ਜ਼ਿਲਾ ਪ੍ਰਸ਼ਾਸ਼ਨ ਵੱਲੋਂ ‘ਬੇਟੀ ਬਚਾਓ-ਬੇਟੀ ਪੜਾਓ ‘ ਸਪਤਾਹ 9 ਤੋਂ 14 ਅਕਤੂਬਰ ਤੱਕ
ਮੋਗਾ 6 ਅਕਤੂਬਰ (ਜਸ਼ਨ)-ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵੱਲੋ ‘ਬੇਟੀ ਬਚਾਓ-ਬੇਟੀ ਪੜਾਓ’ ਚਲਾਈ ਜਾ ਰਹੀ ਸਕੀਮ ਤਹਿਤ ਜ਼ਿਲਾ ਪ੍ਰਸ਼ਾਸਨ ਵੱਲੋਂ 9 ਅਕਤੂਬਰ ਤੋ 14 ਅਕਤੂਬਰ 2017 ਤੱਕ ‘ਬੇਟੀ ਬਚਾਓ- ਬੇਟੀ ਪੜਾਓ’ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਦੌਰਾਨ ਜ਼ਿਲਾ, ਬਲਾਕ ਅਤੇ ਪਿੰਡ ਪੱਧਰ ‘ਤੇ ਲੜਕੀਆਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲੇ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਸਹਾਇਕ ਕਮਿਸ਼ਨਰ ਮੋਗਾ ਸ. ਹਰਪ੍ਰੀਤ ਸਿੰਘ ਅਟਵਾਲ ਨੇ ‘ਬੇਟੀ ਬਚਾਓ-ਬੇਟੀ ਪੜਾਓ‘ ਸਪਤਾਹ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਬੁਲਾਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਮੋਗਾ ਮੈਡਮ ਮਨਜੀਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਐਸ.ਕੇ.ਸੇਤੀਆ ਅਤੇ ਜ਼ਿਲਾ ਸਿੱਖਿਆ ਅਫ਼ਸਰ (ਸ ਤੇ ਅ) ਗੁਰਦਰਸ਼ਨ ਸਿੰਘ ਬਰਾੜ, ਜ਼ਿਲਾ ਪ੍ਰੀਵਾਰ ਭਲਾਈ ਅਫ਼ਸਰ ਰੁਪਿੰਦਰ ਕੌਰ ਗਿੱਲ, ਜ਼ਿਲਾ ਮਾਸ ਮੀਡੀਆ ਅਫ਼ਸਰ ਮੈਡਮ ਕਿ੍ਰਸ਼ਨਾ ਸ਼ਰਮਾ ਅਤੇ ਜੈਵਲ ਜੈਨ ਆਦਿ ਹਾਜ਼ਰ ਸਨ। ਸ. ਅਟਵਾਲ ਨੇ ਦੱਸਿਆ ਕਿ ਇਸ ਹਫ਼ਤੇ ਦੌਰਾਨ 9 ਅਕਤੂਬਰ ਨੂੰ ਜ਼ਿਲਾ ਪੱਧਰ ਤੇ ਕੈਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਸੌਂਹ ਚੁੱਕ ਸਮਾਗਮ ਆਯੋਜਿਤ ਕੀਤਾ ਜਾਵੇਗਾ ਅਤੇ ‘ਬੇਟੀ ਬਚਾਓ-ਬੇਟੀ ਪੜਾਓ‘ ਜਾਗਰੂਕਤਾ ਹਫਤੇ ਦੀ ਆਰੰਭਤਾ ਕੀਤੀ ਜਾਵੇਗੀ। 10 ਅਕਤੂਬਰ ਨੂੰ ਜ਼ਿਲੇ ਵਿੱਚ ਡਿਪਟੀ ਕਮਿਸ਼ਨਰ ਮੋਗਾ ਦੀ ਪ੍ਰਧਾਨਗੀ ਹੇਠ ਇੱਕ ਸਾਈਕਲ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਸਕੂਲਾਂ ਦੀਆਂ ਵਿਦਿਆਰਥਣਾਂ ਤੋ ਇਲਾਵਾ ਪਤਵੰਤੇ ਸੱਜਣਾਂ ਨੂੰ ਸ਼ਾਮਲ ਕੀਤਾ ਜਾਵੇੇਗਾ। ਇਸ ਤੋ ਇਲਾਵਾ ਪਿੰਡਾਂ ਵਿੱਚ ਆਂਗਣਵਾੜੀ ਅਤੇ ਆਸਾ ਵਰਕਰਾਂ ਦੇ ਸਹਿਯੋਗ ਨਾਲ ਪ੍ਰਭਾਤ ਫੇਰੀਆਂ ਕੀਤੀਆਂ ਜਾਣਗੀਆਂ। ਸਕੂਲਾਂ ਅਤੇ ਆਂਗਣਵਾੜੀ ਸੈਟਰਾਂ ਵਿੱਚ ‘ਬੇਟੀ ਬਚਾਓ- ਬੇਟੀ ਪੜਾਓ‘ ਸਕੀਮ ਸਬੰਧੀ ਡਰਾਇੰਗ ਅਤੇ ਪੇਟਿੰਗ ਮੁਕਾਬਲੇ ਕਰਵਾਏ ਜਾਣਗੇ। ਉਨਾਂ ਦੱਸਿਆ ਕਿ 11 ਅਕਤੂਬਰ ਨੂੰ ਡੀ.ਐਨ.ਮਾਡਲ ਸੀਨੀਅਰ ਸੈਕਡਰੀ ਸਕੂਲ ਮੋਗਾ ਵਿੱਖੇ ਨਵ-ਜੰਮੀਆਂ ਲੜਕੀਆਂ ਦੀ ਖੁਸ਼ੀ ਮਨਾਈ ਜਾਵੇਗੀ ਅਤੇ ਉਨਾਂ ਦੇ ਜਨਮ ਸਾਰਟੀਫ਼ੀਕੇਟ ਤਿਆਰ ਕਰਕੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬਾਲੜੀਆਂ ਦੇ ਪ੍ਰੀਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਉਨਾਂ ਅੱਗੇ ਦੱਸਿਆ ਕਿ 12 ਅਕਤੂਬਰ ਨੂੰ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਔਰਤਾਂ ਅਤੇ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਤਹਿਸੀਲ/ਬਲਾਕ ਅਤੇ ਪਿੰਡ ਪੱਧਰ ‘ਤੇ ਜਾਗਰੂਕਤਾ ਕੈਪ ਲਗਾਏ ਜਾਣਗੇ। ਇਸ ਤੋਂ ਇਲਾਵਾ ਆਂਗਣਵਾੜੀ ਅਤੇ ਆਸਾ ਵਰਕਰਾਂ ਰਾਹੀ ‘ਬੇਟੀ ਬਚਾਓ-ਬੇਟੀ ਪੜਾਓ‘ ਦੇ ਸਲੋਗਨ/ਪੋਸਟਰ ਹਰ ਘਰ, ਜਨਤਕ ਥਾਵਾਂ ਅਤੇ ਪੰਚਾਇਤ ਦਫਤਰਾਂ ਆਦਿ ‘ਤੇ ਲਗਾਏ ਜਾਣਗੇ। 13 ਅਕਤੂਬਰ ਨੂੰ ਔਰਤਾਂ/ਬੱਚਿਆਂ ਲਈ ਕਾਨੂੰਨੀ ਸਹਾਇਤਾ ਜਾਗਰੂਕਤਾ ਕੈਪ ਲਗਾਏ ਜਾਣਗੇ ਅਤੇ ਸਿਹਤ ਵਿਭਾਗ ਵੱਲੋਂ ਵੱਖ-ਵੱਖ ਸਕੂਲਾਂ ਅਤੇ ਪਿੰਡਾਂ ਵਿੱਚ ਨੁੱਕੜ ਨਾਟਕ ਕਰਵਾਏ ਜਾਣਗੇ। ਉਨਾਂ ਦੱਸਿਆ ਕਿ 14 ਅਕਤੂਬਰ ਨੂੰ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਜ਼ਿਲਾ ਪੱਧਰ ‘ਤੇ ਸੈਮੀਨਾਰ ਕਰਕੇ ਜ਼ਿਲੇ ਵਿੱਚ ‘ਬੇਟੀ ਬਚਾਓ-ਬੇਟੀ ਪੜਾਓ‘ ਸਕੀਮ ਅਧੀਨ ਕੰਮ ਕਰਨ ਵਾਲੀਆਂ ਗੈਰ-ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੜਕੀਆਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਬਿਹਤਰੀਨ ਗ੍ਰਾਮ ਪੰਚਾਇਤਾਂ, ਸਕੂਲ ਪ੍ਰਬੰਧਕ ਕਮੇਟੀਆਂ, ਖੇਡਾਂ, ਵਿੱਦਿਆ ਤੇ ਸੱਭਿਆਚਾਰਕ ਗਤੀਵਿਧੀਆਂ ਦੇ ਖੇਤਰ ‘ਚ ਮੋਹਰੀ ਲੜਕੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।