ਕਰਜ਼ੇ ਦੇ ਦੈਂਤ ਨੇ ਇਕ ਹੋਰ ਕਿਸਾਨ ਨਿਗਲਿਆ,ਪੱਖੇ ਨਾਲ ਲਟਕ ਕੇ ਕਿਸਾਨ ਨੇ ਦਿੱਤੀ ਜਾਨ

ਸਮਾਲਸਰ, 3 ਸਤੰਬਰ (ਜਸਵੰਤ ਗਿੱਲ)- ਬੀਤੀ ਰਾਤ ਨਜ਼ਦੀਕੀ ਪਿੰਡ ਡੇਮਰੂ ਕਲਾਂ ਦੇ ਕਰਜਾਈ ਕਿਸਾਨ ਵਲੋਂ ਘਰ ਅੰਦਰ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਿੰਡ ਡੇਮਰੂ ਕਲਾਂ ਦੇ ਕਿਸਾਨ ਚਮਕੌਰ ਸਿੰਘ (49 ਸਾਲ) ਪੁੱਤਰ ਗੁਰਦੇਵ ਸਿੰਘ ਨੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਘਰ ਦੇ ਕਮਰੇ ਵਿੱਚ ਲੱਗੇ ਪੱਖੇ ਨਾਲ ਪਰਨਾ ਪਾ ਕੇ ਫਾਹਾ ਲੈ ਲਿਆ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਬੂਟਾ ਸਿੰਘ ਨੇ ਦੱਸਿਆ ਕਿ ਚਮਕੌਰ ਸਿੰਘ ਨੇ ਰਾਤ ਸਮੇਂ ਆਪਣੇ ਘਰ ਵਿਚ ਹੀ ਪੱਖੇ ਨਾਲ ਪਰਨਾ ਬੰਨ ਕੇ ਖੁਦਕੁਸ਼ੀ ਕੀਤੀ ਹੈ । ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਮਿ੍ਰਤਕ ਚਮਕੌਰ ਸਿੰਘ ਦੇ ਬਜ਼ੁਰਗ ਪਿਤਾ ਨੇ ਕਮਰੇ ਦੀਆਂ ਲਾਈਟਾਂ ਜੱਗਦੀਆਂ ਦੇਖੀਆ ਤਾਂ ਉਸ ਨੂੰ ਪਤਾ ਲੱਗਾ ਉਸ ਦੇ ਪੁੱਤਰ ਨੇ ਫਾਹਾ ਲੈ ਲਿਆ ਹੈ । ਉਹਨਾਂ ਦੱਸਿਆ ਕਿ ਮਿ੍ਰਤਕ ਦੀ ਪਤਨੀ ਦਾ ਇਲਾਜ ਪਹਿਲਾਂ ਅਮਿ੍ਰਤਸਰ ਤੇ ਹੁਣ ਮੋਗੇ ਚੱਲ ਰਿਹਾ ਸੀ ਅਤੇ ਉਸ ਦੇ ਇਲਾਜ ’ਤ ਹੋ ਰਹੇ ਖਰਚੇ ਅਤੇ ਹੋਰ ਲੈਣ ਦੇਣ ਤੋਂ ਵੀ ਮਿ੍ਰਤਕ ਚਮਕੌਰ ਸਿੰਘ ਪਰੇਸ਼ਾਨ ਚੱਲ ਰਿਹਾ ਸੀ ।  ਘਟਨਾ ਦਾ ਪਤਾ ਚੱਲਦਿਆਂ ਹੀ ਕਿਸਾਨ ਜੱਥੇਬੰਦੀਆਂ ਮਿ੍ਰਤਕ ਚਮਕੌਰ ਸਿੰਘ ਦੇ ਘਰ ਆ ਗਈਆਂ ਅਤੇ ਇਸ ਸਬੰਧੀ ਥਾਣਾ ਸਮਾਲਸਰ ਨੂੰ ਸੂਚਨਾ ਦਿੱਤੀ।  ਮਿ੍ਰਤਕ ਚਮਕੌਰ ਸਿੰਘ ਦੇ ਬਜ਼ੁਰਗ ਪਿਤਾ ਗੁਰਦੇਵ ਸਿੰਘ ਨੇ ਪੱਤਰਕਾਰਾਂ ਨੂੰ ਭਰੇ ਮਨ ਨਾਲ ਦੱਸਿਆ ਕਿ ਜ਼ਮੀਨ ਘੱਟ ਹੋਣ ਕਰਕੇ ਚਮਕੌਰ ਸਿੰਘ ਅਤੇ ਉਸ ਦਾ ਪਰਿਵਾਰ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕਰਦਾ ਸੀ ਪਰ ਠੇਕੇ ਵਾਲੀ ਜ਼ਮੀਨ ‘ਚੋ ਘਾਟਾ ਪੈ ਜਾਣ ਕਰਕੇ ਉਸਦੀ ਆਪਣੀ ਇੱਕ ਏਕੜ ਜ਼ਮੀਨ ਵੀ ਵਿਕ ਗਈ ਅਤੇ ਉਹ ਆਰਥਿਕ ਤੌਰ ਤੇ ਕਮਜੌਰ ਹੋ ਗਿਆ ਅਤੇ ਆਮ ਲੈਣ ਦੇਣ ਦਾ ਉਸ ਸਿਰ ਤਕਰੀਬਨ 3 ਲੱਖ ਰੁਪਏ ਕਰਜਾ ਚੜ ਗਿਆ। ਉਨਾਂ ਦੱਸਿਆ ਕਿ ਜ਼ਮੀਨ ਵਿਕ ਜਾਣ ਕਰਕੇ ਚਮਕੌਰ ਸਿੰਘ ਦਿਹਾੜੀ ਆਦਿ ਕਰਨ ਲੱਗਾ ਅਤੇ ਉਸ ਦਾ ਲੜਕਾ ਗੁਰਭੇਜ ਸਿੰਘ ਵੈਲਡਿੰਗ ਵਾਲੀ ਵਰਕਸ਼ਾਪ ‘ਤੇ ਕੰਮ ਕਰਨ ਲੱਗ ਗਿਆ ਜਿਸ ਨਾਲ ਪਰਿਵਾਰ ਦਾ ਚੁੱਲਾ ਤਾਂ ਤੱਪਣ ਲੱਗਾ ਪਰ ਕਰਜਾ ਸਿਰ ਤੋਂ ਲਹਿਣ ਦਾ ਨਾਮ ਨਹੀਂ ਲੈ ਰਿਹਾ ਸੀ। ਗੁਰਦੇਵ ਸਿੰਘ ਨੇ ਦੱਸਿਆ ਕਿ ਚਮਕੌਰ ਸਿੰਘ ਦੀ ਪਤਨੀ ਗੂੰਗੀ ਅਤੇ ਬਹਿਰੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਬੀਮਾਰ ਚੱਲ ਰਹੀ ਹੈ ਜਿਸ ਦੇ ਇਲਾਜ ‘ਤੇ ਵੀ ਲੱਖਾਂ ਰੁਪਏ ਖਰਚ ਆ ਚੁੱਕੇ ਹਨ। ਗੁਰਦੇਵ ਸਿੰਘ ਨੇ ਕਿਹਾ ਕਿ ਜ਼ਮੀਨ ਵਿੱਕ ਜਾਣ ਕਰਕੇ ਮਜ਼ਦੂਰੀ ਕਰਦਿਆਂ ਹੀਣ ਭਾਵਨਾ ਦਾ ਸ਼ਿਕਾਰ ਹੋਣ ਅਤੇ ਆਰਥਿਕ ਤੰਗੀ ਤੇ ਕਰਜ਼ੇ ਤੋਂ ਦੁੱਖੀ ਹੋ ਕੇ ਹੀ ਉਨਾਂ ਦੇ ਲੜਕੇ ਚਮਕੌਰ ਸਿੰਘ ਨੇ ਮੌਤ ਨੂੰ ਗਲੇ ਲਾ ਲਿਆ । ਮੌਕੇ ਤੇ ਪਹੁੰਚੇ ਭਾਰਤੀ ਕਿਸਾਨ ਯੁਨੀਅਨ ਏਕਤਾ (ਉਗਰਾਹਾਂ) ਦੇ ਇਕਾਈ ਪ੍ਰਧਾਨ ਹਰਮੰਦਰ ਸਿੰਘ,ਗੁਰਦੇਵ ਸਿੰਘ,ਪੰਜਾਬ ਖੇਤ ਮਜ਼ਦੂਰ ਯੁਨੀਅਨ ਦੇ ਆਗੂ ਬਲਵੰਤ ਸਿੰਘ ਬਾਘਾਪੁਰਣਾ,ਟੀ.ਐੱਸ.ਯੂ. ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਛਪਾਲ ਸਿੰਘ ਗਰੇਵਾਲ,ਬੁੱਕਣ ਸਿੰਘ,ਜਗਰਾਜ ਸਿੰਘ,ਮਿੱਠੂ ਸਿੰਘ,ਬਲਾਕ ਪ੍ਰਧਾਨ ਗੁਰਦਾਸ ਸਿੰਘ ਸੇਖਾ,ਅਮਰੀਕ ਸਿੰਘ ਘੋਲੀਆ,ਮੇਜਰ ਸਿੰਘ ਕਾਲੇਕੇ,ਅਜੀਤ ਸਿੰਘ ਆਦਿ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਮਿ੍ਰਤਕ ਕਿਸਾਨ ਦੇ ਕਰਜੇ ਤੇ ਲੀਕ ਮਾਰ ਕੇ ਪਰਿਵਾਰ ਨੂੰ 10 ਲੱਖ ਰੁਪਏ ਦੀ ਆਰਥਿਕ ਮੱਦਦ ਦਿੱਤੀ ਜਾਵੇ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਜਥੇਬਦੀਆਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਕਿਸਾਨ ਜਥੇਬੰਦੀਆਂ ਪਰਿਵਾਰ ਦੇ ਨਾਲ ਖੜੀਆਂ ਹਨ।