ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਫੂਕਿਆ ਸਰਕਾਰ ਦਾ ਪੁਤਲਾ,ਸਕੂਲਾਂ ’ਚ ਪ੍ਰੀ ਨਰਸਰੀ ਕਲਾਸਾਂ ਖੋਲਣ ਦਾ ਕੀਤਾ ਵਿਰੋਧ
ਮੋਗਾ,27 ਸਤੰਬਰ (ਜਸ਼ਨ) -ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਬਲਾਕ ਮੋਗਾ-2 ਦੀਆਂ ਆਂਗਣਵਾੜੀ ਵਰਕਰਾਂ ਹੈਲਪਰਾਂ ਨੇ ਕੱਲ ਡੀਸੀ ਦਫਤਰ ਮੋਗਾ ਮੂਹਰੇ ਰੋਸ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਦੇ ਨਾਂਅ ਤਹਿਸੀਲ ਮੋਗਾ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਧਰਨੇ ਨੰੂ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਰਕਾਰ ਦੇ ਉਸ ਫੈਸਲੇ ਦੇ ਖਿਲਾਫ ਸੰਘਰਸ਼ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਸਰਕਾਰ ਨੇ ਪ੍ਰੀ ਨਰਸਰੀ ਕਲਾਸਾਂ ਆਉਂਦੇ ਵਿਦਿਅਕ ਸੈਸ਼ਨ ਤੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਕਿਹਾ ਕਿ ਪਹਿਲਾਂ ਵੀ 2005 ਵਿੱਚ ਇਸੇ ਕਾਂਗਰਸ ਸਰਕਾਰ ਨੇ ਪ੍ਰੀ ਨਰਸਰੀ ਕਲਾਸਾਂ ਸਕੂਲਾਂ ਵਿੱਚ ਖੋਲਣ ਬਾਰੇ ਕਿਹਾ ਸੀ ਪਰ ਜੱਥੇਬੰਦੀ ਦੇ ਸੰਘਰਸ਼ ਅੱਗੇ ਝੁਕਦਿਆਂ ਸਰਕਾਰ ਨੰੂ ਮੂੰਹ ਦੀ ਖਾਣੀ ਪਈ ਸੀ। ਉਨਾਂ ਕਿਹਾ ਕਿ 3 ਸਾਲ ਤੋਂ 5 ਸਾਲ ਤੱਕ ਦੇ ਬੱਚੇ ਹੀ ਸੂਬੇ ਭਰ ਦੇ ਆਂਗਣਵਾੜੀ ਸੈਂਟਰਾਂ ਵਿੱਚ ਆਉਂਦੇ ਹਨ ਪਰ ਜੇਕਰ ਇਹੀ ਬੱਚੇ ਸਰਕਾਰੀ ਸਕੂਲਾਂ ਵਿੱਚ ਚਲੇ ਗਏ ਤਾਂ ਫਿਰ ਆਂਗਣਵਾੜੀ ਸੈਂਟਰ ਵਿਹਲੇ ਹੋ ਜਾਣਗੇ ਅਤੇ ਆਂਗਣਵਾੜੀ ਵਰਕਰ ਤੇ ਹੈਲਪਰ ਕੀ ਕਰਨਗੀਆਂ। ਉਨਾਂ ਕਿਹਾ ਕਿ ਪਿਛਲੇ 42 ਸਾਲਾਂ ਤੋਂ ਕੇਂਦਰ ਸਰਕਾਰੀ ਦੀ ਆਈਸੀਡੀਐਸ ਸਕੀਮ ਅਧੀਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਬੱਚਿਆਂ ਨੂੰ ਪ੍ਰੀ ਸਿੱਖਿਆ ਦੇ ਰਹੀਆਂ ਹਨ। ਸਰਕਾਰ ਨੇ ਆਂਗਣਵਾੜੀ ਸੈਂਟਰਾਂ ਵਿੱਚ ਆਉਣ ਵਾਲੇ ਬੱਚਿਆਂ ਨੰੂ ਨਾ ਤਾਂ ਕਿੱਤਾ ਤੇ ਨਾ ਹੀ ਵਰਦੀਆਂ ਦਿੱਤੀਆਂ ਤੇ ਹੁਣ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕਰਨ ਲਈ ਕਰੋੜਾਂ ਰੁਪਏ ਕਿੱਥੋਂ ਲਿਆਵੇਗੀ। ਆਗੂਆਂ ਨੇ ਮੰਗ ਕੀਤੀ ਕਿ ਵਰਕਰ ਨੰੂ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਵਰਕਰਾਂ ਤੇ ਹੈਲਪਰਾਂ ਨੇ ਜੋਰਦਾਰ ਨਾਅਰੇਬਾਜੀ ਕੀਤੀ। ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦੇ ਨਾਮ ਉਚ ਅਧਿਕਾਰੀਆਂ ਨੰੂ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜ਼ਿਲਾ ਪ੍ਰਧਾਨ ਮਹਿੰਦਰਪਾਲ ਕੌਰ ਪੱਤੋ, ਬਲਾਕ ਪ੍ਰਧਾਨ ਕਿਰਨਜੀਤ ਕੌਰ, ਚਰਨਜੀਤ ਕੌਰ, ਲਖਵਿੰਦਰ ਕੌਰ, ਗੁਰਜੀਤ ਕੌਰ, ਪਰਮਿੰਦਰ ਕੌਰ, ਮਲਕੀਤ ਕੌਰ, ਸੁਖਵੀਰ ਕੌਰ, ਮਨਜੀਤ ਕੌਰ, ਸਰਬਜੀਤ ਕੌਰ, ਸੁਰਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰਾਂ ਹਾਜ਼ਰ ਸਨ।