ਪੰਜਾਬ ਸਰਕਾਰ ਰਾਜ ਵਿੱਚ ਪਸ਼ੂ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ-ਡਾ.ਹਰਜੋਤ ਕਮਲ
ਮੋਗਾ 6 ਅਕਤੂਬਰ(ਜਸ਼ਨ)- ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜਿਲਿਆਂ ਵਿੱਚ ਪਸ਼ੂ-ਧਨ ਚੈਪੀਅਨਸ਼ਿਪ ਅਤੇ ਦੁੱਧ ਚੁਆਈ ਮੁਕਾਬਲਿਆਂ ਦੀ ਆਰੰਭੀ ਗਈ ਲੜੀ ਤਹਿਤ ਪਿੰਡ ਚੜਿੱਕ ਦੀ ਪਸ਼ੂ ਮੇਲਾ ਗਰਾਉੂਂਡ ਵਿਖੇ ਦੋ ਰੋਜਾ ਪਸ਼ੂ-ਧਨ ਚੈਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਦੌਰਾਨ ਵਿਧਾਇਕ ਮੋਗਾ ਡਾ: ਹਰਜੋਤ ਕਮਲ ਨੇ ਜੇਤੂ ਪਸ਼ੂ ਪਾਲਕਾਂ ਨੂੰ ਕਰੀਬ 7 ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਸਰਟੀਫਿਕੇਟ ਇਨਾਮ ਵਜੋਂ ਤਕਸੀਮ ਕੀਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ; ਜਗਵਿੰਦਰਜੀਤ ਸਿੰਘ ਗਰੇਵਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਸ਼ਹਿਰੀ ਪ੍ਰਧਾਨ ਕਾਂਗਰਸ ਵਿਨੋਦ ਬਾਂਸਲ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ: ਗੁਰਮੀਤ ਸਿੰਘ ਵੀ ਮੌਜੂਦ ਸਨ। ਇਸ ਮੌਕੇ ਡਾ: ਹਰਜੋਤ ਕਮਲ ਨੇ ਕਿਹਾ ਪੰਜਾਬ ਸਰਕਾਰ ਰਾਜ ਵਿੱਚ ਪਸ਼ੂ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਕਿਸਾਨ ਪਸ਼ੂ ਪਾਲਣ ਦਾ ਸਹਾਇਕ ਧੰਦਾ ਅਪਣਾ ਕੇ ਆਪਣੀ ਆਮਦਨ ‘ਚ ਚੋਖਾ ਵਾਧਾ ਕਰ ਸਕਦੇ ਹਨ। ਉਨਾਂ ਕਿਹਾ ਕਿ ਮੋਗਾ ਸਥਿਤ ਨੈਸਲੇ ਨੇ ਦੁੋੱਧ ਪਦਾਰਥ ਤਿਆਰ ਕਰਨ ਵਿੱਚ ਦੁਨੀਆਂ ਭਰ ‘ਚ ਜ਼ਿਲੇ ਦਾ ਨਾਂ ਰੋਸ਼ਨ ਕੀਤਾ ਹੈ। ਉਨਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਅਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਅਜਿਹੇ ਮੇਲੇ ਕਾਫੀ ਲਾਹੇਵੰਦ ਸਾਬਤ ਹੁੰਦੇ ਹਨ।ਉਨਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਖੁਦ ਲਾਭ ਉਠਾਉਣ ਦੇ ਨਾਲ-ਨਾਲ ਹੋਰਨਾਂ ਨੂੰ ਵੀ ਸਕੀਮਾਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਅਜਿਹੇ ਮੁਕਾਬਲੇ ਕਰਵਾਉਣ ਦਾ ਸ਼ਲਾਘਾਯੋਗ ਕਦਮ ਚੁੱਕਿਆ ਹੈ, ਜਿਸ ਨਾਲ ਜਿੱਥੇ ਪਸ਼ੂ ਪਾਲਕਾਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ ਉਥੇ ਉਨਂਾਂ ਨੁੰ ਇੱਕ ਦੂਜੇ ਦੇ ਤਜਰਬੇ ਤੋਂ ਸਿੱਖਣ ਦੀ ਤਕਨੀਕ ਵੀ ਮਿਲਦੀ ਹੈ। ਉਨਾਂ ਪਸ਼ੂਆਂ ਦੇ ਰਿੰਗਾਂ ਦਾ ਵੀ ਦੌਰਾ ਕੀਤਾ ਅਤੇ ਪਸ਼ੂ ਪਾਲਕਾਂ ਨਾਲ ਵਿਚਾਰ ਸਾਂਝੇ ਕੀਤੇ। ਉਨਾਂ ਵੱਖ-ਵੱਖ ਵਿਭਾਗਾਂ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਵੀ ਦੌਰਾ ਕੀਤਾ। ਡਾ: ਹਰਜੋਤ ਕਮਲ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਬਾਹਰ ਗਏ ਉਦਯੋਗਾਂ ਨੂੰ ਮੁੜ ਪੰਜਾਬ ਵਿੱਚ ਸਥਾਪਿਤ ਕਰਕੇ ਨੌਜਵਾਨਾਂ ਨੂੰ ਵੱਡੀ ਪੱਧਰ ‘ਤੇ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਵਾਏ ਜਾਣਗੇ। ਪਸ਼ੂ ਮੇਲੇ ਦੇ ਮਹੱਤਵਪੂਰਣ ਮੁਕਾਬਲਿਆਂ ਵਿੱਚ ਬੋਹੜ ਸਿੰਘ ਭਲੂਰ ਦੇ ਵਛੇਰਾ ਨੁੱਕਰਾ ਨੇ ਪਹਿਲਾ ਅਤੇ ਬੂਟਾ ਸਿੰਘ ਪੰਜਗਰਾਈ ਖੁਰਦ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜਸਵੰਤ ਸਿੰਘ ਮੰਗੇਵਾਲਾ ਦੀ ਨੀਲੀ ਰਾਵੀ ਮੱਝ ਨੇ ਪਹਿਲਾ ਅਤੇ ਸੁਖਮੰਦਰ ਸਿੰਘ ਰੋਡੇ ਦੀ ਮੱਝ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਦੁੱਧ ਚੁਆਈ ਮੁਕਾਬਲੇ ‘ਚ ਪਰਦੀਪ ਸਿੰਘ ਰੌਂਤਾ ਦੀ ਮੁਰਹਾ ਮੱਝ ਨੇ 17.670 ਕਿਲੋਗ੍ਰਾਮ ਦੁੱਧ ਦੇ ਕੇ ਪਹਿਲਾ, ਜਦ ਕਿ ਰੇਸ਼ਮ ਸਿੰਘ ਬੱਧਨੀ ਕਲਾਂ ਦੀ ਮੱਝ ਨੇ 16.500 ਕਿਲੋਗ੍ਰਾਮ ਦੁੱਧ ਦੇ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋ ਇਲਾਵਾ, ਇੰਦਰਬੀਰ ਸਿੰਘ ਚੜਿੱਕ, ਇਕਬਾਲ ਸਿੰਘ ਸਮਰਾ, ਰਮੇਸ਼ ਕੁੱਕੂ, ਹਰਨੇਕ ਸਿੰਘ ਰਾਮੂੰਵਾਲਾ, ਡਾ: ਵਿਨੋਦ ਗੋਇਲ, ਡਾ: ਹਿਮਾਂਸੂ ਸਿਆਲ, ਡਾ: ਹਰਵੀਨ ਕੌਰ, ਡਾ: ਦਵਿੰਦਰ ਸਿੰਘ, ਇਲਾਕੇ ਦੇ ਪੰਚ/ਸਰਪੰਚ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਅਤੇ ਵੱਡੀ ਗਿਣਤੀ ‘ਚ ਪਸ਼ੂ-ਪਾਲਕ ਹਾਜ਼ਰ ਸਨ।