ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ 484ਵੇਂ ਪ੍ਰਕਾਸ਼ ਪੁਰਬ ਦੀ ਵਧਾਈ

ਚੰਡੀਗੜ, 6 ਅਕਤੂਬਰ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਦੇ 484ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਦੀ ਦੁਨੀਆ ਭਰ ਦੇ ਲੋਕਾਂ ਖਾਸ ਕਰਕੇ ਸਿੱਖਾਂ ਨੂੰ ਨਿੱਘੀ ਵਧਾਈ ਦਿੱਤੀ ਹੈ।  ਮੁੱਖ ਮੰਤਰੀ ਨੇ ਇਕ ਸੰਦੇਸ਼ ਵਿੱਚ ਗੁਰੂ ਸਾਹਿਬ ਨੂੰ ਪਿਆਰ, ਸ਼ਰਧਾ ਅਤੇ ਸੇਵਾ ਦੀ ਸਾਕਾਰ ਮੂਰਤ ਦੱਸਦਿਆਂ ਕਿਹਾ ਕਿ ਗੁਰੂ ਰਾਮ ਦਾਸ ਜੀ ਦਾ ਜੀਵਨ ਤੇ ਫਿਲਾਸਫੀ ਮਨੁੱਖਤਾ ਲਈ ਸਚਿਆਈ, ਨਿਸ਼ਕਾਮ ਸੇਵਾ, ਨਿਮਰਤਾ ਅਤੇ ਦਇਆ ਪ੍ਰਤੀ ਮਾਰਗ ਦਰਸ਼ਨ ਕਰਨ ਦਾ ਚਾਨਣ ਮੁਨਾਰਾ ਹੈ।  ਮੁੱਖ ਮੰਤਰੀ ਨੇ ਲੋਕਾਂ ਨੂੰ ਇਹ ਪਵਿੱਤਰ ਦਿਹਾੜਾ ਆਪਸੀ ਭਾਈਚਾਰੇ ਅਤੇ ਰਲ-ਮਿਲ ਕੇ ਮਨਾਉਣ ਦਾ ਸੱਦਾ ਦਿੱਤਾ। ਸ੍ਰੀ ਗੁਰੂ ਰਾਮ ਦਾਸ ਜੀ ਨੇ ਚੱਕ ਰਾਮਦਾਸ ਜਾਂ ਰਾਮਦਾਸਪੁਰ ਦੀ ਨੀਂਹ ਰੱਖੀ ਸੀ ਜਿਸਨੂੰ ਹੁਣ ਅੰਮਿ੍ਰਤਸਰ ਆਖਿਆ ਜਾਂਦਾ ਹੈ। ਗੁਰੂ ਸਾਹਿਬ ਜੀ ਦੇ 246 ਪਦੇ, 138 ਸਲੋਕ, 31 ਅਸਟਪਦੀਆਂ ਅਤੇ 8 ਵਾਰਾਂ ਸਮੇਤ 30 ਰਾਗਾਂ ਵਿੱਚ 638 ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਜੋ ਸਦੀਵੀ ਸ਼ਾਂਤੀ ਅਤੇ ਸਬਰਵਿਆਪਕ ਭਾਈਚਾਰਕ ਸਾਂਝ ਦਾ ਅਣਮੁੱਲਾ ਖਜ਼ਾਨਾ ਹੈ।