ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਵਲੋਂ ‘ਦੌੜਤਾ ਪੰਜਾਬ’ ਮੈਰਾਥਨ ਦੌੜ ਨੂੰ ਲੈ ਕੇ ਨੌਜਵਾਨਾਂ ’ਚ ਭਾਰੀ ਉਤਸ਼ਾਹ
ਚੰਡੀਗੜ੍ਹ, 27 ਸਤੰਬਰ: (ਜਸ਼ਨ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਿਹੰਮ ਤਹਿਤ ਪੰਜਾਬ ਪੁਲਿਸ ਵੱਲੋਂ ਫਾਜਿਲਕਾ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ‘ਦੌੜਤਾ ਪੰਜਾਬ’ ਮਿਨੀ ਮੈਰਾਥਨ ਦੌੜ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੈਰਾਥਨ ਦੌੜ ਨੂੰ ਕਰਵਾਉਣ ਦਾ ਮੁੱਖ ਮਕਸਦ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨਾਂ ਨੂੰ ਦੇਸ਼, ਪੰਜਾਬ, ਆਪਣੇ ਪਰਿਵਾਰ ਤੇ ਆਪਣਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕਰਕੇ ਅੱਗੇ ਵਧਣ ਲਈ ਰਸਤਾ ਦਿਖਾਉਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਦੱਸਿਆ ਕਿ ਇਸ ਦੌੜ ਨੂੰ ਲੈ ਨੌਜਵਾਨਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਹ ਮੈਰਾਥਨ ਦੌੜ ਫਾਜਿਲਕਾ ਪੁਲਿਸ ਲਾਈਨ ਦੇ ਪਰੇਡ ਮੈਦਾਨ ਤੋਂ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਬਾਰਡਰ ਰੋਡ ’ਤੇ ਆਸਫ ਵਾਲਾ ਵਿਖੇ ਸਥਿੱਤ ਸ਼ਹੀਦੀ ਸਮਾਰਕ ਵਿਖੇ ਖਤਮ ਹੋਵੇਗੀ। ਇਸ ਮੈਰਾਥਨ ਦੌੜ ’ਚ ਵਿਸ਼ੇਸ਼ ਤੌਰ ’ਤੇ ਏ.ਡੀ.ਜੀ.ਪੀ ਵੈਲਫੇਅਰ-ਕਮ-ਆਰਮਡ ਸ੍ਰੀ ਸੰਜੀਵ ਕੁਮਾਰ ਕਾਲੜਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਆਈ.ਜੀ. ਬਠਿੰਡਾ ਜੋਨ ਸ੍ਰੀ ਐਮ.ਐਸ. ਛੀਨਾ, ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਸ੍ਰੀ ਰਜਿੰਦਰ ਸਿੰਘ, ਦਿੱਲੀ ਤੋਂ ਬਿਊਰੋ ਆਫ ਪੁਲਿਸ ਰਿਸਰਚ ਡਿਵੈਲਪਮੈਂਟ ਦੇ ਐਸ.ਐਸ.ਪੀ. ਰੈਂਕ ਦੇ ਪੁਲਿਸ ਅਧਿਕਾਰੀ ਸ੍ਰੀ ਡੀ.ਐਸ. ਸੰਧੂ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ। ਇਸ ਮੌਕੇ ਉਨਾਂ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸਮਾਧ ’ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।ਇਸ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਜਾਵੇਗਾ ਜਿਸ ਦੌਰਾਨ ਪ੍ਰਸਿੱਧ ਕਾਮੇਡੀ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਤੋਂ ਇਲਾਵਾ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵੱਲੋਂ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਗਿੱਧਾ ਤੇ ਭੰਗੜਾ ਪੇਸ਼ ਕੀਤਾ ਜਾਵੇਗਾ ਤੇ ਗੱਤਕੇ ਦੇ ਵੀ ਜੋਹਰ ਦਿਖਾਏ ਜਾਣਗੇ।‘ਦੋੜਤਾ ਪੰਜਾਬ ਮੈਰਾਥਨ’ ਵਿਚ ਭਾਗ ਲੈਣ ਲਈ ਹੁਣ ਤੱਕ 3000 ਤੋਂ ਵਧੇਰੇ ਨੌਜਵਾਨ ਰਜਿਸਟਰੇਸ਼ਨ ਕਰਵਾ ਚੁੱਕੇ ਹਨ ਤੇ ਇਨਾਂ ਦੀ ਗਿਣਤੀ ’ਚ ਹੋਰ ਵੀ ਵਾਧਾ ਹੋਣ ਦੀ ਉਮੀਦ ਹੈ।ਇਹ ਮੈਰਾਥਨ ਪੁਲਿਸ ਲਾਈਨ ਫਾਜਿਲਕਾ ਤੋਂ ਸ਼ੁਰੂ ਹੋ ਕੇ ਡੀ.ਸੀ. ਕੰਪਲੈਕਸ, ਸੰਜੀਵ ਸਿਨੇਮਾ ਚੌਂਕ, ਗਉਸ਼ਾਲਾ ਰੋਡ, ਸ਼ਾਸਤਰੀ ਚੌਂਕ, ਐਮ.ਆਰ.ਕਾਲਜ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਹੁੰਦੀ ਹੋਈ 12 ਕਿਲੋਮੀਟਰ ਦਾ ਸਫਰ ਤੈਅ ਕਰਕੇ ਆਸਫ ਵਾਲਾ ਵਿਖੇ ਸਥਿਤ ਸ਼ਹੀਦੀ ਸਮਾਰਕ ’ਤੇ ਸਮਾਪਤ ਹੋਵੇਗੀ।ਇਸ ਮੈਰਾਥਨ ਦੌੜ ਵਿੱਚ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਹਿੱਸਾ ਲੈ ਰਹੇ ਹਨ। ਇਸ ਦੌਰਾਨ ਦੌੜਾਕਾਂ ਲਈ ਪੀਣ ਵਾਲਾ ਪਾਣੀ ਆਦਿ ਹੋਰ ਲੋੜੀਂਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨਾਂ ਹੋਰ ਦੱਸਿਆ ਕਿ ਇਸ ਮੈਰਾਥਨ ਦੌੜ ’ਚ ਪਹਿਲੇ ਸਥਾਨ ’ਤੇ ਰਹਿਣ ਵਾਲੇ ਨੌਜ਼ਵਾਨ ਨੂੰ ਹੀਰੋ ਹਾਂਡਾ ਮੋਟਰ ਸਾਈਕਲ, ਦੂਸਰੇ ਸਥਾਨ ’ਤੇ ਰਹਿਣ ਵਾਲੇ ਨੂੰ 11000 ਰੁਪਏ ਤੇ ਤੀਸਰੇ ਸਥਾਨ ’ਤੇ ਰਹਿਣ ਵਾਲੇ ਨੌਜਵਾਨ ਨੂੰ 5100 ਰੁਪਏ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 60 ਹੋਰ ਜੇਤੂਆਂ ਨੂੰ ਹੌਂਸਲਾ ਅਫਜ਼ਾਈ ਇਨਾਮ ਅਤੇ ਦੌੜ ਵਿੱਚ ਹਿੱਸਾ ਲੈਣ ਵਾਲੇ ਸਾਰੇ ਨੌਜਵਾਨਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।