ਕੈਨੇਡਾ ਦੇ ਪੰਜਾਬ ਭਵਨ ’ਚ ‘ਉੱਤਰੀ ਅਮਰੀਕਾ ਸਾਹਿਤ ਤੇ ਸਭਿਆਚਾਰ ਸੰਮੇਲਨ’ ਆਰੰਭ, ਡਾ: ਸੁਰਜੀਤ ਪਾਤਰ ਨੇ ਕੀਤਾ ਉਦਘਾਟਨ
ਸਰੀ/ਕੈਨੇਡਾ, 8 ਅਕਤੂਬਰ(ਤੇਜਿੰਦਰ ਸਿੰਘ ਜਸ਼ਨ)-: ਕੈਨੇਡਾ ਦੇ ਸ਼ਹਿਰ ਸਰੀ ‘ਚ ਦੋ ਰੋਜ਼ਾ ‘ਉੱਤਰੀ ਅਮਰੀਕਾ ਸਾਹਿਤ ਤੇ ਸਭਿਆਚਾਰ ਸੰਮੇਲਨ’ ਸੁਰੂ ਹੋ ਗਿਆ । ਸੰਮੇਲਨ ਦਾ ਉਦਘਾਟਨ ਚੇਅਰਮੈਨ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ਼੍ਰੀ ਡਾ: ਸੁਰਜੀਤ ਪਾਤਰ ਨੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਡਾ: ਪਾਤਰ ਨੇ ਕਿਹਾ ਕਿ ਕੈਨੇਡਾ ਦੀ ਧਰਤੀ ਤੇ ਸਥਾਪਿਤ ਪੰਜਾਬ ਭਵਨ ਮੇਰੇ ਲਈ ਸਿਰਫ ਇਮਾਰਤ ਨਹੀਂ ਸਗੋਂ ਸਾਡੇ ਏਥੇ ਵੱਸਦੇ ਪੰਜਾਬੀਆਂ ਦੀ ਤੜਪ, ਤਾਂਘ ,ਵਿਕਾਸ ਅਤੇ ਵਿਰਾਸਤ ਦਾ ਪਰਤੀਕ ਹੈ। ਉਨਾਂ ਕਿਹਾ ਕਿ ਇਸ ਇਮਾਰਤ ਪਿੱਛੇ ਸਾਡੀ ਇਤਿਹਾਸਕ, ਸਾਹਿਤਕ ਅਤੇ ਸਭਿਆਚਾਰਕ ਇਬਾਰਤ ਉੱਕਰੀ ਹੋਈ ਹੈ ਅਤੇ ਉੱਤਰੀ ਅਮਰੀਕਾ ਤੋਂ ਹੰੁਮ-ਹੰੁਮਾ ਕੇ ਆਏ ਸਾਹਿਤਕਾਰ ਅਤੇ ਦਾਨਿਸ਼ਵਰ ਅੱਜ ਇਸ ਇਮਾਰਤ ਨੂੰ ਇਬਾਰਤ ਵਿੱਚ ਤਬਦੀਲ ਕਰ ਰਹੇ ਹਨ। ਦੋ ਰੋਜਾ ਸੰਮੇਲਨ ਦਾ ਮੁੱਖ ਸੁਰ ਭਾਸ਼ਣ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਪ੍ਰੋਫੈਸਰ ਡਾ: ਸਾਧੂ ਸਿੰਘ ਨੇ ਕਿਹਾ ਕਿ ਉੱਤਰੀ ਅਮਰੀਕਾ ਦੀ ਧਰਤੀ ਨੇ ਇਕ ਸਦੀ ਪਹਿਲਾਂ ਇਹ ਸੁਨੇਹਾ ਦੇ ਦਿੱਤਾ ਸੀ ਕਿ ਖੇਤਰੀ ਭਾਸ਼ਾਵਾਂ ਹੀ ਗੁਲਾਮੀ ਦੇ ਸੰਗਲ ਤੋੜਨ ਦੇ ਸਮਰੱਥ ਹਨ।
ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਹਰਨਾਮ ਸਿੰਘ ਟੁੰਡੀਲਾਟ ਦੇ ਹਵਾਲੇ ਨਾਲ ਉਨਾਂ ਕਿਹਾ ਕਿ ਉਹ ਆਪਣੇ ਬੋਲਾਂ ਦੀ ਪਹਿਰੇਦਾਰੀ ਕਰਨ ਕਾਰਨ ਹੀ ਅਫਗਾਨਿਸਤਾਨ ਦੀ ਹੱਦ ਤੋਂ ਪਰਤ ਆਏ ਤੇ ਲਾਇਲਪੁਰੋਂ ਫੜੇ ਗਏ। ਉਨਾਂ ਕਿਹਾ ਕਿ ਕਲਮਕਾਰ ਨੂੰ ਆਪਣੇ ਵਿਸ਼ਵਾਸ ਤੇ ਪਹਿਰਾ ਦੇਣਾ ਚਾਹੀਦਾ ਹੈ। ਪ੍ਰਧਾਨਗੀ ਮੰਡਲ ਵਿੱਚ ਡਾ: ਸੁਰਜੀਤ ਪਾਤਰ ਤੇ ਡਾ: ਸਾਧੂ ਸਿੰਘ ,ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ,ਵੈਨਕੋਵਰ ਕੈਨੇਡਾ ਚ ਭਾਰਤ ਦੇ ਕੌਂਸਲੇਟ ਜਨਰਲ ਸ: ਅਮਰਜੀਤ ਸਿੰਘ ਤੇ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ ਸ਼ਾਮਲ ਹੋਏ। ਇਸ ਮੌਕੇ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਉੱਤਰੀ ਅਮਰੀਕਾ ਚ ਸਿਰਜੇ ਸਾਹਿਤ ਅਤੇ ਵਿਕਸਤ ਹੋ ਰਹੇ ਨਵੇਂ ਸਭਿਆਚਾਰਕ ਮੁਹਾਂਦਰੇ ਦੀ ਨਿਸ਼ਾਨਦੇਹੀ ਲਈ ਇਹ ਸੰਮੇਲਨ ਯਕੀਨਨ ਚੰਗੇ ਨਤੀਜੇ ਕੱਢੇਗਾ। ਉਨਾਂ ਕਿਹਾ ਕਿ ਇੱਕ ਸਾਲ ਪਹਿਲਾਂ ਮੇਰੇ ਸੁਝਾਅ ਤੇ ਸੁੱਖੀ ਬਾਠ ਨੇ ਪੰਜਾਬ ਭਵਨ ਦੀ ਸਥਾਪਨਾ ਕਰ ਦਿੱਤੀ ਅਤੇ ਹੁਣ ਪਹਿਲੀ ਸਾਲਗਿਰਾ ਤੇ ਏਡਾ ਵੱਡਾ ਸਮਾਗਮ ਹੋਣਾ ਕਰਾਮਾਤ ਤੋਂ ਘੱਟ ਨਹੀਂ ਹੈ। ਭਾਰਤ ਦੇ ਅਮਰੀਕਾ ਚ ਕੌਂਸਲੇਟ ਜਨਰਲ ਸ: ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਵੰਨ ਸੁਵੰਨੀ ਵਿਰਾਸਤ ਵਾਲੇ ਦੇਸ਼ ਹਨ ਜਿੱਥੇ ਸਭ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਸਮਾਗਮ ਦੌਰਾਨ ਮੰਚ ਸੰਚਾਲਨ ਟੋਰਾਂਟੋ ਤੋਂ ਆਏ ਲੇਖਕ ਕੁਲਵਿੰਦਰ ਖਹਿਰਾ ਨੇ ਕੀਤਾ।
ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ਕੈਨੇਡੀਅਨ ਪੁਲੀਸ ਅਧਿਕਾਰੀ ਜੈਗ ਖੋਸਾ, ਬਲਤੇਜ ਸਿੰਘ ਢਿੱਲੋਂ ਤੇ ਪਿਰਥੀਪਾਲ ਸਿੰਘ ਸੋਹੀ ਨੇ ਖੋਜ ਪੱਤਰ ਪੜੇ। ਦੂਜੇ ਸੈਸਨ ਚ ਕਹਾਣੀਕਾਰ ਡਾ: ਵਰਿਆਮ ਸਿੰਘ ਸੰਧੂ, ਕੁਲਵਿੰਦਰ ਖਹਿਰਾ ਤੇ ਭੁਪਿੰਦਰ ਦੁਲੈ ਨੇ ਖੋਜ ਪੱਤਰ ਪੜੇ। ਇਸ ਮੌਕੇ ਮੰਚ ਸੰਚਾਲਨ ਕੁਲਜੀਤ ਕੌਰ ਮੰਡੇਰ ਮੀਡੀਆ ਵੇਵਜ਼ ਨੇ ਕੀਤਾ। ਤੀਜੇ ਸੈਸ਼ਨ ‘ਚ ਨਾਵਲਕਾਰ ਜਰਨੈਲ ਸਿੰਘ ਸੇਖਾ, ਪਿ੍ਰੰਸੀਪਲ ਸੁਰਿੰਦਰਪਾਲ ਕੌਰ ਬਰਾੜ ਅਤੇ ਅਮਰੀਕ ਪਲਾਹੀ ਨੇ ਖੋਜ ਪੱਤਰ ਪੇਸ਼ ਕੀਤਾ। ਇਸ ਸੈਸ਼ਨ ਦਾ ਮੰਚ ਸੰਚਾਲਨ ਗੁਰਬਾਜ ਸਿੰਘ ਬਰਾੜ ਪੇਸ਼ਕਾਰ ਰੇਡੀਓ ਸ਼ੇਰ-ਏ-ਪੰਜਾਬ ਨੇ ਕੀਤਾ। ਉਪਰੰਤ ਕਵੀ ਦਰਬਾਰ ਚ 40 ਕਵੀਆਂ ਨੇ ਭਾਗ ਲਿਆ ਅਤੇ ਆਪਣੀਆਂ ਰਚਨਾਵਾਂ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਮੰਚ ਸੰਚਾਲਨ ਕਵਿੰਦਰ ਚਾਂਦ ਨੇ ਕੀਤਾ। ਇਸ ਮੌਕੇ ਅਮਰੀਕਾ ਵਾਸੀ ਲੇਖਕ ਪ੍ਰੋ: ਸੁਰਜੀਤ ਸਿੰਘ ਕਾਉਂਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਆਖਿਆ ਕਿ ਸੁੱਖੀ ਬਾਠ ਵੱਲੋਂ ਆਪਣੇ ਪਿਤਾ ਸਵਰਗੀ ਸਰਦਾਰ ਅਰਜਨ ਸਿੰਘ ਬਾਠ ਦੀ ਯਾਦ ਨੂੰ ਸਲਾਮਤ ਰੱਖਣ ਲਈ ਉਸਾਰੇ ਪੰਜਾਬ ਭਵਨ ਵਿਚ ਪੰਜਾਬੀ ਬੋਲੀ ਦੇ ਪਸਾਰ ਅਤੇ ਪ੍ਰਚਾਰ ਦੇ ਨਾਲ ਨਾਲ ਬੁੱਧੀਜੀਵੀਆਂ ਨਾਲ ਸਾਂਝਾ ਚਿੰਤਨ ਕਰਦਿਆਂ ਪੰਜਾਬੀ ਦੇ ਅਮੀਰ ਵਿਰਸੇ ਦੀ ਸੰਭਾਲ ਲਈ ਸਾਹਿਤਕ ਯਤਨ ਨਿਸ਼ਚੈ ਹੀ ਸਾਰਥਕ ਸਿੱਧ ਹੋਣਗੇ ਅਤੇ ਨਵੀਂ ਪੀੜੀ ਲਈ ਰਾਹ ਦਸੇਰਾ ਸਿੱਧ ਹੋਣਗੇ।
.