ਦੁਸਹਿਰੇ ਮੌਕੇ ਸਾਨੂੰ ਭਗਵਾਨ ਰਾਮ ਵੱਲੋਂ ਸਥਾਪਤ ਆਦਰਸ਼ਾਂ ’ਤੇ ਚੱਲਣ ਦਾ ਪ੍ਰਣ ਲੈਣਾ ਚਾਹੀਦੈ:ਅਸ਼ਵਨੀ ਕੁਮਾਰ ਪਿੰਟੂ

ਮੋਗਾ, 30 ਸਤੰਬਰ (ਜਸ਼ਨ) : ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਕੋਟ ਈਸੇ ਖਾਂ ਦੇ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਨੇ ਸਮੂਹ ਦੇਸ਼ ਵਾਸੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਬਦੀ ਦੇ ਪ੍ਰਤੀਕ ਰਾਵਣ ਤੇ ਅੱਜ ਦੇ ਦਿਨ ਭਗਵਾਨ ਰਾਮ ਨੇ ਜਿੱਤ ਪ੍ਰਾਪਤ ਕੀਤੀ ਸੀ, ਪਰ ਅਜੇ ਵੀ ਸਾਡੇ ਸਮਾਜ ਵਿਚ ਰਾਵਣ ਵਾਲੀ ਜ਼ਹਿਨੀਅਤ ਵਾਲੇ ਲੋਕ ਮੌਜੂਦ ਹਨ, ਇਸ ਕਰਕੇ ਅੱਜ ਦੇ ਦਿਨ ਜਿੱਥੇ ਸਾਨੂੰ ਭਗਵਾਨ ਰਾਮ ਵੱਲੋਂ ਸਥਾਪਤ ਆਦਰਸ਼ਾਂ ’ਤੇ ਚੱਲਣ ਦਾ ਪ੍ਰਣ ਲੈਣਾ ਚਾਹੀਦਾ ਹੈ, ਉੱਥੇ ਸਮਾਜ ਨੂੰ ਘੁਣ ਵਾਂਗ ਖਾ ਰਹੇ ਰਾਵਣਾਂ ਖਿਲਾਫ ਅਤੇ ਸਮਾਜਿਕ ਬੁਰਾਈਆਂ ਖਿਲਾਫ ਸੰਘਰਸ਼ ਵੀ ਵਿੱਢਣਾ ਚਾਹੀਦਾ ਹੈ। ਉਨਾਂ ਆਖਿਆ ਕਿ ਭਗਵਾਨ ਰਾਮ ਵੱਲੋਂ ਵਚਨਾਂ ਦੀ ਪੂਰਤੀ, ਰਾਮ ਰਾਜ ਦੀ ਸਥਾਪਨਾ ਅਤੇ ਸੀਤਾ ਮਾਤਾ ਵੱਲੋਂ ਤਿਆਗ ਭਰਪੂਰ ਜੀਵਨ ਆਦਰਸ਼ਾਂ ਦੇ ਧਿਆਨ ਹਿੱਤ ਜੀਵਨਸ਼ੈਲੀ ਅਪਣਾ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ।