ਸ਼ਹੀਦੇ-ਆਜਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਦੇ ਸਬੰਧ ਵਿੱਚ ਸੰਗੀਤਕ ਨਾਟਕਾਂ ਦਾ ਆਯੋਜਨ
ਸਮਾਲਸਰ, 28 ਸਤੰਬਰ (ਗਗਨਦੀਪ)-ਬਾਘਾਪੁਰਾਣਾ ਦੇ ਕਸਬਾ ਰਾਜੇਆਣਾ ਵਿਖੇ ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਦੀ ਮੋਗਾ ਇਕਾਈ ਵੱਲੋਂ ਸ਼ਹੀਦੇ-ਆਜਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਦੇ ਸਬੰਧ ਵਿੱਚ ਇਨਕਲਾਬੀ ਸੰਗੀਤਕ ਨਾਟਕ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਤਿਰੰਗਾ ਝੰਡਾ ਲਹਿਰਾਉਣ ਸਮੇਂ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਨ ਨਾਲ ਕੀਤੀ ਗਈ। ਫਿਰ ਮਹਿੰਦਰ ਸਿੰਘ ਤੇ ਦਿਲਪ੍ਰੀਤ ਸਿੰਘ ਸਮਾਲਸਰ ਨੇ ਆਪਣੀ ਕਵੀਸ਼ਰੀ ਨਾਲ ਸਰੋਤਿਆਂ ਦੇ ਦਿਲਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਨੂੰ ਜਾਗਰਿਤ ਕੀਤਾ। ਇਸ ਮੌਕੇ ਡੀ.ਐਸ.ਓ. ਦੇ ਆਗੂਆਂ ਦੁਆਰਾ ਤਿਆਰ ‘ਭਗਤ ਸਿੰਘ ਸ਼ੇਰਾ ਵੇ’ ਕੋਰੀਉਗ੍ਰਾਫੀ ਪੇਸ਼ ਕੀਤੀ ਗਈ। ਇਸ ਦੇ ਨਾਲ ਹੀ ਬਣੋ ਭਗਤ ਸਿੰਘ ਚੇਲੇ ਡਾਂਗਾ ਚੁੱਕੀਏ, ਰਾਜ ਬਦਲ ਦਿਉ ਸਮਾਜ ਬਦਲ ਦਿਉ, ਹਮ ਮਿਹਨਤਕਸ਼ ਇਸ ਦੁਨੀਆ ਕੇ ਅਤੇ ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਸਰਾਭੇ ਦੀ ਆਦਿ ਨਾਟਕਾਂ ਦਾ ਸਫਲਤਾ ਪੂਰਵਕ ਮੰਚਨ ਕੀਤਾ ਗਿਆ। ਇਸ ਉਪਰੰਤ ਵਿਸ਼ੇਸ਼ ਸੱਦੇ ‘ਤੇ ਆਏ ਮੁੱਖ ਮਹਿਮਾਨ ਡਾ. ਬਖਸ਼ੀਸ਼ ਆਜਾਦ ਜੀ ਨੇ ਭਗਤ ਸਿੰਘ ਤੇ ਸਮਾਜ ਦੀ ਮੌਜੂਦਾ ਹਾਲਤ ਬਾਰੇ ਆਪਣੇ ਅਨਮੋਲ ਵਿਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਵੀਰ ਕਮਲ ਰੋਡੇ ਵੱਲੋਂ ਨਿਭਾਈ ਗਈ। ਡੀ.ਐਸ.ਓ. ਦੀ ਟੀਮ ਦੇ ਨਾਟਕ ਟੀਮ ਦੇ ਮੁੱਖ ਪਾਤਰਾਂ ਵਿੱਚ ਜਸਵੰਤ ਸਮਾਲਸਰ, ਰਘੂਵੰਸ਼, ਕਰਮਚੰਦ, ਸੁਖਦੀਪ ਕੌਰ, ਰਵੀ, ਦਵਿੰਦਰ, ਨਿੱਕਾ, ਜੱਸੀ, ਬੱਬਾ ਜੈਮਲਵਾਲਾ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਹੋਰ ਆਗੂ ਗੁਰਤੇਜ ਸਮਾਲਸਰ, ਰਾਜਵੀਰ ਕੋਟਲਾ, ਸਤਪਾਲ ਰਾਜੇਆਣਾ, ਮਨਜੀਤ ਸਿੰਘ ਆਦਿ ਵੀ ਹਾਜ਼ਰ ਸਨ।