ਬਾਘਾਪੁਰਾਣਾ ਦੇ ਸਿੱਧੂ ਗੰਨ ਹਾਊਸ ‘ਚੋਂ ਪੰਜ ਰਾਈਫਲਾਂ ਚੋਰੀ,ਦਹਿਸ਼ਤ ਦਾ ਮਾਹੌਲ
ਬਾਘਾਪੁਰਾਣਾ,8 ਅਕਤੂਬਰ (ਜਸਵੰਤ ਗਿੱਲ ਸਮਾਲਸਰ)ਅੱਜ ਸਵੇਰੇ ਹੀ ਸਥਾਨਕ ਸ਼ਹਿਰ ਬਾਘਾਪੁਰਾਣਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ,ਜਦ ਲੋਕਾਂ ਨੂੰ ਪਤਾ ਲੱਗਾ ਕਿ ਮੋਗਾ ਰੋਡ ‘ਤੇ ਸਥਿਤ ਸਿੱਧੂ ਗੰਨ ਹਾਊਸ ‘ਚੋਂ ਰਾਤ ਸਮੇਂ ਪੰਜ ਬਾਰਾਂ ਬੋਰ ਰਾਈਫਲਾਂ ਚੋਰੀ ਹੋ ਗਈਆ ਹਨ।ਘਟਨਾ ਦਾ ਪਤਾ ਲੱਗਦਿਆ ਹੀ ਜਿਲ੍ਹਾ ਪੁਲਿਸ ਮੁਖੀ ਰਾਜਜੀਤ ਸਿੰਘ ਹੁੰਦਲ,ਡੀ.ਐੱਸ.ਪੀ ਸੁਖਦੀਪ ਸਿੰਘ ਬਾਘਾਪੁਰਾਣਾ ਅਤੇ ਥਾਣਾ ਬਾਘਾਪੁਰਾਣਾ ਦੇ ਮੁੁੱਖ ਅਫਸਰ ਭੁਪਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚ ਗਏ ਅਤੇ ਚੋਰੀ ਸਬੰਧੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।ਚੋਰੀ ਸਬੰਧੀ ਜਾਣਕਾਰੀ ਦਿੰਦਿਆ ਸਿੱਧੂ ਗੰਨ ਹਾਊਸ ਦੇ ਮਾਲਕ ਕੁਲਦੀਪ ਸਿੰਘ ਉਰਫ ਕਮਲ ਸਿੱਧੂ ਵਾਸੀ ਬਾਘਾਪੁਰਾਣਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਸਵੇਰੇ ਜਦ ਉਸਨੇ ਦੁਕਾਨ ਖੁਲ੍ਹੀ ਤਾਂ ਅੰਦਰ ਸਮਾਨ ਖਿਲਰਿਆਂ ਹੋਇਆ ਸੀ ਅਤੇ ਛੱਤ ਵਿੱਚ ਪਾੜ ਲੱਗਿਆ ਹੋਇਆ ਸੀ।ਇਸ ਸਬੰਧੀ ਤੁਰੰਤ ਥਾਣਾ ਬਾਘਾਪੁਰਾਣਾ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਮਲ ਸਿੱਧੂ ਨੇ ਦੱਸਿਆ ਕਿ ਉਸ ਦੀ ਦੁਕਾਨ ਵਿੱਚ ਕੈਮਰੇ ਲੱਗੇ ਹੋਏ ਹਨ ਚੋਰਾਂ ਨੇ ਸਭ ਤੋਂ ਪਹਿਲਾ ਕੈਮਰਿਆ ਨੂੰ ਹੀ ਨਿਸ਼ਾਨਾ ਬਣਾਇ ਤੇ ਛੱਤ ਵਿੱਚ ਪਾੜ ਲਾ ਕੇ ਪੰਜ ਰਾਈਫਲਾਂ ਬਾਰਾਂ ਬੋਰ ਚੋਰੀ ਕਰਕੇ ਲੈ ਗਏ।ਇਸ ਸਬੰਧੀ ਜਿਲ੍ਹਾ ਪੁਲਿਸ ਮੁਖੀ ਰਾਜਜੀਤ ਸਿੰਘ ਹੁੰਦਲ ਨੇ ਗੱਲਬਾਤ ਕਰਦਿਆ ਦੱਸਿਆ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।ਡੀ.ਐੱਸ.ਪੀ.ਸੁਖਦੀਪ ਸਿੰਘ ਨੇ ਦੱਸਿਆ ਕਿ ਸਿੱਧੂ ਗੰਨ ਹਾਊਸ ‘ਚੋ ਚੋਰਾਂ ਨੇ ਰਾਤ ਸਮੇਂ ਛੱਤ ਵਿੱਚ ਪਾੜ ਲਾ ਕੇ ਪੰਜ ਬਾਰਾਂ ਬੋਰ ਰਾਈਫਲਾਂ ਚੋਰੀ ਕੀਤੀਆ ਹਨ ਅਤੇ ਇਹ ਕੰਮ ਕਿਸੇ ਨਜ਼ਦੀਕੀ ਵਿਅਕਤੀ ਦਾ ਹੀ ਹੋ ਸਕਦਾ ਹੈ ਪੁਲਿਸ ਵਲੋਂ ਜਾਂਚ ਪੜਤਾਲ ਕੀਤੀ ਜਾ ਰਹੀ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਿੱਧੂ ਗੰਨ ਹਾਊਸ ਦੀ ਛੱਤ ਟਾਇਲ-ਬੱਤੇ ਦੀ ਬਣੀ ਹੋਈ ਹੈ ਅਤੇ ਛੱਤ ਉਪਰ ਫਰਸ਼ ਵੀ ਨਹੀਂ ਲੱਗੀ ਹੋਈ।ਜਿਸ ਕਾਰਨ ਇਹ ਚੋਰੀ ਵਾਲੀ ਘਟਨਾ ਵਾਪਰੀ ਹੈ।ਅਸ਼ਲਾ ਮਾਲਕਾ ਨੂੰ ਪੰਜਾਬ ਵਿੱਚ ਪਹਿਲਾ ਵਾਪਰ ਚੁੱਕੀਆ ਚੋਰੀ ਦੀਆਂ ਅਨੇਕਾ ਘਟਨਾਵਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ ਅਤੇ ਅਸ਼ਲੇ ਵਾਲੀਆਂ ਦੁਕਾਨਾਂ ਨੂੰ ਪੱਕਾ ਕਰਨਾ ਚਾਹੀਦਾ ਹੈ ਅਤੇ ਕੈਮਰਿਆ ਤੋਂ ਇਲਾਵਾ ਅਸ਼ਲੇ ਦੀ ਸੁਰੱਖਿਆ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ।ਕਿਉਂਕਿ ਅਸ਼ਲਾ ਚੋਰੀ ਹੋਣ ਨਾਲ ਇਲਾਕੇ ਵਿੱਚ ਹੀ ਨਹੀਂ ਸਗੋਂ ਪੰਜਾਬ ਵਿੱਚ ਵੀ ਦਹਿਸ਼ਤ ਫੈਲ ਜਾਂਦੀ ਹੈ ਅਤੇ ਕੋਈ ਵੀ ਵੱਡੀ ਵਾਰਦਾਤ ਵਾਪਰ ਸਕਦੀ ਹੈ।