ਅਪੰਗ-ਸੁਅੰਗ ਲੋਕ ਮੰਚ ਵੱਲੋਂ ਮੋਗਾ ਵਿਖੇ ਸੂਬਾ ਪੱਧਰੀ ਲੋਕ ਅਧਿਕਾਰ ਵਿਸ਼ਾਲ ਰੈਲੀ
ਮੋਗਾ,1 ਅਕਤੂਬਰ (ਜਸ਼ਨ):ਅੱਜ ਅਪੰਗ-ਸੁਅੰਗ ਲੋਕ ਮੰਚ ਵੱਲੋਂ ਮੋਗਾ ਵਿਖੇ ਸੂਬਾ ਪੱਧਰੀ ਲੋਕ ਅਧਿਕਾਰ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿਚ ਪੰਜਾਬ ਭਰ ਤੋਂ ਅੰਗਹੀਣ, ਵਿਧਵਾ, ਬਜ਼ੁਰਗ ਅਤੇ ਨਰੇਗਾ ਕਿਰਤੀ ਲੋਕ ਸ਼ਾਮਲ ਹੋਏ। ਰੈਲੀ ਵਿਚ ਪੰਜਾਬ ਭਰ ਤੋਂ ਪੁੱਜੇ ਹਜ਼ਾਰਾਂ ਦੀ ਤਾਦਾਦ ਵਿਚ ਅੰਗਹੀਣਾਂ, ਕਿਰਤੀਆਂ, ਬੁਢਾਪਾ ਅਤੇ ਵਿਧਵਾ ਪੈਨਸ਼ਨਰਾਂ ਦੀ ਹਾਜ਼ਰੀ ਵਿਚ ਪੰਜ ਮਤੇ ਪਾਸ ਕੀਤੇ ਗਏ ਜਿਸ ਵਿਚ ਪੰਜਾਬ ਸਰਕਾਰ ਚੋਣ ਮੈਨੀਫੈਸਟੋ 2017 ਅਨੁਸਾਰ ਅਸੂਲ ਮੰਚ ਨਾਲ ਮੰਗੀਆਂ ਮੰਗਾਂ, ਅੰਗਹੀਣਾਂ ਦੀ ਸ਼ਨਾਖ਼ਤ, ਸਰਕਾਰੀ ਨੌਕਰੀਆਂ ਦਾ ਬੈਕਲਾਗ, ਸਪੈਸ਼ਲ ਸਕੂਲ ਮੁਫ਼ਤ ਵਿੱਦਿਆ ਅਸ਼ੀਰਵਾਦ ਸਕੀਮ ਲਾਗੂ ਕੀਤੀ ਜਾਵੇ ਅਤੇ ਸ਼ਰਾਬ ਟਰਾਂਸਪੋਰਟ ਅਤੇ ਰੇਤਾ ਬਜਰੀ ਦਾ ਕਾਰੋਬਾਰ ਸਰਕਾਰ ਸਿੱਧਾ ਆਪਣੇ ਅਧੀਨ ਲੈ ਕੇ ਆਵੇ ਤਾਂ ਜੋ ਇਸ ਖੇਤਰ ਵਿਚ ਕਰੀਬ ਦੋ ਲੱਖ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਦੀ ਸੰਭਾਵਨਾ ਪੈਦਾ ਹੋ ਸਕੇ। ਰੈਲੀ ਨੂੰ ਸ਼ਹੀਦ ਭਗਤ ਸਿੰਘ ਦੇ ਭਾਣਜੇ ਡਾ. ਜਗਮੋਹਨ ਸਿੰਘ, ਹਮੀਰ ਸਿੰਘ, ਡਾ. ਪੀ.ਐਲ. ਗਰਗ, ਇੰਦਰਜੀਤ ਨੰਦਨ ਅਤੇ ਸੁਖਰਾਜ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਸੂਲ ਮੰਚ ਪੰਜਾਬ ਦੇ ਚੰਗੀ ਸੋਚ ਵਾਲੇ ਧਾਰਮਿਕ ਆਗੂਆਂ ਅਤੇ ਬੁੱਧੀਜੀਵੀਆਂ ਤੋਂ ਵੀ ਸੇਧ ਲੈਂਦਾ ਰਹੇਗਾ। ਇਸ ਮੌਕੇ ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਐਚ.ਸੀ. ਅਰੋੜਾ ਮੰਚ ਦੀ ਕਾਨੂੰਨੀ ਮਦਦ ਮੁਫ਼ਤ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਹਰਨੇਕ ਸਿੰਘ ਰੋਡੇ, ਸੁਰਜੀਤ ਸਿੰਘ ਰਾਉਕੇ, ਗੁਰਦਾਸ, ਬੀਬੀ ਮਹਿੰਦਰ ਕੌਰ ਪੱਤੋ, ਮਲੂਕ ਸਿੰਘ, ਮਨਦੀਪ ਸਿੰਘ ਖੋਸਾ, ਜਸਵੀਰ ਸਿੰਘ ਪਿਆਰੇਆਣਾ ,ਅਸ਼ੋਕ ਕੁਮਾਰ, ਭੁਪਿੰਦਰ ਸਿੰਘ, ਓਮਕਾਰ ਸ਼ਰਮਾ ਨੇ ਵੀ ਸੰਬੋਧਨ ਕੀਤਾ।