ਸਰਕਾਰੀ ਆਈ.ਟੀ.ਆਈ ਮੋਗਾ ਵਿਖੇ ਰੋਜ਼ਗਾਰ ਮੇਲਾ 15 ਸਤੰਬਰ ਨੂੰ-ਰਾਜੇਸ਼ ਤਿ੍ਰਪਾਠੀ
ਮੋਗਾ 14 ਸਤੰਬਰ(ਜਸ਼ਨ)-ਪੰਜਾਬ ਸਰਕਾਰ ਵੱਲੋ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸੁਰੂ ਕੀਤੀ ਗਈ ਮੁਹਿੰਮ ਅਧੀਨ ਬੇਰੋਜ਼ਗਾਰ ਨੌਜਵਾਨ ਲੜਕੇ/ਲੜਕੀਆਂ ਨੂੰ ਰੋਜ਼ਗਾਰ ਉਪਲੱਭਧ ਕਰਵਾਉਣ ਲਈ 15 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ ਮੋਗਾ ਵਿਖੇ ਇੱਕ ਵਿਸ਼ਾਲ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਰੋਜ਼ਗਾਰ ਮੇਲੇ ‘ਚ ਜ਼ਿਲੇ ਦੇ ਸਮੂਹ ਵਿਧਾਇਕ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ ਅਤੇ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਸਵੇਰੇ ਲਗਭੱਗ 10.30 ਵਜੇ ਰੋਜ਼ਗਾਰ ਮੇੇਲੇ ਦਾ ਉਦਘਾਟਨ ਕਰਨਗੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜੇਸ਼ ਤਿ੍ਰਪਾਠੀ ਨੇ ਅੱਜ ਇਸ ਰੋਜ਼ਗਾਰ ਮੇਲੇ ਦੇ ਪ੍ਰਬੰਧਾਂ ਦਾ ਸਰਕਾਰੀ ਆਈ.ਟੀ.ਆਈ ਮੋਗਾ ਵਿਖੇ ਸਬੰਧਤ ਅਧਿਕਾਰੀਆਂ/ ਕ੍ਰਮਚਾਰੀਆਂ ਸਮੇਤ ਮੌਕੇ ‘ਤੇ ਜ਼ਾਇਜ਼ਾ ਲਿਆ। ਇਸ ਮੌਕੇ ਉਨਾਂ ਦਿੰਦਿਆਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਵੱਡੀ ਗਿਣਤੀ ‘ਚ ਪ੍ਰਾਈਵੇਟ ਕੰਪਨੀਆਂ/ਅਦਾਰਿਆਂ ਅਤੇ ਉਦਯੋਗਾਂ ਵੱਲੋਂ ਲੋੜ ਅਨੁਸਾਰ ਬੇਰੋਜ਼ਗਾਰ ਨੌਜਵਾਨਾਂ ਦੀ ਵਿਦਿਅਕ ਯੋਗਤਾ ਦੇ ਆਧਾਰ ‘ਤੇ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸਵੈ-ਰੋਜ਼ਗਾਰ ਅਪਨਾਉਣ ਦੇ ਇਛੁੱਕ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਮੁਹੱਈਆ ਕਰਵਾਉਣ ਹਿਤ ਟ੍ਰੇਨਿੰਗ ਦੇਣ ਦੇ ਮਕਸਦ ਨਾਲ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਸਕਿੱਲ ਡੀਵੈਲਪਮੈਂਟ ਮਿਸ਼ਨ ਪੰਜਾਬ, ਡੇਅਰੀ ਵਿਭਾਗ, ਮੱਛੀ ਪਾਲਣ ਵਿਭਾਗ, ਜ਼ਿਲਾ ਉਦਯੋਗ ਕੇਂਦਰ ਅਤੇ ਮੁੱਖ ਖੇਤੀਬਾੜੀ ਦਫ਼ਤਰ ਵੱਲੋ ਸਟਾਲ ਲਗਾਏ ਜਾਣਗੇ। ਸ੍ਰੀ ਤਿ੍ਰਪਾਠੀ ਨੇ ਅੱਗੇ ਦੱਸਿਆ ਕਿ ਸਰਕਾਰੀ ਆਈ.ਟੀ.ਆਈ ਮੋਗਾ ਵਿਖੇ 15 ਸਤੰਬਰ ਨੂੰ ਹੀ ਸਵੇਰੇ 08.00 ਵਜੇ ਤੋਂ 11.00 ਵਜੇ ਤੱਕ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਹੋਵੇਗੀ। ਉਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਹੈਲਪ-ਲਾਈਨ ਨੰਬਰ 01636-237463, ਮੋਬਾਈਲ ਨੰਬਰ 99146-14144 ਅਤੇ 98889-24186 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਚਾਹਵਾਨ ਪ੍ਰਾਰਥੀ ਆਪਣੇ ਵਿਦਿਅਕ ਯੋਗਤਾ ਦੇ ਸਰਟੀਫ਼ੀਕੇਟ ਨਾਲ ਲੈ ਕੇੇ ਇਸ ਰੋਜ਼ਗਾਰ ਮੇਲੇ ਵਿੱਚ ਸ਼ਾਮਲ ਹੋ ਕੇ ਇਸ ਦਾ ਵੱਧ ਤੋ ਵੱਧ ਫ਼ਾਇਦਾ ਉਠਾਉਣ। ਇਸ ਉਪਰੰਤ ਉਨਾਂ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਰੋਜ਼ਗਾਰ ਮੇਲੇ ਨੂੰ ਸਫ਼ਲਤਾ ਪੂਰਵਿਕ ਨੇਪਰੇ ਚਾੜਨ ਲਈ ਹਦਾਇਤਾਂ ਵੀ ਜਾਰੀ ਕੀਤੀਆਂ। ਇਸ ਮੌਕੇ ਜ਼ਿਲਾ ਰੋਜ਼ਗਾਰ ਅਫ਼ਸਰ ਪਰਮਿੰਦਰ ਕੌਰ, ਸਹਾਇਕ ਪ੍ਰੋਜੈਕਟ ਅਫ਼ਸਰ ਰਾਮ ਪ੍ਰਵੇਸ਼, ਪਿ੍ਰੰਸੀਪਲ ਪੋਲੀਟੈਕਨਿਕ ਕਾਲਜ ਜੀ.ਟੀ.ਬੀ.ਗੜ ਰੋਡੇ ਸੁਰੇਸ਼ ਕੁਮਾਰ, ਆਈ.ਟੀ.ਆਈ ਦੇ ਵਾਈਸ ਪਿ੍ਰੰਸੀਪਲ ਗੁਰਪ੍ਰੀਤ ਸਿੰਘ, ਡੀ.ਐਸ.ਪੀ ਜਸਵੰਤ ਸਿੰਘ ਅਤੇ ਵੱਖ-ਵੱਖ ਵਿਭਾਗਾਂ/ਅਦਾਰਿਆਂ ਦੇ ਅਧਿਕਾਰੀ ਤੇ ਨੁਮਾਇੰਦੇ ਹਾਜ਼ਰ ਸਨ।