ਕਿਸਾਨ ਜਥੇਬੰਦੀਆਂ ਵੱਲੋਂ ਵਿੱਢਿਆ ਕਰਜ਼ਾ ਮੁਕਤੀ ਘੋਲ ਹੀ ਕਿਸਾਨਾ ਨੂੰ ਕਰਜ਼ਾ ਮੁਕਤ ਕਰ ਸਕਦੈ-ਵੈਰੋਕੇ
ਸਮਾਲਸਰ,10 ਸਤੰਬਰ (ਜਸਵੰਤ ਗਿੱਲ)-ਕਿਰਤੀ ਕਿਸਾਨ ਯੂਨੀਅਨ ਵੱਲੋ ਪਿੰਡ ਸਮਾਲਸਰ ਦੇ ਕਿਸਾਨ ਨਿੰਦਰ ਸਿੰਘ ਪੱੁਤਰ ਮੁਖਤਿਆਰ ਸਿੰਘ ਦੀ ਕੁਰਕੀ ਹੋਣ ਕਰਕੇ ਸਮਾਲਸਰ ਵਿਖੇ ਇੱਕਠ ਰੱਖਿਆ ਗਿਆ ਅਤੇ ਐਲਾਨ ਕੀਤਾ ਗਿਆ ਕਿ ਕਿਸੇ ਵੀ ਕਿਸਾਨ ਦੀ ਕੁਰਕੀ ਹੋਣ ਨਹੀ ਦਿੱਤੀ ਜਾਵੇਗੀ,ਨਾਲ ਹੀ ਉਨ੍ਹਾਂ ਗੱਲਬਾਤ ਕਰਦਿਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ 22 ਸਤੰਬਰ ਨੂੰ ਮੋਤੀ ਮਹਿਲ ਦੇ ਪੰਜ ਦਿਨਾਂ ਘਿਰਾਓ ਵਿੱਚ ਵੱਧ ਚੜ੍ਹਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ।ਇਸ ਮੌਕੇ ਜਿਲ਼੍ਹਾ ਆਗੂ ਬਲਕਰਨ ਸਿੰਘ ਵੈਰੋਕੇ ਨੇ ਕਿਹਾ ਕਿ ਹਰੇ ਇਨਕਲਾਬ ਵਰਗੇ ਸਾਮਰਾਜੀ ਖੇਤੀ ਮਾਡਲ ਨੇ ਇੱਕ ਵਾਰ ਤਾਂ ਕਿਸਾਨਾ ਦੀਆਂ ਫਸਲਾਂ ਦੇ ਝਾੜ ਵਧਾਏ ਅਤੇ ਸਾਰੇ ਪਾਸੇ ਖੁਸ਼ਹਾਲੀ ਨਜਰ ਆਉਣ ਲੱਗੀ,ਪਰ ਹੌਲੀ-ਹੌਲੀ ਉਸਦੇ ਭਿਆਨਕ ਸਿੱਟੇ ਅੱਜ ਸਾਡੇ ਸਾਹਮਣੇ ਨਜ਼ਰ ਆ ਰਹੇ ਹਨ।ਜਿਸ ਕਰਕੇ ਅੱਜ ਕਿਸਾਨੀ ਬੁਰੀ ਤਰ੍ਹਾਂ ਸੰਕਟ ਵਿੱਚ ਫਸੀ ਹੋਈ ਹੈ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵੋਟਾਂ ਵੇਲੇ ਸਭ ਪਾਰਟੀਆਂ ਨੇ ਕਿਸਾਨੀ ਸੰਕਟ ਦੇ ਹੱਲ ਲਈ ਕਰਜੇ ਮੁਆਫ ਕਰਨ ਦੀ ਗੱਲ ਕੀਤੀ,ਪਰ ਕਾਂਗਰਸ ਦੇ ਸੱਤਾ ਵਿੱਚ ਆਉਣ ਉਪਰੰਤ ਉਨ੍ਹਾਂ ਦਾ ਲੋਕ-ਵਿਰੋਧੀ ਕਿਰਦਾਰ ਜਲਦੀ ਹੀ ਸਾਹਮਣੇ ਆ ਗਿਆ। ਅੱਜ ਉਹਨਾਂ ਦੇ ਐਲਾਨਾਂ ਦੇ ਬਾਵਜੂਦ ਖੁਦਕੁਸੀਆਂ ਦਾ ਨਾ ਰੁਕਣਾ ਅਤੇ ਕਿਸਾਨਾਂ ਦੀਆਂ ਕੁਰਕੀਆਂ ਆਉਣੀਆਂ ਉਹਨਾਂ ਦੇ ਕਿਸਾਨ- ਹਿਤੈਸੀ ਹੋਣ ਬਾਰੇ ਸਾਫ ਕਰਦੀਆ ਹਨ।ਉਨ੍ਹਾਂ ਕਿਹਾ ਕਿ ਫੋਕੇ ਐਲਾਨਾਂ ਨਾਲ ਕਿਸਾਨੀ ਸੰਕਟ ਨੂੰ ਹੱਲ ਨਹੀ ਕੀਤਾ ਜਾ ਸਕਦਾ।ਕਿਸਾਨੀ ਸੰਕਟ ਦੇ ਫੌਰੀ ਹੱਲ ਲਈ ਕਿਸਾਨ ਜਥੇਬੰਦੀਆਂ ਵੱਲੋਂ ਵਿੱਢਿਆ ਕਰਜ਼ਾ ਮੁਕਤੀ ਘੋਲ ਹੀ ਕਿਸਾਨਾ ਨੂੰ ਕਰਜਾ ਮੁਕਤ ਕਰ ਸਕਦਾ ਹੈ ਅਤੇ ਖੁਦਕੁਸੀਆਂ ਦੇ ਪੱਕੇ ਹੱਲ ਲਈ ਵੀ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨਾ ਚਾਹੀਦਾ ਹੈ।ਇਸ ਮੌਕੇ ਬਲਬੀਰ ਸਿੰਘ ਸਮਾਲਸਰ, ਬਿੰਦਰ ਸਿੰਘ ਰੋਡੇ, ਗੁਰਤੇਜ ਸਿੰਘ ਰੋਡੇ, ਕੁਲਦੀਪ ਸਿੰਘ ਵੈਰੋਕੇ, ਗੁਰਸੇਵਕ ਸਿੰਘ ਸਮਾਲਸਰ ਤੇ ਹਰਬੰਸ ਸਿੰਘ ਰੋਡੇ ਆਦਿ ਹਾਜ਼ਿਰ ਸਨ।