ਸਹੁਰਿਆਂ ਵਲੋਂ ਸਤਾਈ ਪੀੜਤਾ ਨੇ ਦਿੱਤਾ ਮਹਿਲਾ ਕਾਂਗਰਸ ਪ੍ਰਧਾਨ ਵੀਰਪਾਲ ਕੌਰ ਜੌਹਲ ਨੂੰ ਮੰਗ ਪੱਤਰ

ਮੋਗਾ, 2 ਸਤੰਬਰ (ਜਸ਼ਨ)-ਜ਼ਿਲਾ ਮੋਗਾ ਦੇ ਪਿੰਡ ਕਾਲੇਕੇ ਦੀ ਨਿਵਾਸੀ ਪਵਨਦੀਪ ਕੌਰ ਨੇ ਅੱਜ ਮਹਿਲਾ ਕਾਂਗਰਸ ਮੋਗਾ ਦੀ ਪ੍ਰਧਾਨ ਵੀਰਪਾਲ ਕੌਰ ਜੌਹਲ ਨੂੰ ਲਿਖਤੀ ਮੰਗ ਪੱਤਰ ਦਿੰੰਦਿਆਂ ਦੋਸ਼ ਲਗਾਇਆ ਹੈ ਕਿ ਉਸਦਾ ਵਿਆਹ 14 ਨਵੰਬਰ 2010 ਨੂੰ ਸਤਵੀਰ ਸਿੰਘ ਨਿਵਾਸੀ ਪਿੰਡ ਮਾਣੂੰਕੇ ਗਿੱਲ ’ਚ ਹੋਇਆ ਸੀ ਅਤੇ ਉਸਦੇ ਲੰਮਾ ਸਮਾਂ ਬੱਚਾ ਨਾ ਹੋਣ ਦੇ ਕਾਰਨ ਕਥਿਤ ਤੌਰ ਤੇ ਉਸਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਗਿਆ, ਜਿਸ ਕਾਰਨ ਮੈਂ ਪਿਛਲੇ 3 ਮਹੀਨੇ ਤੋਂ ਆਪਣੇ ਪੇਕੇ ਪਿੰਡ ਕਾਲੇਕੇ ਰਹਿ ਰਹੀ ਹਾਂ। ਉਨਾਂ ਕਿਹਾ ਕਿ ਬੀਤੀ 23 ਅਗਸਤ ਨੂੰ ਪਹਿਲਾਂ ਮੇਰੇ ਪਤੀ ਨੇ ਸਾਡੇ ਪਿੰਡ ਆ ਕੇ ਝਗੜਾ ਕੀਤਾ ਅਤੇ ਹੁਣ 30 ਅਗਸਤ ਨੂੰ ਜਦ ਮੈਂ ਹੋਰ ਲੜਕੀਆਂ ਦੇ ਨਾਲ ਸ਼ਾਮ ਸਮੇਂ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਜਾ ਰਹੀ ਸੀ ਤਾਂ ਕਥਿਤ ਤੌਰ ਤੇ ਮੇਰੇ ਪਤੀ ਅਤੇ 4-5 ਹੋਰ ਅਣਪਛਾਤੇ ਵਿਅਕਤੀਆਂ ਨੇ ਮੈਂਨੂੰ ਘੇਰ ਕੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਮੇਰਾ ਫੋਨ ਵੀ ਖੋਹ ਲਿਆ। ਉਨਾਂ ਕਿਹਾ ਕਿ ਇਸ ਮਾਮਲੇ ਸਬੰਧੀ 31 ਅਗਸਤ ਨੂੰ ਬਾਘਾਪੁਰਾਣਾ ‘ਚ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨਾਂ ਕਿਹਾ ਕਿ ਮੇਰਾ ਸਹੁਰਾ ਪਰਿਵਾਰ ਮੇਰੇ ਵਲੋਂ ਦਰਜ ਕਰਵਾਇਆ ਦਹੇਜ ਦਾ ਕੇਸ ਵਾਪਸ ਲੈਣ ਦੇ ਲਈ ਮੈਂਨੂੰ ਧਮਕਾਇਆ ਜਾ ਰਿਹਾ ਹੈ। ਮਹਿਲਾ ਕਾਂਗਰਸ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ਪੀੜਤਾ ਨੂੰ ਵਿਸ਼ਵਾਸ ਦੁਆਇਆ ਕਿ ਇਸ ਮਾਮਲੇ ਸਬੰਧੀ ਐਸ.ਐਸ.ਪੀ ਨੂੰ ਸ਼ਿਕਾਇਤ ਪੱਤਰ ਦਿੱਤਾ ਜਾ ਰਿਹਾ ਹੈ ਅਤੇ ਜ਼ਿਲੇ ਭਰ ਦੇ ਕਿਸੇ ਵੀ ਮਹਿਲਾ ਦੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਪੀੜਤਾ ਨੂੰ ਹਰ ਹਾਲਤ ਵਿਚ ਇੰਨਸਾਫ ਮੁਹੱਈਆ ਕਰਵਾਇਆ ਜਾਵੇਗਾ।