ਝੋਨਾ ਕੱਟਣ ਵਾਲੀਆਂ ਕੰਬਾਈਨਾਂ ਉੱਪਰ ਲੱਗਣ ਵਾਲੇ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ

ਮੋਗਾ,1 ਅਕਤੂਬਰ (ਜਸ਼ਨ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿ੍ਰਸ਼ੀ ਵਿਗਿਆਨ ਕੇਂਦਰ, ਮੋਗਾ ਵੱਲੋ 27 ਸਤੰਬਰ ਨੂੰ ਝੋਨਾ ਕੱਟਣ ਵਾਲੀਆਂ ਕੰਬਾਈਨਾਂ ਉੱਪਰ ਲੱਗਣ ਵਾਲੇ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕੰਬਾਈਨ ਹਾਰਵੈਸਟਰ ਦੇ ਪਿੱੱਛੇ ਲੱਗਣ ਵਾਲੇ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਜਿਸ ਵਿੱਚ 50 ਤੋਂ ਵੱਧ ਕੰਬਾਈਨ ਓਪਰੇਟਰਾਂ ਅਤੇ ਕਿਸਾਨ ਵੀਰਾਂ ਨੇ ਭਾਗ ਲਿਆ। ਕਿ੍ਰਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ (ਟ੍ਰੇਨਿੰਗ) ਡਾ: ਅਮਨਦੀਪ ਸਿੰਘ ਬਰਾੜ ਨੇ ਕਿਸਾਨ ਵੀਰਾਂ ਨੂੰ ਕੇ.ਵੀ.ਕੇ. ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਦੱਸਿਆ । ਉਨ੍ਹਾਂ ਨੇ ਇਸ ਗੱਲ ਤੇ ਵੀ ਚਾਨਣਾ ਪਾਇਆ ਕਿ ਇਸ ਵਾਰ ਕਿਸਾਨ ਵੀਰ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਯੂਨੀਵਰਸਿਟੀ ਦੀਆਂ ਸਿਫਾਰਸ਼ ਕੀਤੀਆਂ ਤਕਨੀਕਾਂ ਅਪਣਾ ਕੇ ਪਰਾਲੀ ਦੀ ਸੰਭਾਲ ਕਰਨ। ਉਨ੍ਹਾਂ ਨੇ ਪਰਾਲੀ ਨਾ ਸਾੜਨ ਨਾਲ ਹੋਣ ਵਾਲੇ ਫਾਇਦੇ ਅਤੇ ਸਾੜਨ ਨਾਲ ਹੋਣ ਬਾਰੇ ਨੁਕਸਾਨਾਂ ਬਾਰੇ ਕਿਸਾਨ ਵੀਰਾਂ ਨੂੰ ਜਾਗਰੂਕ ਕਰਵਾਇਆ। ਕੈਂਪ ਦੌਰਾਨ ਕੇ.ਵੀ.ਕੇ., ਮੋਗਾ ਦੇ ਇੰਜਨੀਅਰ ਅੰਕਿਤ ਸ਼ਰਮਾ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜਨੀਅਰਿੰਗ) ਨੇ ਕਿਸਾਨ ਵੀਰਾਂ ਨੂੰ ਇਸ ਸਿਸਟਮ ਦੀ ਖਾਸੀਅਤ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਝੋਨੇ ਦੀ ਵਾਢੀ ਵੇਲੇ ਇਹ ਸਿਸਟਮ ਕੰਬਾਈਨ ਦੇ ਮਗਰੋਂ ਡਿੱਗਣ ਵਾਲੇ ਪਰਾਲ ਨੂੰ ਕੁਤਰਾ ਕਰਕੇ ਇਕਸਾਰ ਖਿਲਾਰ ਦਿੰਦਾ ਹੈ। ਜਿਸ ਨਾਲ ਪਰਾਲ ਨੂੰ ਬਿਨਾਂ ਅੱਗ ਲਾਏ ਖੇਤੀ ਸੰਦਾਂ ਨਾਲ ਸੰਭਾਲਿਆ ਜਾ ਸਕਦਾ ਹੈ। ਇਸ ਸਿਸਟਮ ਦੀ ਵਰਤੋਂ ਕਰਨ ਤੋਂ ਬਾਅਦ ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਸਿੱਧੀ ਬਿਜਾਈ ਖੜੇ ਕਰਚਿਆਂ ਵਿੱਚ ਕੀਤੀ ਜਾ ਸਕਦੀ ਹੈ। ਰੋਟਾਵੇਟਰ/ਤਵੀਆਂ/ਉਲਟਾਂਵੇ ਹਲ੍ਹ ਵਰਤ ਕੇ ਵੀ ਖੇਤ ਨੂੰ ਕਣਕ ਦੀ ਬਿਜਾਈ ਵਾਸਤੇ ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਸਾਂਭਣ ਵਾਲੀਆਂ ਹੋਰ ਮਸ਼ੀਨਾਂ ਜਿਵੇਂ ਕਿ ਮਲਚਰ/ਚੋਪਰ, ਗੰਢਾਂ ਬਣਾਉਣ ਵਾਲੀ ਮਸ਼ੀਨ, ਉੱਚੀ ਜ਼ੀਰੋ ਡਰਿੱਲ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਤੇ ਖੇਤੀਬਾੜੀ ਵਿਭਾਗ ਦੇ ਸਹਾਇਕ ਖੇਤੀਬਾੜੀ ਇੰਜਨੀਅਰ, ਸ. ਸਤਿੰਦਰ ਸਿੰਘ ਅਤੇ ਸ. ਪ੍ਰੀਤਮ ਸਿੰਘ, ਤਕਨੀਸ਼ੀਅਨ, ਸ. ਸੁਖਵੀਰ ਸਿੰਘ ਅਤੇ ਸ. ਜਸਪ੍ਰੀਤ ਸਿੰਘ ਬੁੱਧ ਸਿੰਘ ਵਾਲਾ, ਸ. ਮਲਕੀਤ ਸਿੰਘ ਝੰਡੇਵਾਲਾ, ਸ. ਜੈ ਦੀਪ ਸਿੰਘ ਸੱਦਾ ਸਿੰਘ ਵਾਲਾ, ਸ. ਜਗਮੇਲ ਸਿੰਘ  ਚੁੱਪ ਕੀਤੀ  ਅਤੇ ਸ. ਅਰਵਿੰਦਰ ਸਿੰਘ ਮੱਲੀਆਂ ਵਾਲਾ ਆਦਿ ਕਿਸਾਨ ਹਾਜ਼ਰ ਸਨ। ਇਸ ਮੌਕੇ ਤੇ ਪਰਾਲੀ ਦੀ ਸਾਂਭ-ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ, ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਅਤੇ ਪਰਾਲੀ ਨੂੰ ਖੇਤ ਵਿੱਚ ਸੰਭਾਲਣ ਵਾਲੇ ਫ਼ਾਇਦਿਆਂ ਸਬੰਧੀ ਸਾਹਿਤ ਵੀ ਵੰਡਿਆ ਗਿਆ।