ਝੋਨੇ ਦੇ ਆਗਾਮੀ ਸੀਜ਼ਨ ਦੇ ਮੱਦੇ-ਨਜ਼ਰ ਡਾਇਰੈਕਟਰ ਖੁਰਾਕ ਸਿਵਲ ਸਪਲਾਈ ਅੰਨਿਦਿਤਾ ਮਿਤਰਾ ਨੇ ਝੋਨੇ ਦੇ ਖ੍ਰੀਦ ਪ੍ਰਬੰਧਾਂ ਦਾ ਲਿਆ ਜ਼ਾਇਜ਼ਾ

ਮੋਗਾ 11 ਸਤੰਬਰ: (ਜਸ਼ਨ)-ਝੋਨੇ ਦੇ ਆਗਾਮੀ ਸੀਜ਼ਨ ਦੇ ਮੱਦੇ-ਨਜ਼ਰ ਡਾਇਰੈਕਟਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਸ਼੍ਰੀਮਤੀ ਅੰਨਿਦਿਤਾ ਮਿਤਰਾ, ਆਈ.ਏ.ਐਸ. ਨੇ ਅੱਜ ਝੋਨੇ ਦੇ ਖ੍ਰੀਦ ਪ੍ਰਬੰਧਾਂ ਦਾ ਜ਼ਾਇਜ਼ਾ ਲੈਣ ਲਈ ਫਿਰੋਜ਼ਪੁਰ ਮੰਡਲ ‘ਚ ਆਉਂਦੇ ਜ਼ਿਲਿਆਂ (ਮੋਗਾ, ਫਿਰੋਜ਼ਪੁਰ, ਫ਼ਰੀਦਕੋਟ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ) ਦੇ ਸਮੂਹ ਜ਼ਿਲਾ ਖੁਰਾਕ ਸਪਲਾਈ ਕੰਟਰੋਲਰ, ਜ਼ਿਲਾ ਮੰਡੀ ਅਫ਼ਸਰ ਅਤੇ ਸਮੂਹ ਖ੍ਰੀਦ ਏਜੰਸੀਆਂ ਦੇ ਜ਼ਿਲਾ ਮੁਖੀਆਂ ਦੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਮੋਗਾ ਦੇ ਮੀਟਿੰਗ ਹਾਲ ਵਿੱਚ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੌਕੇ  ਉਨਾਂ ਵੱਲੋਂ ਫ਼ੀਲਡ ਸਟਾਫ਼ ਨੂੰ ਸੁਚਾਰੂ ਢੰਗ ਨਾਲ ਖ੍ਰੀਦ ਪ੍ਰਕਿਰਿਆ ਚਲਾਉਣ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ। ਉਨਾਂ ਇਹ ਵੀ ਦੱਸਿਆ ਕਿ ਸਾਲ 2017-18 ਦੀ ਕਸਟਮ ਮਿਲਿੰਗ ਪਾਲਿਸੀ ਜਾਰੀ ਹੋ ਚੁੱਕੀ ਹੈ ਅਤੇ ਇਸ ਅਨੁਸਾਰ ਇਸ ਵਾਰ ਧਾਨ ਦੀ ਅਲਾਟਮੈਂਟ ਰਾਈਸ ਮਿੱਲਰਾਂ ਦੀ ਪਿਛਲੇ ਸਾਲ ਦੀ ਪ੍ਰਫ਼ਾਰਮੈਂਸ ਅਤੇ ਮਿਲਿੰਗ ਸਮਰੱਥਾ ਦੇ ਆਧਾਰ ‘ਤੇ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਸਾਲ ਦੀ ਪਾਲਿਸੀ ਅਨੁਸਾਰ ਸਮੂਹ ਮਿੱਲਰਾਂ ਨੂੰ ਝੋਨੇ ਦੇ ਭੰਡਾਰ ਲਈ 50 ਫ਼ੀਸਦੀ%ਪੁਰਾਣੇ ਬਾਰਦਾਨਾ ਦਾ ਪ੍ਰਬੰਧ ਆਪਣੇ ਪੱਧਰ ‘ਤੇ ਕਰਨਾ ਪਵੇਗਾ ਅਤੇ ਬਾਰਦਾਨੇ ਦਾ ਪ੍ਰਬੰਧ ਕਰਨ ਉਪਰੰਤ ਹੀ ਮਿੱਲ ਨੂੰ ਅਲਾਟਮੈਂਟ ਲਈ ਵਿਚਾਰਿਆ ਜਾਵੇਗਾ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਮਿੱਲਰਾਂ ਨੂੰ ਉਨਾਂ ਵੱਲੋਂ ਵਰਤੇ ਗਏ ਬਾਰਦਾਨੇ ਉੱਪਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯੂਜ਼ੇਜ਼ ਚਾਰਜ਼ਿਜ ਦੀ ਅਦਾਇਗੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲਾਂ ਦੀਆਂ ਡਿਫ਼ਾਲਟਰ ਮਿੱਲਾਂ ਲਈ ਜਾਰੀ ‘ ਵਨ ਟਾਈਮ ਸੈਟਲਮੈਂਟ ਪਾਲਿਸੀ ‘ਬਾਰੇ ਸਮੂਹ ਏਜੰਸੀਆਂ ਦੇ ਮੁਖੀਆਂ ਨੂੰ ਦੱਸਿਆ ਗਿਆ ਅਤੇ ਹਦਾਇਤ ਕੀਤੀ ਗਈ ਕਿ ਉਨਾਂ ਦੇ ਜ਼ਿਲੇ ਦੀਆਂ ਸਮੂਹ ਡਿਫਾਲਟਰ ਮਿੱਲਾਂ ਨੂੰ ਸਰਕਾਰ ਦੀ ਇਸ ‘ਵਨ ਟਾਈਮ ਸੈਟਲਮੈਂਟ ਪਾਲਿਸੀ‘ ਤੋਂ ਜਾਣੁੰ ਕਰਵਾਇਆ ਜਾਵੇ। ਬਾਅਦ ਵਿੱਚ ਸ਼੍ਰੀਮਤੀ ਅੰਨਿਦਿਤਾ ਮਿਤਰਾ ਵੱਲੋਂ ਵੱਖ-2 ਜ਼ਿਲਿਆਂ ਤੋਂ ਆਏ ਰਾਈਸ ਮਿੱਲਾਂ ਦੇ ਨੁਮਾਇੰਦਿਆ, ਆੜਤੀਆ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਅਤੇ ਟਰਾਂਸਪੋਰਟ ਠੇਕੇਦਾਰਾਂ ਦੇ ਨੁਮਾਇੰਦਿਆਂ ਨਾਲ ਉਨਾਂ ਦੀਆਂ ਮੰਗਾਂ/ਮੁਸ਼ਕਲਾਂ ਬਾਰੇ ਉਨਾਂ ਨਾਲ ਵੀ ਮੀਟਿੰਗ ਕੀਤੀ ਅਤੇ ਉਨਾਂ ਉਨਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕਰਨ ਦਾ ਵਿਸ਼ਵਾਸ਼ ਦਿਵਾਇਆ। ਮੀਟਿੰਗ ਵਿੱਚ ਅਮਰਜੀਤ ਸਿੰਘ ਐਡੀਸ਼ਨਲ ਡਾਇਰੈਕਟਰ (ਰਾਈਸ), ਲਵਕੇਸ਼ ਸ਼ਰਮਾ ਡਿਪਟੀ ਡਾਇਰੈਕਟਰ (ਫੀਲਡ) ਫਿਰੋਜ਼ਪੁਰ ਡਵੀਜ਼ਨ, ਜ਼ਿਲਾ ਖੁਰਾਕ ਸਪਲਾਈ ਕੰਟਰੋਲਰ, ਮੋਗਾ ਰਜਨੀਸ਼ ਕੁਮਾਰੀ, ਜ਼ਿਲਾ ਖੁਰਾਕ ਸਪਲਾਈ ਕੰਟਰੋਲਰ ਫ਼ਰੀਦਕੋਟ ਅਤਿੰਦਰ ਕੌਰ, ਜ਼ਿਲਾ ਖੁਰਾਕ ਸਪਲਾਈ ਕੰਟਰੋਲਰ ਫ਼ਾਜ਼ਿਲਕਾ ਗੀਤਾ ਬਿਸ਼ੰਬੂ, ਜ਼ਿਲਾ ਖੁਰਾਕ ਸਪਲਾਈ ਅਫ਼ਸਰ ਬਠਿੰਡਾ ਲਲਿਤਾ ਸ਼ਰਮਾ, ਜ਼ਿਲਾ ਖੁਰਾਕ ਸਪਲਾਈ ਅਫ਼ਸਰ ਮੁਕਤਸਰ ਦੀਵਾਨ ਚੰਦ ਤੋਂ ਇਲਾਵਾ ਸਮੂਹ ਖ੍ਰੀਦ ਏਜੰਸੀਆਂ ਦੇ ਮੁਖੀ ਸ਼ਾਮਲ ਸਨ।