ਗੁਰਦਾਸਪੁਰ ਜ਼ਿਮਨੀ ਚੋਣਾਂ ‘ਚ ਕਾਂਗਰਸ ਦੀ ਹੋਵੇਗੀ ਜਿੱਤ-ਠਾਣਾ ਸਿੰਘ ਜੌਹਲ,ਸੁਰਿੰਦਰ ਛਿੰਦਾ 

ਸਮਾਲਸਰ,28 ਸਤੰਬਰ (ਜਸਵੰਤ ਗਿੱਲ/ਜਸ਼ਨ)-ਗੁਰਦਾਸਪੁਰ ਵਿਖੇ ਹੋ ਰਹੀ ਐਮ.ਪੀ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੀ ਵੱਡੇ ਬਹੁਮਤ ਨਾਲ ਜਿੱਤ ਹੋਵੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਾਘਾਪੁਰਾਣਾ ਦੇ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਛਿੰਦਾ,ਵਿੱਕੀ ਆਲਮਵਾਲਾ ਅਤੇ ਠਾਣਾ ਸਿੰਘ ਜੌਹਲ ਨੇ ਗੁਰਦਾਸਪੁਰ ਦੀ ਚੋਣ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਦੇ ਹੀ ਨਹੀਂ ਸਗੋਂ ਪੂਰੇ ਦੇਸ ਦੇ ਲੋਕ ਭਾਜਪਾ ਦੀਆਂ ਲੋਕ-ਮਾਰੂ ਨੀਤੀਆਂ ਤੋਂ ਬੇਹੱਦ ਪ੍ਰੇਸ਼ਾਨ ਹਨ ਅਤੇ ਨਿਰਾਸ਼ਾ ਦੇ ਆਲ਼ਮ ‘ਚੋ ਗੁਜਰਦੇ ਹੋਏ ਭਾਜਪਾ ਦੇ ਹੱਥ ਕੇਂਦਰ ਦੀ ਸੱਤਾ ਦੇ ਕੇ ਪਛਤਾ ਰਹੇ ਹਨ।ਦਿਨ-ਬ-ਦਿਨ ਵਧ ਰਹੀ ਮਹਿੰਗਾਈ ਤੋਂ ਜਿੱਥੇ ਲੋਕ ਅੱਕ ਚੁੱਕੇ ਹਨ ਉੱਥੇ ਹੀ ਕੇਂਦਰ ਸਰਕਾਰ ਵਲੋਂ ਲਗਾਏ ਜਾ ਰਹੇ ਵਾਧੂ ਟੈਕਸ ਨਾਲ ਵਪਾਰੀ ਵਰਗ ਅਤੇ ਦੁਕਾਨਦਾਰਾਂ ਦਾ ਜੀਣਾ ਮੁਹਾਲ ਹੋ ਚੁੱਕਾ ਹੈ।ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਛਿੰਦਾ ਨੇ ਆਮ ਆਦਮੀ ਪਾਰਟੀ ਤੇ ਵਰਤਿਆਂ ਕਿਹਾ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਹੁਣ ਤੱਕ ਆਪ ਦਾ ਲੋਕ-ਵਿਰੋਧੀ ਚਿਹਰਾ ਪੂਰੇ ਦੇਸ ਸਾਹਮਣੇ ਆ ਚੁੱਕਾ ਹੈ।ਚੋਣਾਂ ਤੋਂ ਪਹਿਲਾਂ ਕੇਜਰੀਵਾਲ ਵਲੋਂ ਦਿੱਲੀ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਝੂਠੇ ਲਾਰੇ ਸਾਬਿਤ ਹੋਏ ਹਨ।ਇਸ ਗੱਲ ਦਾ ਸਬੂਤ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਪ ਦੀ ਹੋਈ ਬੁਰੀ ਤਰ੍ਹਾ ਹਾਰ ਹੈ।ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਲੋਕ ਮਾਰ ਨਹੀਂ ਖਾਣਗੇ ਅਤੇ ਅਕਾਲੀ-ਭਾਜਪਾ ਤੇ ਆਪ ਦੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਾਉਣਗੇ ਸਗੋਂ ਕਾਂਗਰਸ ਦੇ ਇਮਾਨਦਾਰ ਤੇ ਲੋਕ-ਪੱਖੀ ਉਮੀਦਵਾਰ ਸੁਨੀਲ ਜਾਖੜ ਨੂੰ ਭਾਰੀ ਬਹੁਮੱਤ ਨਾਲ ਜਿਤਾਉਣਗੇ।ਇਸ ਮੌਕੇ ਉਨ੍ਹਾਂ ਨੇ ਪਾਰਟੀ ਵਲੰਟੀਅਰਾਂ ਨੂੰ ਜ਼ਿਮਨੀ ਚੋਣ ਦੀ ਜਿੱਤ ਲਈ ਦਿਨ-ਰਾਤ ਇੱਕ ਕਰ ਦੇਣ ਦੀ ਅਪੀਲ ਵੀ ਕੀਤੀ।