‘ਮੁਦਰਾ ਯੋਜਨਾ ਉਤਸ਼ਾਹ ਮੁਹਿੰਮ’ ਤਹਿਤ ਮੋਗਾ ਵਿਖੇ ਮੁਦਰਾ ਜਾਗਰੂਕਤਾ ਕੈਂਪ ਲਗਾਇਆ

ਮੋਗਾ,28 ਸਤੰਬਰ (ਜਸ਼ਨ)- ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਚਲਾਈ ਜਾ ਰਹੀ ‘ਮੁਦਰਾ ਯੋਜਨਾ ਉਤਸ਼ਾਹ ਮੁਹਿੰਮ’ ਤਹਿਤ ਅੱਜ ਮੋਗਾ ਵਿਖੇ ਉੱਦਮੀਆਂ ਨੂੰ ਮੁਦਰਾ ਕਰਜ਼ੇ ਮੁਹੱਈਆ ਕਰਵਾਉਣ ਲਈ ਮੁਦਰਾ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਦਾ ਆਯੋਜਨ ਪੰਜਾਬ ਐਂਡ ਸਿੰਧ ਬੈਂਕ ਦੇ ਲੀਡ ਬੈਂਕ ਸੈੱਲ ਵੱਲੋਂ ਕੀਤਾ ਗਿਆ। ਇਸ ਮੌਕੇ ਭਾਰਤ ਸਰਕਾਰ ਦੇ ਵਿੱਤੀ ਸੇਵਾਵਾਂ ਵਿਭਾਗ ਦੇ ਓ ਐੱਸ ਡੀ ਨਵਨੀਤ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਮੈਨੇਜਰ ਅਮਰਜੀਤ ਸਿੰਘ ਗੁਜਰਾਲ ਨੇ ਕੈਂਪ ਦੀ ਪ੍ਰਧਾਨਗੀ ਕੀਤੀ । ਇਸ ਮੌਕੇ ਸ਼੍ਰੀ ਗੁਜਰਾਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ ਮੁਤਾਬਕ ਉੱਦਮੀਆਂ ਨੂੰ ਕਰਜ਼ੇ ਦੀ ਸਹੀ ਵਰਤੋਂ,ਸਮੇਂ ਸਿਰ ਬੈਂਕ ਨੂੰ ਵਾਪਸੀ ਅਤੇ ਕਾਰੋਬਾਰ ਨਾਲ ਸਬੰਧਤ ਖਰਚੇ ਅਤੇ ਆਮਦਨ ਦਾ ਲੇਖਾ ਜੋਖਾ ਰੱਖਣ ਦੀ ਲੋੜ ਹੈ ਤਾਂ ਕਿ ਉੱਦਮੀਂ ਨਾ ਸਿਰਫ਼ ਖੁਦ ਆਰਥਿਕ ਤੌਰ ’ਤੇ ਮਜਬੂਤ ਹੋਣ ਬਲਕਿ ਹੋਰਨਾਂ ਨੂੰ ਵੀ ਰੋਜ਼ਗਾਰ ਮੁਹੱਈਆ ਕਰਵਾ ਸਕਣ । ਉਹਨਾਂ ਉੱਦਮੀਆਂ ਅਪੀਲ ਕੀਤੀ ਕਿ ਕਰਜ਼ੇ ਦੀ ਰਕਮ ਸਿਰਫ਼ ਤੇ ਸਿਰਫ਼ ਕਾਰੋਬਾਰ ਚਲਾਉਣ ਲਈ ਹੀ ਵਰਤਣ । ਇਸ ਮੌਕੇ ਡੇਅਰੀ ਵਿਭਾਗ ਅਤੇ ਹੋਰਨਾਂ ਮਾਹਰਾਂ ਨੇ ਉੱਦਮੀਆਂ ਨੂੰ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਸਰਕਾਰੀ ਅਦਾਰਿਆਂ ਵੱਲੋਂ ਦਿੱਤੀ ਜਾ ਰਹੀ ਸਿਖਲਾਈ ਲੈਣ ਲਈ ਉਤਸ਼ਾਹਿਤ ਕੀਤਾ ਤਾਂ ਕਿ ਉਹ ਆਪਣਾ ਕਾਰੋਬਾਰ ਸਵੈ ਭਰੋਸੇ ਨਾਲ ਕਰਦਿਆਂ ਸਫ਼ਲ ਉੱਦਮੀ ਬਣ ਸਕਣ। ਇਸ ਮੌਕੇ ਮੋਗਾ ਜ਼ਿਲੇ ਵਿਚ ਪੰਜਾਬ ਐਂਡ ਸਿੰਧ ਬੈਂਕ ਦੀਆਂ ਵੱਖ ਵੱਖ ਸ਼ਾਖਾਵਾਂ ਵੱਲੋਂ 80 ਉਦਮੀਆਂ ਨੂੰ ਤਕਰੀਬਨ 1 ਕਰੋੜ ਦੇ ਕਾਰੋਬਾਰੀ ਕਰਜ਼ਿਆਂ ਦੇ ਮਨਜ਼ੂਰੀ ਪੱਤਰ ਸੌਂਪੇ ਗਏ। ਇਹਨਾਂ ਉਦਮੀਆਂ ਵਿਚ ਗ੍ਰਹਿਣੀਆਂ ਵੀ ਸ਼ਾਮਲ ਸਨ । ਇਸ ਮੌਕੇ ਲੀਡ ਬੈਂਕ ਦੇ ਮੈਨੇਜਰ ਸਵਰਨਜੀਤ ਸਿੰਘ ਗਿੱਲ ,ਆਰਸੇਟੀ ਦੇ ਡਾਇਰੈਕਟਰ ਹਰਜਿੰਦਰ ਸਿੰਘ ਕੰਡਾ, ਮਨੋਹਰ ਸਿੰਘ ਡੇਅਰੀ ਡਿਪਟੀ ਕੋਆਰਡੀਨੇਟਰ ਅਤੇ ਵਿੱਤੀ ਸਿੱਖਿਆ ਕਾਉਂਸਲਰ ਰਣਜੀਤ ਸਿੰਘ ਵਾਲੀਆ ਨੇ ਵੀ ਉੱਦਮੀਆਂ ਨੂੰ ਸੰਬੋਧਨ ਕੀਤਾ । ਇਸ ਮੌਕੇ ਓ ਐੱਸ ਡੀ ਨਵਨੀਤ ਗੁਪਤਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਮੁਦਰਾ ਪ੍ਰਚਾਰ ਮੁਹਿੰਮ ’ ਤਹਿਤ ਰਾਜ ਪੱਧਰੀ ਕੈਂਪ 6 ਅਕਤੂਬਰ ਨੂੰ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿਚ ਲਗਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਕੈਂਪ ਦਾ ਮਕਸਦ ਮੁਦਰਾ ਕਰਜ਼ੇ ਅਤੇ ਵਿੱਤੀ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਦੇਣ ਦੇ ਨਾਲ ਨਾਲ ਡਿਜੀਟਲ ਅਦਾਨ-ਪ੍ਰਦਾਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨਾ ਹੈ । ਕੈਂਪ ਨੂੰ ਸਫ਼ਲ ਬਣਾਉਣ ਲਈ ਡੀ ਡੀ ਐੱਮ ਨਰਿੰਦਰ ਕੁਮਾਰ ਤੋਂ ਇਲਾਵਾ ਬੈਂਕ ਅਫਸਰ ਸੀ ਪੀ ਸਿੰਘ ,ਕਨਿਕਾ ਗੁਪਤਾ ,ਮਹਿਕ ਖੇੜਾ ਅਤੇ ਪ੍ਰਦੀਪ ਕੁਮਾਰ ਆਦਿ ਨੇ ਭਰਵਾਂ ਯੋਗਦਾਨ ਪਾਇਆ।