੀ. ਦੇ ਮਰੀਜਾਂ ਨੂੰ ਦਵਾਈ ਖੁਆਉਣ ਦਾ ਢੰਗ ਬਦਲਿਆ, ਸਿਹਤ ਕਰਮੀਆਂ ਦੀ ਟ੍ਰੇਨਿੰਗ ਸ਼ੁਰੂ
ਮੋਗਾ, 9 ਅਕਤੂਬਰ (ਜਸ਼ਨ): ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਦੀ ਅਗਵਾਈ ਵਿੱਚ ਤਪਦਿਕ (ਟੀ.ਬੀ.) ਦੀ ਬਿਮਾਰੀ ਖਿਲਾਫ ਵਿੱਢੀ ਮੁਹਿੰਮ ਤਹਿਤ ਜਿਲਾ ਮੋਗਾ ਵਿੱਚ ਨਵੀਆਂ ਗਾਈਡਲਾਈਨਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਹੁਣ ਟੀ.ਬੀ. ਦੇ ਮਰੀਜਾਂ ਨੂੰ ਦਵਾਈ ਖੁਆਉਣ ਦਾ ਢੰਗ ਵੀ ਬਦਲ ਦਿੱਤਾ ਗਿਆ ਹੈ। ਅੱਜ ਇਥੇ ਜਿਲਾ ਟੀ.ਬੀ. ਕੇਂਦਰ ਵਿਖੇ ਸਿਵਲ ਸਰਜਨ ਮੋਗਾ ਡਾ. ਮਨਜੀਤ ਸਿੰਘ ਤੇ ਜਿਲਾ ਟੀ.ਬੀ. ਅਫਸਰ ਡਾ. ਇੰਦਰਵੀਰ ਸਿੰਘ ਗਿੱਲ ਨੇ ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਦੀਆਂ ਟੀਮਾਂ ਨੂੰ ਟ੍ਰੇਨਿੰਗ ਦੇਣ ਵੇਲੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਢੰਗ ਮੁਤਾਬਿਕ ਇੱਕੋ ਕਿਸਮ ਦੀ ਗੋਲੀ ਵਿੱਚ ਸਾਰੇ ਸਾਲਟ ਪਾ ਕੇ ਮਰੀਜ ਨੂੰ ਰੋਜ਼ਾਨਾ ਇਹ ਗੋਲੀ ਉਸਦੇ ਭਾਰ ਮੁਤਾਬਕ ਖੁਆਈ ਜਾਵੇਗੀ। ਪਹਿਲਾਂ ਵੱਖ-ਵੱਖ ਕਿਸਮ ਦੀਆਂ ਗੋਲੀਆਂ ਇੱਕ ਦਿਨ ਦਾ ਨਾਗਾ ਪਾ ਕੇ ਖੁਆਈਆਂ ਜਾਂਦੀਆਂ ਸਨ। ਗੋਲੀਆਂ ਦੀ ਗਿਣਤੀ ਮਰੀਜ ਦੇ ਭਾਰ ਮੁਤਾਬਕ ਹੋਵੇਗੀ। ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਲੇ ਦੇ ਸਾਰੇ ਸਿਹਤ ਕਰਮੀਆਂ ਨੂੰ ਇਸ ਨਵੇਂ ਢੰਗ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਜਲਦ ਹੀ ਇਹ ਤਰੀਕਾ ਪੂਰੇ ਜਿਲੇ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਦੀਆਂ ਟੀਮਾਂ, ਜਿਨਾਂ ਵਿੱਚ ਅਯੁਰਵੈਦਿਕ ਮੈਡੀਕਲ ਅਫਸਰ, ਫਾਰਮਾਸਿਸਟ ਤੇ ਸਟਾਫ ਨਰਸਾਂ ਸ਼ਾਮਿਲ ਹਨ, ਸਕੂਲਾਂ ਵਿੱਚ ਜਾ ਕੇ ਬੱਚਿਆਂ ਦੀ ਸਿਹਤ ਦੀ ਜਾਂਚ ਕਰਦੀਆਂ ਹਨ ਤੇ ਹੁਣ ਇਹ ਟੀਮਾਂ ਬੱਚਿਆਂ ਨੂੰ ਟੀ.ਬੀ. ਦੀ ਬਿਮਾਰੀ ਦੇ ਲੱਛਣ, ਇਲਾਜ ਤੇ ਬਚਾਅ ਬਾਰੇ ਜਾਗਰੂਕ ਵੀ ਕਰਿਆ ਕਰਨਗੇ। ਹਾਲ ਹੀ ਵਿੱਚ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨੇ 2025 ਤੱਕ ਪੰਜਾਬ ਵਿੱਚੋਂ ਟੀ.ਬੀ. ਦੀ ਬਿਮਾਰੀ ਨੂੰ ਖਤਮ ਕਰਨ ਦਾ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਟੀ.ਬੀ. ਸੈੱਲ ਨੇ ਆਪਣੀ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ।