ਹਨੀਪ੍ਰੀਤ ਖਿਲਾਫ਼ ਮਾਮਲੇ ਦੀਆਂ ਤੰਦਾਂ ਮੋਗਾ ਨਾਲ ਜੁੜੀਆਂ, ਤਫ਼ਤੀਸ਼ ਲਈ ਮਾੜੀ ਮੁਸਤਫ਼ਾ ਲਿਆਂਦੇ ਜਾਣ ਦੇ ਕਿਆਫ਼ੇ ਕਾਰਨ ਲੋਕਾਂ ’ਚ ਹਨੀ ਨੂੰ ਦੇਖਣ ਦੀ ਉਤਸੁਕਤਾ
ਬਾਘਾਪੁਰਾਣਾ,6 ਅਕਤੂਬਰ (ਜਸਵੰਤ ਗਿੱਲ ਸਮਾਲਸਰ)- ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਪੁਲਿਸ ਨੂੰ ਚਕਮਾ ਦੇ ਕੇ ਕਿਧਰੇ ਲੋਪ ਹੋ ਗਈ ਜਿਸ ਦੀ ਭਾਲ ਵਿੱਚ ਸੂਬਿਆਂ ਦੀ ਹੀ ਨਹੀਂ ਸਗੋਂ ਪੂਰੇ ਦੇਸ਼ ਦੀ ਪੁਲਿਸ ਨੂੰ ਲਾ ਦਿੱਤਾ ਗਿਆ।ਪੁਲਿਸ ਲਈ ਉਲਝਣ ਤਾਣੀ ਬਣੀ ਹਨੀਪ੍ਰੀਤ ਆਪਣੇ ਤੇਜ਼ ਦਿਮਾਗ ਦੀ ਵਰਤੋਂ ਕਰਕੇ ਪੰਜਾਬ ਅਤੇ ਹਰਿਆਣਾ ਪੁੁਿਲਸ ਦੇ ਨੱਕ ਹੇਠਾਂ ਹੀ ਰਹਿੰਦੀ ਰਹੀ।ਜਿਸ ਦੀਆਂ ਗੰਢਾਂ ਉਸਦੀ ਗਿ੍ਰਫਤਾਰੀ ਤੋਂ ਬਾਅਦ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ।ਜਿਉਂ ਹੀ ਪੰਜਾਬ ਪੁਲਿਸ ਨੇ 3 ਅਕਤੂਬਰ ਨੂੰ ਹਨੀਪ੍ਰੀਤ ਤੇ ਉਸ ਦੀ ਸਾਥਣ ਸੁਖਦੀਪ ਕੌਰ ਨੂੰ ਪਟਿਆਲਾ ਜ਼ੀਰਕਪੁਰ ਰੋਡ ਤੋਂ ਗਿ੍ਰਫਤਾਰ ਕਰਕੇ ਹਰਿਆਣਾ ਪੁਲਿਸ ਨੂੰ ਸੌਂਪਿਆ ਤਾਂ ਹਰਿਆਣਾ ਪੁਲਿਸ ਵਲੋਂ ਹਨੀਪ੍ਰੀਤ ਦੇ ਅਦਾਲਤ ‘ਚੋ ਲਏ 6 ਦਿਨਾਂ ਪੁਲਿਸ ਰਿਮਾਂਡ ਨਾਲ ਹਨੀਪ੍ਰੀਤ ਵਲੋਂ ਪੈਦਾ ਕੀਤੀ ਲੁਕਣ-ਮੀਟੀ ਦੀਆਂ ਉਲਝੀਆਂ ਤੰਦਾਂ ਖੁੱਲ੍ਹਦੀਆਂ ਨਜ਼ਰ ਆਉਣ ਲੱਗੀਆਂ ਹਨ ।ਇਸ ਮਾਮਲੇ ਦੀਆਂ ਉਲਝੀਆਂ ਤੰਦਾਂ ਮੋਗਾ ਜਿਲ੍ਹਾਂ ਦੇ ਪਿੰਡ ਮਾੜੀ ਮੁਸਤਫਾ ਵਿੱਚ ਵੀ ਖੁੱਲ੍ਹਣ ਦੀ ਚਰਚਾ ਚਹੰੁ ਪਾਸੇ ਹੋ ਰਹੀ ਹੈ।ਭਰੋਸੇਯੋਗ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਹਨੀਪ੍ਰੀਤ ਨਾਲ ਗਿ੍ਰਫਤਾਰ ਔਰਤ ਸੁਖਦੀਪ ਕੌਰ ਪਿੰਡ ਮਾੜੀ ਮੁਸਤਫਾ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਦੀ ਧੀ ਹੈ ਅਤੇ ਜਿਸ ਇਨੋਵਾ ਗੱਡੀ ਵਿੱਚੋਂ ਹਨੀਪ੍ਰੀਤ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਉਹ ਗੱਡੀ ਵੀ ਸਾਬਕਾ ਸਰਪੰਚ ਜਰਨੈਲ ਸਿੰਘ ਦੇ ਪਰਿਵਾਰ ਦੀ ਹੈ।ਹਨੀਪ੍ਰੀਤ ਦੀਆਂ ਤਾਰਾਂ ਪਿੰਡ ਮਾੜੀ ਮੁਸਤਫਾ ਨਾਲ ਜੁੜਣ ਤੋਂ ਬਾਅਦ ਇਲਾਕੇ ਦੇ ਕਈ ਪਿੰਡਾਂ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਹਰਿਆਣਾ ਪੁਲਿਸ ਹਨੀਪ੍ਰੀਤ ਦੀ ਨਿਸ਼ਾਨਦੇਹੀ ‘ਤੇ ਹਨੀਪ੍ਰੀਤ ਅਤੇ ਸੁਖਦੀਪ ਕੌਰ ਨੂੰ ਪਿੰਡ ਮਾੜੀ ਮੁਸਤਫਾ ਲੈ ਕੇ ਆ ਸਕਦੀ ਹੈ।ਇਹ ਚਰਚਾ ਬੀਤੇ ਕੱਲ੍ਹ ਸ਼ਾਮ ਤੋਂ ਹਰ ਪਾਸੇ ਚੱਲ ਰਹੀ ਹੈ ਤੇ ਪਿੰਡ ਦੇ ਅਨੇਕਾਂ ਲੋਕ ਆਪਣਾ ਕੰਮਕਾਰ ਛੱਡ ਕੇ ਹਨੀਪ੍ਰੀਤ ਨੂੰ ਮਾੜੀ ਮੁਸਤਫਾ ਲਿਆਉਣ ਸਬੰਧੀ ਚਰਚਾਵਾਂ ਛੇੜ ਰਹੇ ਹਨ।ਇਸ ਸਬੰਧੀ ਜਦ ਜ਼ਿਲ੍ਹਾ ਪੁਲਿਸ ਮੁਖੀ ਰਾਜਜੀਤ ਸਿੰਘ ਹੁੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਅਜੇ ਤੱਕ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਹਨੀਪ੍ਰੀਤ ਦੇ ਇੱਥੇ ਲੈ ਕੇ ਆਉਣ ਸਬੰਧੀ ਕੋਈ ਸੂਚਨਾ ਮਿਲੀ ਹੈ।