ਸ਼ਹੀਦ ਭਗਤ ਸਿੰਘ ਮਿਊਜ਼ੀਅਮ 23 ਮਾਰਚ 2018 ਤੱਕ ਮੁਕੰਮਲ ਹੋਵੇਗੀ: ਨਵਜੋਤ ਸਿੰਘ ਸਿੱਧੂ
ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ), 2 ਅਕਤੂਬਰ (ਜਸ਼ਨ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਅਤੇ ਮਿੳੂਜ਼ੀਅਮ ਦੇ ਉਸਾਰੀ ਕਾਰਜ ਦੇ ਪਿਛਲੇ ਅੱਠ ਸਾਲਾਂ ਤੋਂ ਲਟਕਣ ਦਾ ਗੰਭੀਰ ਨੋਟਿਸ ਲੈਂਦਿਆਂ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਉਚ ਅਧਿਕਾਰੀਆਂ ਨੂੰ ਨਾਲ ਲੈ ਕੇ ਪ੍ਰਾਜੈਕਟ ਦਾ ਨਿੱਜੀ ਤੌਰ ’ਤੇ ਜਾਇਜ਼ਾ ਲਿਆ। ਪ੍ਰਾਜੈਕਟ ਦਾ ਜਾਇਜ਼ਾ ਲੈਣ ਉਪਰੰਤ ਸ. ਸਿੱਧੂ ਨੇ ਐਲਾਨ ਕੀਤਾ ਕਿ ਇਸ ਯਾਦਗਾਰ ਤੇ ਮਿੳੂਜ਼ੀਅਮ ਨੂੰ ਅਗਲੇ ਵਰੇ 23 ਮਾਰਚ 2018 ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ ਤੱਕ ਹਰ ਹੀਲੇ ਮੁਕੰਮਲ ਕੀਤਾ ਜਾਵੇਗਾ ਜਿਸ ਲਈ ਵਿਭਾਗ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਸ਼ਹੀਦ ਸਾਡੇ ਦੇਸ਼, ਕੌਮ ਦਾ ਸਰਮਾਇਆ ਅਤੇ ਪ੍ਰੇਰਨਾ ਸ੍ਰੋਤ ਹੈ ਜਿਨਾਂ ਤੋਂ ਸਾਨੂੰ ਪ੍ਰੇਰਨ ਮਿਲਦੀ ਹੈ ਪਰ ਇਹ ਗੱਲ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਪਿਛਲੀ ਸਰਕਾਰ ਨੇ ਸ਼ਹੀਦਾਂ ਦੀ ਵਿਰਾਸਤ ਨੂੰ ਸਾਂਭਣ ਦਾ ਆਪਣਾ ਮੁੱਢ ਫਰਜ਼ ਵੀ ਨਹੀਂ ਨਿਭਾਇਆ।
ਉਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਯਾਦਗਾਰ ਤੇ ਮਿੳੂਜ਼ੀਅਮ ਦਾ ਕੰਮ 2009 ਵਿੱਚ ਪਿਛਲੀ ਸਰਕਾਰ ਵੇਲੇ ਸ਼ੁਰੂ ਹੋਇਆ ਸੀ ਜਿਸ ਨੂੰ ਮੁਕੰਮਲ ਕਰਨ ਦਾ ਸਮਾਂ 2011 ਵਿੱਚ ਮਿੱਥਿਆ ਗਿਆ ਸੀ ਪਰ ਮਿਆਦ ਤੋਂ ਛੇ ਸਾਲ ਗੁਜ਼ਰਨ ਦੇ ਬਾਅਦ ਵੀ ਇਹ ਪ੍ਰਾਜੈਕਟ ਨੇਪਰੇ ਨਹੀਂ ਚੜਿਆ। ਉਨਾਂ ਮੌਕੇ ’ਤੇ ਮੌਜੂਦ ਵਿਭਾਗ ਦੇ ਡਾਇਰੈਕਟਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨਾਲ ਗੱਲ ਕਰ ਕੇ ਵਿਸ਼ਵਾਸ ਦਿਵਾਇਆ ਕਿ ਉਹ ਹੁਣ ਇਸ ਪ੍ਰਾਜੈਕਟ ਨੂੰ ਨਿੱਜੀ ਤੌਰ ’ਤੇ ਦੇਖਣਗੇ ਅਤੇ ਹਰ ਹੀਲੇ 23 ਮਾਰਚ 2018 ਤੱਕ ਮੁਕੰਮਲ ਕਰ ਕੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਨਾਂ ਕਿਹਾ ਕਿ ਇਸ ਸਬੰਧੀ ਕਿਸੇ ਕਿਸਮ ਦੇ ਫੰਡਾਂ ਦੀ ਘਾਟ ਨੂੰ ਅੜਿੱਕਾ ਨਹੀਂ ਬਣਨ ਦਿਆਂਗੇ। ਸ. ਸਿੱਧੂ ਨੇ ਕਿਹਾ ਕਿ ਸ਼ਹੀਦਾਂ ਨਾਲ ਜੁੜੀਆਂ ਇਤਿਹਾਸਕ ਥਾਵਾਂ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੇ ਮਕਸਦ ਨਾਲ ਉਨਾਂ ਦੇ ਵਿਭਾਗ ਵੱਲੋਂ ਸੈਰ ਸਪਾਟਾ ਨੀਤੀ ਬਣਾਈ ਜਾ ਰਹੀ ਹੈ। ਉਨਾਂ ਕਿਹਾ ਕਿ ਟੂਰਿਸਟ ਸਰਕਟਾਂ ਤਹਿਤ ਸੂਬੇ ਭਰ ਵਿੱਚ ਸ਼ਹੀਦਾਂ ਨਾਲ ਸਬੰਧਤ ਥਾਵਾਂ ਨੂੰ ਜੋੜਿਆ ਜਾਵੇਗਾ ਜਿਸ ਨਾਲ ਸੂਬੇ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਸਹੂਲਤ ਮਿਲੇਗੀ।
ਸ. ਸਿੱਧੂ ਨੇ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਇਕ ਸੰਸਥਾ ਸਰੂਪ ਹਨ ਜਿਨਾਂ ਦੇ ਜੀਵਨ ਤੋਂ ਪੀੜੀ ਦਰ ਪੀੜੀ ਪ੍ਰੇਰਨਾ ਮਿਲਦੀ ਰਹੇਗੀ। ਉਨਾਂ ਕਿਹਾ, ‘‘ਮੇਰੇ ਜੀਵਨ ਉਪਰ ਸ. ਭਗਤ ਸਿੰਘ ਦਾ ਬਹੁਤ ਅਸਰ ਹੈ ਅਤੇ ਮੈਂ ਬਚਪਨ ਤੋਂ ਹੀ ਸ਼ਹੀਦ-ਏ-ਆਜ਼ਮ ਦਾ ਪ੍ਰਭਾਵ ਕਬੂਲਦਾ ਹੈ। ਬਚਪਨ ਵਿੱਚ ਮੇਰੇ ਮਾਤਾ ਜੀ ਸ਼ਹੀਦ-ਏ-ਆਜ਼ਮ ਭਗਤ ਸਿੰਘ, ਚਾਚਾ ਅਜੀਤ ਸਿੰਘ ਦੀਆਂ ਕਹਾਣੀਆਂ ਸੁਣਾ ਕੇ ਮੈਨੂੰ ਪ੍ਰੇਰਨਾ ਦਿੰਦੀ ਸੀ ਅਤੇ ਇਸੇ ਲਈ ਮੰਤਰੀ ਬਣਨ ਉਪਰੰਤ ਫਿਰੋਜ਼ਪੁਰ ਨੇੜੇ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਿਜਦਾ ਕਰ ਕੇ ਆਇਆ ਅਤੇ ਅੱਜ ਹੁਸੈਨੀਵਾਲਾ ਵਿਖੇ ਆਇਆ ਹੈ। ਮੈਂ ਪਹਿਲਾਂ ਜ਼ਿੰਦਗੀ ਵਿੱਚ ਕਈ ਵਾਰ ਇਥੇ ਆਇਆ ਹਾਂ ਅਤੇ ਅੱਜ ਬਤੌਰ ਮੰਤਰੀ ਮੈਨੂੰ ਆਉਣ ਦਾ ਮੌਕਾ ਮਿਲਿਆ ਹੈ, ਇਸ ਲਈ ਮੇਰੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ।’’ ਮੀਡੀਆ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਘਰ ਅਤੇ ਪਾਰਕ ਦੇ ਬਿਜਲੀ ਦੇ ਬਿੱਲ ਦੀ ਬਾਕਾਇਆ ਰਾਸ਼ੀ ਨਾ ਤਾਰਨ ਦਾ ਸਵਾਲ ਪੁੱਛੇ ਜਾਣ ’ਤੇ ਕੈਬਨਿਟ ਮੰਤਰੀ ਸ. ਸਿੱਧੂ ਨੇ ਮੌਕੇ ’ਤੇ ਆਪਣੀ ਜੇਬ ਵਿੱਚੋਂ ਇਸ ਨੂੰ ਦੇਣ ਦਾ ਫੈਸਲਾ ਕੀਤਾ ਅਤੇ ਮੌਕੇ ’ਤੇ ਹੀ ਤੁਰੰਤ ਆਪਣੇ ਨਿੱਜੀ ਖਾਤੇ ਵਿੱਚੋਂ ਪੀ.ਐਸ.ਪੀ.ਸੀ.ਐਲ. ਦੇ ਨਾਂ ਢਾਈ ਲੱਖ ਰੁਪਏ ਦਾ ਚੈਕ ਕੱਟ ਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਨੂੰ ਸੌਂਪਿਆ।
ਇਕ ਹੋਰ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਸੈਲਾਨੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਖਟਕੜ ਕਲਾਂ ਲਈ ਵਿਸ਼ੇਸ਼ ਬੱਸਾਂ ਚਲਾਉਣ ਅਤੇ ਲੰਬੇ ਰੂਟ ਦੀਆਂ ਬੱਸਾਂ ਦੇ ਖਟਕੜ ਕਲਾਂ ਵਿਖੇ ਠਹਿਰਾਉ ਲਈ ਸਬੰਧਤ ਵਿਭਾਗ ਨਾਲ ਗੱਲ ਕਰਾਂਗਾ। ਉਨਾਂ ਕਿਹਾ ਕਿ ਨਵੀਂ ਬਣ ਰਹੀਂ ਯਾਦਗਾਰ ਤੇ ਮਿੳੂਜ਼ੀਅਮ ਲਈ ਸੰਪਰਕ ਸੜਕ, ਪਾਰਕ ਅਤੇ ਯਾਦਗਾਰ ਦੀ ਸਾਂਭ ਸੰਭਾਲ ਅਤੇ ਸਫਾਈ ਅਤੇ ਬਿਜਲੀ ਦੇ ਬਿੱਲਾਂ ਦੇ ਭੁਗਤਾਨ ਸਈ ਪੱਕਾ ਪ੍ਰਬੰਧ ਬਣਾਉਣਗੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਪਹਿਲਾਂ ਸ. ਸਿੱਧੂ ਨੇ ਖਟਕੜ ਕਲਾਂ ਵਿਖੇ ਸ਼ਹੀਦ-ਏ- ਆਜ਼ਮ ਭਗਤ ਸਿੰਘ ਦੇ ਬੁੱਤ, ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੁੱਤਾਂ, ਉਨਾਂ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ’ਤੇ ਫੁੱਲ ਮਾਲਾਵਾਂ ਰੱਖ ਕੇ ਸਿਜਦਾ ਕੀਤਾ। ਪੁਰਾਣੇ ਮਿੳੂਜ਼ੀਅਮ ਅਤੇ ਨਵੇਂ ਬਣ ਰਹੇ ਮਿੳੂਜ਼ੀਅਮ ਤੇ ਯਾਦਗਾਰ ਦਾ ਦੌਰਾ ਕੀਤਾ। ਇਸ ਉਪਰੰਤ ਪਿੰਡ ਜਾ ਕੇ ਸ਼ਹੀਦੇ ਆਜ਼ਮ ਦੇ ਜੱਦੀ ਘਰ ਵਿਖੇ ਸ਼ਹੀਦੇ ਆਜ਼ਮ ਨਾਲ ਸਬੰਧਤ ਵਸਤਾਂ ਨੀਝ ਨਾਲ ਵੇਖੀਆਂ ਅਤੇ ਘਰ ਨਾਲ ਲੱਗਦੇ ਪਾਰਕ ਦਾ ਵੀ ਦੌਰਾ ਕੀਤਾ। ਯਾਦਗਾਰ ਤੇ ਮਿੳੂਜ਼ੀਅਮ ਵਿਖੇ ਵਿਜ਼ਟਰ ਬੁੱਕ ਵਿੱਚ ਆਪਣੇ ਵੱਲੋਂ ਸ਼ਬਦ ਲਿਖਦਿਆਂ ਸ. ਸਿੱਧੂ ਨੇ ਸ਼ਹੀਦ-ਏ-ਆਜ਼ਮ ਨੂੰ ਆਪਣਾ ਸਭ ਤੋਂ ਵੱਡਾ ਆਦਰਸ਼ ਤੇ ਪ੍ਰੇਰਨਾ ਸ੍ਰੋਤ ਦੱਸਦਿਆਂ ਉਨਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਅਹਿਦ ਕੀਤਾ।
ਪੱਤਰਕਾਰਾਂ ਵੱਲੋਂ ਸ਼ਹਿਰਾਂ ਵਿੱਚ ਵਿਕਾਸ ਦੇ ਕੰਮਾਂ ਬਾਰੇ ਪੁੱਛੇ ਜਾਣ ’ਤੇ ਉਨਾਂ ਆਖਿਆ ਕਿ ਨਗਰ ਨਿਗਮਾਂ ਵਿੱਚ ਪ੍ਰਵਾਨਗੀ ਦੇਣ ਤੋਂ ਬਾਅਦ ਹੁਣ ਰਾਜ ਦੀਆਂ ਨਗਰ ਕੌਂਸਲਾਂ ਦੇ ਸੋਧੇ ਅਨੁਮਾਨ ਤਿਆਰ ਕਰਕੇ, ਜਲਦ ਗਰਾਂਟ ਜਾਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਐਸ.ਡੀ.ਐਮ. ਦਫ਼ਤਰ ਬੰਗਾ ਵਿਖੇ ਪੁੱਜਣ ’ਤੇ ਜ਼ਿਲਾ ਪੁਲੀਸ ਦੀ ਟੁਕੜੀ ਵੱਲੋਂ ਕੈਬਿਨਟ ਮੰਤਰੀ ਸ. ਸਿੱਧੂ ਨੂੰ ‘ਗਾਰਡ ਆਫ਼ ਆਨਰ’ ਦਿੱਤਾ ਗਿਆ। ਬਾਅਦ ਵਿੱਚ ਇੱਥੇ ਹੀ ਸ. ਸਿੱਧੂ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਮੌਕੇ ਉਨਾਂ ਦੀ ਤਸਵੀਰ ’ਤੇ ਸ਼ਰਧਾ ਸੁਮਨ ਅਰਪਿਤ ਕੀਤੇ। ਇਸ ਮੌਕੇ ਉਨਾਂ ਨਾਲ ਵਿਧਾਇਕ ਸ. ਪ੍ਰਗਟ ਸਿੰਘ, ਵਿਧਾਇਕ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ, ਡਾਇਰੈਕਟਰ ਸਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਸ਼ਿਵਦੁਲਾਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ, ਏ.ਡੀ.ਸੀ. (ਜ) ਰਣਜੀਤ ਕੌਰ, ਐਸ.ਪੀ. ਜਸਵੀਰ ਸਿੰਘ ਰਾਏ, ਐਸ.ਡੀ.ਐਮ. ਬੰਗਾ ਹਰਚਰਨ ਸਿੰਘ ਵੀ ਮੌਜੂਦ ਸਨ।