ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸ਼ਲੀਣਾ ਵਿਖੇ ਧਾਰਮਿਕ ਸਮਾਗਮਾ ਦੀ ਸਮਾਪਤੀ 3 ਅਕਤੂਬਰ ਨੂੰ
ਨੱਥੂਵਾਲਾ ਗਰਬੀ, 1 ਅਕਤੂਬਰ (ਜਸ਼ਨ)-ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੀ ਯਾਦ ਵਿੱਚ ਸੁਸ਼ੋਭਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸ਼ਲੀਣਾ (ਮੋਗਾ) ਵਿਖੇ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸ਼ਹੀਦੀ ਜੋੜ ਮੇਲਾ 3 ਅਕਤੂਬਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਚੱਲ ਰਹੇ ਹਨ। 29 ਸਤੰਬਰ ਨੂੰ ਸ਼ੁਰੂ ਹੋਈ 34 ਆਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਇਸ ਮੌਕੇ ਤੇ ਹਲਕਾ ਫਿਰੋਜਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਸੰਤਾਂ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤਾਂ ਨੇ ਦੱਸਿਆ ਕਿ ਤੀਜੀ ਲੜੀ ਦੇ 33 ਸ਼੍ਰੀ ਆਖੰਡ ਪਾਠ ਸਾਹਿਬ ਜੀ ਦੀ ਇਕੋਤਰੀ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸ਼ੁਰੂ ਕੀਤੀ ਜਾ ਚੁੱਕੀ ਹੈ। ਜਿਹਨਾਂ ਦੇ ਭੋਗ ਸਮਾਪਤੀ ਸਮਾਗਮਾਂ ‘ਤੇ ਤਿੰਨ ਅਕਤੂਬਰ ਨੂੰ ਪਾਏ ਜਾਣਗੇ। ਭੋਗਾਂ ਉਪਰੰਤ ਵੱਡੇ ਦੀਵਾਨ ਹਾਲ ਵਿਚ ਦੀਵਾਨ ਸੱਜਣਗੇ ਜਿਸ ਵਿੱਚ ਇਲਾਕੇ ਭਰ ਤੋਂ ਇਲਾਵਾ ਦੇਸ਼ ਵਿਦੇਸ਼ ਵਿੱਚੋਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਨਗੀਆਂ। ਇਸ ਮੌਕੇ ਤੇ ਹਾਜ਼ਰ ਜਥੇਦਾਰ ਅਵਤਾਰ ਸਿੰਘ ਖੋਸਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਜੋੜ ਮੇਲੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ,ਦਮਦਮੀ ਟਕਸਾਲ ਦੇ ਮੁੱਖੀ,ਵੱਖ ਵੱਖ ਸੰਪਰਦਾਵਾਂ ਦੇ ਸੰਤ ਮਹਾਪੁਰਸ਼,ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਾਹਿਬਾਨ,ਇਲਾਕੇ ਦੇ ਸਮਾਜ ਸੇਵੀ, ਪ੍ਰਚਾਰਕ, ਕੀਰਤਨੀਏ ਆਦਿ ਤੋਂ ਇਲਾਵਾ ਗਿਆਨੀ ਰਘੁਬੀਰ ਸਿੰਘ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਜੀ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ,ਉੱਘੇ ਕਥਾਵਾਚਕ ਗਿਆਨੀ ਗੁਰਲਾਲ ਸਿੰਘ ਦਮਦਮੀ ਟਕਸਾਲ ਵਾਲੇ ਵੀ ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਦਰਸ਼ਨ ਕਰਨਗੇ। ਇਸ ਮੌਕੇ ਤੇ ਸੇਵਾਦਾਰ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।