ਕਿਸਾਨ ਖ਼ੇਤੀ ਮਾਹਿਰਾਂ ਦੀ ਸਲਾਹ ਤੋਂ ਬਿਨਾਂ ਬੇਲੋੜੀਆਂ ਰੇਹਾਂ- ਸਪਰੇਹਾਂ ਦੀ ਵਰਤੋਂ ਨਾਂ ਕਰਨ- ਡਾ ਬੁੱਟਰ
ਮੋਗਾ,1 ਅਕਤੂਬਰ (ਜਸ਼ਨ): ਅਜੋਕੇ ਦੌਰ ਵਿਚ ਕਿਸਾਨਾਂ ਨੂੰ ਖ਼ੇਤੀਬਾੜੀ ਦੀ ਤਕਨੀਕੀ ਜਾਣਕਾਰੀ ਮਹੁੱਈਆਂ ਕਰਵਾਉਣ ਦੇ ਮਨੋਰਥ ਨਾਲ ਖ਼ੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ’ਗਿੱਲ ਸੀਡ ਢੁੱਡੀਕੇ’ ਵਲੋਂ ਵਿਸ਼ਾਲ ਕਿਸਾਨ ਸਿਖਲਾਈ ਕੈਂਪ ਢੁੱਡੀਕੇ ਵਿਖੇ ਲਗਾਇਆਂ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਖ਼ੇਤੀਬਾੜੀ ਅਧਿਕਾਰੀ ਡਾ ਨਵਦੀਪ ਸਿੰਘ ਨੇ ਕਿਹਾ ਕਿ ਜਿੰਨਾਂ ਸਮਾਂ ਅਸੀਂ ਮਲਟੀ ਨੈਸ਼ਨਲ ਕੰਪਨੀਆਂ ਦੇ ਡੀਲਰਾਂ ਦੀ ਸਲਾਹ ਅਨੁਸਾਰ ਕਈ- ਕਈ ਦਵਾਈਆਂ ਦਾ ਮਿਸ਼ਰਣ ਰਲਾ ਕੇ ਫ਼ਸਲਾਂ ਤੇ ਛਿੜਕਾਅ ਕਰਦੇ ਰਹਾਂਗੇ ਉਨਾਂ ਸਮਾਂ ਕਦੇ ਵੀ ਤਰੱਕੀ ਨਹੀਂ ਹੋ ਸਕਦੀ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ’ਦੇਖਾ- ਦੇਖੀ’ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਦੀ ਨੀਤੀ ਦਾ ਤਿਆਗ ਕਰਕੇ ਖ਼ੇਤੀਬਾੜੀ ਅਧਿਕਾਰੀਆਂ ਦੀ ਸਿਫ਼ਾਰਿਸ਼ਾ ਅਨੁਸਾਰ ਹੀ ਛਿੜਕਾਅ ਕਰਨ। ਉਨਾਂ ਕਿਹਾ ਕਿ ਮੋਗਾ ਜ਼ਿਲੇ ਦੇ ਹਲਕਾ ਬਾਘਾਪੁਰਾਣਾ ਦੇ ਪਿੰਡਾਂ ’ਚ ਕੁੱਝ ਅਗਾਹਵਧੂ ਕਿਸਾਨ ਅਜਿਹੇ ਹਨ ਜਿੰਨਾਂ ਨੇ ਝੋਨੇ ਦੀ ਫ਼ਸਲ ਇਸ ਵਾਰ ਸਿਰਫ਼ ਇੱਕ ਦਫ਼ਾ ਹੀ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਹੈ। ਸਹਾਇਕ ਖ਼ੇਤੀਬਾੜੀ ਵਿਕਾਸ ਅਫ਼ਸਰ ਡਾ ਕੁਲਦੀਪ ਸਿੰਘ ਬੁੱਟਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਖ਼ੇਤੀ ਦੀ ਲਾਗਤ ਦੇ ਖਰਚੇ ਘੱਟ ਕਰਨ ਲਈ ਖ਼ੇਤੀ ਮਾਹਿਰਾਂ ਦੀ ਸਿਫਾਰਿਸ਼ ਬਿਨਾਂ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਉਨਾਂ ਕਿਹਾ ਕਿ ਕਿਸਾਨਾਂ ਨੂੰ ਅੱਜ ਢੁੱਡੀਕੇ ਦੀ ਇਤਿਹਾਸਿਕ ਧਰਤੀ ਤੋਂ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਗਾਮੀ ਸੀਜ਼ਨ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਨਾਂ ਲਗਾਈ ਜਾਵੇ। ਉਨਾਂ ਕਿਹਾ ਕਿਸਾਨਾਂ ਨੂੰ ਖ਼ੇਤੀ ਦੇ ਨਾਲ- ਨਾਲ ਸਹਾਇਕ ਧੰਦੇ ਅਪਨਾਉਣ ਦਾ ਸੱਦਾ ਵੀ ਦਿੱਤਾ। ਸੀਨੀਅਰ ਕਾਂਗਰਸੀ ਆਗੂ ਸਤਿਨਾਮ ਸਿੰਘ ਸੰਦੇਸ਼ੀ ਨੇ ਕਿਹਾ ਕਿ ਸਰਕਾਰ ਨੂੰ ਪਰਾਲੀ ਨਾਂ ਸਾੜਨ ਲਈ ਕਿਸਾਨਾਂ ਨੂੰ ਵੱਖਰੇ ਤੌਰ ਤੇ ਬੋਨਸ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਅਜਿਹੇ ਕੈਂਪ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਮਹੁੱਈਆਂ ਕਰਵਾਉਣ ਲਈ ਸਹਾਈ ਸਿੱਧ ਹੁੰਦੇ ਹਨ। ਇਸ ਮੌਕੇ ਕੁਦਰਤੀ ਵਿਧੀ ਨਾਲ ਖ਼ੇਤੀ ਕਰਨ ਵਾਲੇ ਕਿਸਾਨਾਂ ਅਤੇ ਮਾਹਿਰਾਂ ਦਾ ਸਨਮਾਨ ਵੀ ਕੀਤਾ ਗਿਆ। ਪਿੰਡ ਦੇ ਸਰਪੰਚ ਜਸਦੀਪ ਸਿੰਘ ਗੈਰੀ ਨੇ ਪਹੁੰਚੀਆਂ ਸਖ਼ਸੀਅਤਾ ਦਾ ਧੰਨਵਾਦ ਕੀਤਾ। ਇਸ ਮੌਕੇ ਬਲਵਿੰਦਰ ਸਿੰਘ, ਸ਼ਿੰਦਰਪਾਲ ਸਿੰਘ, ਨਿਰਭੈ ਸਿੰਘ ਤੋਂ ਇਲਾਵਾ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ।