ਸੱਚ ਦੀ ਕਲਮ ਨੂੰ ਗੋਲੀਆਂ ਨਾਲ ਦਬਾਇਆ ਨਹੀਂ ਜਾ ਸਕਦਾ : ਵਿਧਾਇਕ ਬਿਲਾਸਪੁਰ

ਨਿਹਾਲ ਸਿੰਘ ਵਾਲਾ,8 ਸਤੰਬਰ ((ਪੱਤਰ ਪਰੇਰਕ)-ਸੱਚ ਦੀ ਕਲਮ ਨੂੰ ਗੋਲੀਆਂ ਨਾਲ ਦਬਾਇਆ ਨਹੀਂ ਜਾ ਸਕਦਾ, ਸਗੋਂ ਉਹ ਕਲਮ ਹੋਰ ਵੀ ਗੁੰਡਾ ਅਨਸਰਾਂ ਦੇ ਖਿਲਾਫ ਲਲਕਾਰ ਬਣ ਕੇ ਉੱਭਰਦੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰ ਤੋਂ ਵਿਧਾਇਕ ਬਣੇ ਮਨਜੀਤ ਸਿੰਘ ਬਿਲਾਸਪੁਰ ਨੇ ਸੱਚ ਦੀ ਆਵਾਜ਼ ਨੂੰ ਉਠਾਉਣ ਵਾਲੀ ਪੱਤਰਕਾਰ ਗੌਰੀ ਲੰਕੇਸ਼ ਦੇ ਹੋਏ ਕਤਲ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕੀਤਾ। ਉਨਾਂ ਆਪਣੇ ਪੱਤਰਕਾਰ ਦੇ ਅਨੁਭਵ ਪ੍ਰਗਟ ਕਰਦਿਆਂ ਕਿਹਾ ਕਿ ਪੱਤਰਕਾਰ ਦਾ ਕੰਮ ਸਮਾਜ ਵਿਚ ਫੈਲੀਆਂ ਕੁਰੀਤੀਆਂ ਅਤੇ ਦੇਸ਼ ਵਿਰੋਧੀਆਂ ਦੇ ਕਾਰਨਾਮਿਆਂ ਨੂੰ ਦਿ੍ਰੜਤਾ ਨਾਲ ਜੱਗ ਜ਼ਾਹਰ ਕਰਨਾ ਹੁੰਦਾ ਹੈ। ਉਨਾਂ ਕਿਹਾ ਕਿ ਜੇਕਰ ਇਸ ਤਰਾਂ ਹੀ ਗੋਲੀ ਨਾਲ ਸੱਚ ਨੂੰ ਦਬਾਉਣ ਦੀਆਂ ਘਟਨਾਵਾਂ ਜਨਮ ਲੈਣਗੀਆਂ ਤਾਂ ਦੇਸ਼ ਕਦੇ ਵੀ ਤਰੱਕੀ ਦਾ ਰਸਤਾ ਅਖਤਿਆਰ ਨਹੀਂ ਕਰ ਸਕਦਾ। ਉਨਾਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਪੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ ਇਕਮੁੱਠ ਹੋ ਕੇ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਉਨਾਂ ਨਾਂਲ ਪਾਰਟੀ ਆਗੂ ਵਰਿੰਦਰ ਮਧੇਕੇ, ਸੁੱਖੀ ਧਾਲੀਵਾਲ, ਡਾ. ਕੁਲਵੰਤ ਸਿੰਘ ਗਰੇਵਾਲ ਅਤੇ ਗੁਰਪ੍ਰੀਤ ਸਿੰਘ ਬਿਲਾਸਪੁਰ ਵੀ ਹਾਜ਼ਰ ਸਨ।