ਨਵੋਦਿਆ ਵਿਦਿਆਲਿਆ ਲਈ ਛੇਵੀਂ ਜਮਾਤ ਲਈ ਦਾਖਲਾ ਸ਼ੁਰੂ,ਫ਼ਾਰਮ ਭਰਨ ਦੀ ਆਖਰੀ ਮਿਤੀ 25 ਨਵੰਬਰ
ਮੋਗਾ,29 ਸਤੰਬਰ (ਜਸ਼ਨ)-ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਉੱਘੀ ਵਿੱਦਿਅਕ ਸੰਸਥਾ ਜਵਾਹਰ ਨਵੋਦਿਆ ਵਿਦਿਆਲਿਆ ਵਾਸਤੇ ਛੇਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਫ਼ਾਰਮ ਭਰਨੇ ਸ਼ੁਰੂ ਹੋ ਗਏ ਹਨ। ਇਸ ਸੰਬੰਧੀ ਵਿਸਥਾਰ ਪੂਰਵਿਕ ਜਾਣਕਾਰੀ ਦਿੰਦਿਆਂ ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ਦੇ ਪਿ੍ਰੰਸੀਪਲ ਮਹਿੰਦਰਪਾਲ ਸਿੰਘ ਸੋਲੰਕੀ ਅਤੇ ਸਹਾਇਕ ਇੰਚਾਰਜ ਪ੍ਰੀਖਿਆ ਅਮਰੀਕ ਸਿੰਘ ਸ਼ੇਰ ਖਾਂ ਨੇ ਦੱਸਿਆ ਕਿ ਛੇਵੀਂ ਜਮਾਤ ਲਈ ਇਸ ਵਾਰ ਫ਼ਾਰਮ ਜ਼ਿਲੇ ਦੇ ਕਿਸੇ ਵੀ ਸੁਵਿਧਾ ਕੇਂਦਰ ‘ਚ ਜਾ ਕੇ ਆਨ-ਲਾਈਨ ਭਰੇ ਜਾ ਸਕਦੇ ਹਨ। ਉਨਾਂ ਦੱਸਿਆ ਕਿ ਸੁਵਿਧਾ ਕੇਂਦਰ ‘ਚ ਜਾਣ ਸਮੇਂ ਵਿਦਿਆਰਥੀ ਕੋਲ ਅਧਾਰ ਕਾਰਡ ਤੋਂ ਇਲਾਵਾ ਜਿਸ ਸਕੂਲ ਵਿੱਚ ਉਹ ਪੜ ਰਿਹਾ ਹੈ, ਉੱਥੋਂ ਦੇ ਪਿ੍ਰੰਸੀਪਲ ਦੁਆਰਾ ਤਸਦੀਕ ਕੀਤਾ ਫ਼ੋਟੋ ਸਮੇਤ ਪ੍ਰੋਫਾਰਮਾ ਜ਼ਰੂਰ ਹੋਵੇ। ਉਨਾਂ ਦੱਸਿਆ ਕਿ ਫ਼ਾਰਮ ਭਰਨ ਦੀ ਆਖਰੀ ਮਿਤੀ 25 ਨਵੰਬਰ 2017 ਹੈ। ਪਿ੍ਰੰਸੀਪਲ ਮਹਿੰਦਰਪਾਲ ਸਿੰਘ ਸੋਲੰਕੀ ਨੇ ਦੱਸਿਆ ਕਿ ਵਰਤਮਾਨ ਸੈਸ਼ਨ 2017-18 ਦੌਰਾਨ ਪੰਜਵੀਂ ਜਮਾਤ ‘ਚ ਸਰਕਾਰੀ, ਮਾਨਤਾ ਪ੍ਰਾਪਤ ਜਾਂ ਕਿਸੇ ਵੀ ਬੋਰਡ ਨਾਲ ਸਬੰਧਿਤ ਸਕੂਲਾਂ ਵਿੱਚ ਪੜਦੇ ਵਿਦਿਆਰਥੀ ਹੀ ਦਾਖਲਾ ਫ਼ਾਰਮ ਭਰਨ ਦੇ ਯੋਗ ਹਨ। ਉਨਾਂ ਦੱਸਿਆ ਕਿ ਵਿਦਿਆਰਥੀ ਨੇ ਤਿੰਨ ਜਮਾਤਾਂ ਤੀਜੀ, ਚੌਥੀ ਤੇ ਪੰਜਵੀਂ ਲਗਾਤਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਪਾਸ ਕੀਤੀ ਹੋਵੇ। ਉਨਾਂ ਦੱਸਿਆ ਕਿ ਦਾਖਲਾ 10 ਫ਼ਰਵਰੀ, 2018 ਨੂੰ ਹੋਣ ਵਾਲੀ ਦਾਖਲਾ-ਪ੍ਰੀਖਿਆ ਦੇ ਅਧਾਰ ‘ਤੇ ਕੀਤਾ ਜਾਵੇਗਾ। ਚੁਣੇ ਗਏ ਵਿਦਿਆਰਥੀਆਂ ਨੂੰ ਸੀ.ਬੀ.ਐਸ.ਈ ਅਧਾਰਿਤ ਉੱਚ ਪੱਧਰ ਦੀ ਸਿੱਖਿਆ ਦੇ ਨਾਲ-ਨਾਲ ਹੋਸਟਲ, ਵਰਦੀਆਂ ਤੇ ਸਟੇਸ਼ਨਰੀ ਆਦਿ ਦੀ ਸਹੂਲਤ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ।