ਸਰਕਾਰੀ ਸਕੂਲ ਸਮਾਲਸਰ ਦਾ ਨਾਮ ਬਦਲ ਕੇ ਸਵ:ਪਿੰ੍ਰ.ਸਵਰਨਜੀਤ ਕੌਰ ਦੇ ਨਾਮ ਤੇ ਰੱਖਣ ਲਈ ਸਕੂਲ ਵਿੱਚ ਹੋਈ ਅਹਿਮ ਇੱਕਤਰਤਾ
ਸਮਾਲਸਰ,19 ਅਗਸਤ (ਜਸਵੰਤ ਗਿੱਲ)-ਕਸਬਾ ਸਮਾਲਸਰ ਦੀ ਜੰਮਪਲ ਤੇ ਕੋਟਸੁਖੀਆ ਪਿੰਡ ਦੀ ਨੂੰਹ ਅਤੇ ਸੰਤ ਮੋਹਨ ਦਾਸ ਸਕੂਲ ਦੀ ਪਿ੍ਰੰ: ਸਵਰਨਜੀਤ ਕੌਰ ਸਿੰਮੀ ਦੀ ਬੀਤੇ ਸਾਲ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਅਤੇ ਉਨਾਂ ਦੀ ਮੌਤ ਤੋਂ ਬਾਅਦ ਪੇਕੇ ਤੇ ਸਹੁਰੇ ਪਰਿਵਾਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਲਸਰ ਦੀ ਦਿੱਖ ਨੂੰ ਸਵਾਰਨ ਲਈ ਜਿੰਮੇਵਾਰੀ ਚੁੱਕੀ ਗਈ ਸੀ। ਪਿ੍ਰੰ.ਸਵਰਨਜੀਤ ਕੌਰ ਦੀ ਯਾਦ ਨੂੰ ਜਿਊਦਿਆਂ ਰੱਖਣ ਲਈ ਪਰਿਵਾਰ ਵਲੋਂ ਸਰਕਾਰੀ ਸਕੂਲ ਵਿੱਚ ਮੇਨ ਗੇਟ ਅਤੇ ਬਿਜਲੀ ਆਦਿ ਦਾ ਕੰਮ ਵੀ ਕਰਵਾਇਆ ਗਿਆ।ਇਸ ਤੋਂ ਇਲਾਵਾ ਕੋਟਸੁਖੀਆ ਦੇ ਥਾਪਰ ਪਰਿਵਾਰ ਨੇ ਸਕੂਲ ਨੂੰ 25 ਲੱਖ ਰੁਪਏ ਦੇਣ ਦਾ ਵਾਅਦਾ ਵੀ ਕੀਤਾ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਿੰਮੀ ਦੀ ਯਾਦ ਨੂੰ ਲੈ ਕੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਸਦਕਾ ਜਿੱਥੇ ਸਕੂਲ ਦੀ ਦਿੱਖ ਬਦਲ ਰਹੀ ਹੈ ਉੱਥੇ ਹੀ ਪਿੰਡ ਦੇ ਪਤਵੰਤੇ ਸੱਜਣ ਅਤੇ ਸਿੰਮੀ ਦਾ ਸਹੁਰਾ ਪਰਿਵਾਰ ਸਿੰਮੀ ਦੀ ਯਾਦ ਨੂੰ ਬਰਕਰਾਰ ਰੱਖਣ ਲਈ ਸਕੂਲ ਦਾ ਨਾਮ ਬਦਲ ਕੇ ਸਵ:ਪਿ੍ਰੰ.ਸਵਰਨਜੀਤ ਕੌਰ ਸਿੰਮੀ ਦੇ ਨਾਮ ‘ਤੇ ਰੱਖਣਾ ਚਾਹੁੰਦਾ ਹੈ।ਇਸ ਕਾਰਜ ਨੂੰ ਸਿਰੇ ਚਾੜਣ ਲਈ ਅੱਜ ਸਰਕਾਰੀ ਸਕੂਲ ਵਿਖੇ ਪਿੰਡ ਦੇ ਪਤਵੰਤਿਆਂ ਨੇ ਇੱਕ ਅਹਿਮ ਇੱਕਤਰਤਾ ਕੀਤੀ। ਇਸ ਇਕੱਤਰਤਾ ਵਿੱਚ ਪਿੰਡ ਦੀਆਂ ਗ੍ਰਾਮ ਪੰਚਾਇਤਾਂ ਤੋਂ ਇਲਾਵਾ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਵਿਸ਼ੇਸ਼ ਤੌਰ ‘ਤੇ ਪਹੁੰਚੇ।ਵਿਧਾਇਕ ਬਰਾੜ ਨੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਪਿੰ੍ਰਸ਼ੀਪਾਲ ਸਵਰਨਜੀਤ ਕੌਰ ਦੇ ਪਿਤਾ ਸੰਤੌਖ ਸਿੰਘ ਸੋਢੀ ਅਤੇ ਪਤੀ ਰਾਜ ਕੁਮਾਰ ਰਾਜੂ ਥਾਪਰ ਕੋਟਸੁਖੀਆ ਵਲੋਂ ਸਵਰਨਜੀਤ ਦੀ ਯਾਦ ਵਿੱਚ ਸਕੂਲਾਂ ਨੂੰ ਦਾਨ ਕਰਨਾ ਅਤੇ ਸਕੂਲਾਂ ਵਿੱਚ ਲੋੜੀਂਦੇ ਕੰਮ ਕਰਵਾਉਣਾ ਸਲਾਘਾਯੋਗ ਹੈ।ਅੱਜ ਸਾਡੇ ਸਕੂਲਾਂ ਨੂੰ ਅਜਿਹੇ ਪਰਿਵਾਰਾ ਦੀ ਹੀ ਲੋੜ ਹੈ ਜੋ ਉਨਾਂ ਦੀ ਸਾਂਭ ਸੰਭਾਲ ਕਰ ਸਕਣ।ਉਨਾਂ ਕਿਹਾ ਕਿ ਧਾਰਮਿਕ ਸਥਾਨਾਂ ਦੇ ਨਾਲ-ਨਾਲ ਸਰਕਾਰੀ ਸਕੂਲਾਂ ਲਈ ਵੀ ਸਾਨੂੰ ਅੱਗੇ ਆਉਣਾ ਚਾਹੀਦਾ ਹੈ। ਸਕੂਲ ਦਾ ਨਾਮ ਬਦਲਣ ਸਬੰਧੀ ਉਨਾਂ ਕਿਹਾ ਕਿ ਹੁਣ ਜੋ ਨਿਯਮ ਹਨ ਉਨਾਂ ਅਨੁਸਾਰ ਸਕੂਲ ਦਾ ਨਾਮ ਕਿਸੇ ਆਜ਼ਾਦੀ ਘੁਲਾਟੀਏ ਆਦਿ ਦੇ ਨਾਮ ‘ਤੇ ਹੀ ਰੱਖ ਸਕਦੇ ਹਾਂ ਪਰ ਥਾਪਰ ਪਰਿਵਾਰ ਵਲੋਂ ਸਕੂਲ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਦੇਖ ਕੇ ਉਹ ਇਸ ਸਬੰਧੀ ਮੁੱਖ ਮੰਤਰੀ ਅਤੇ ਸਿੱਖਿਆਂ ਮੰਤਰੀ ਨਾਲ ਵਿਚਾਰ ਚਰਚਾ ਕਰਨਗੇ ।ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਉਨਾਂ ਕਿਹਾ ਕਿ ਜਿੰਨੀ ਜਲਦੀ ਪਰਿਵਾਰ 25 ਲੱਖ ਰੁਪਏ ਸਕੂਲ ਨੂੰ ਦੇਵੇਗਾ ਅਤੇ ਪਿੰਡ ਦੀਆਂ ਪੰਚਾਇਤਾਂ ਅਤੇ ਕਲੱਬ ਆਦਿ ਨਾਮ ਬਦਲਣ ਸਬੰਧੀ ਮੱਤੇ ਪਾ ਕੇ ਦੇਣਗੇ ਉਨੀ ਜਲਦ ਹੀ ਉਹ ਇਸ ਸਬੰਧੀ ਮੁੱਖ ਮੰਤਰੀ ਅਤੇ ਸਿੱਖਿਆਂ ਮੰਤਰੀ ਨਾਲ ਗੱਲਬਾਤ ਕਰਨਗੇ।ਪਹੁੰਚੇ ਹੋਏ ਸਮੂਹ ਪਤਵੰਤਿਆਂ ਦਾ ਸਕੂਲ ਪਿੰ੍ਰਸ਼ੀਪਾਲ ਹਰਭਜਨ ਸਿੰਘ ਨੇ ਧੰਨਵਾਦ ਕੀਤਾ ਅਤੇ ਇਸ ਕੰਮ ਲਈ ਸਕੂਲ ਵਲੋਂ ਪੂਰਨ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ।ਸਟੇਜ ਦੀ ਕਾਰਵਾਈ ਤਰਸੇਮ ਲਾਲ ਸ਼ਰਮਾ ਨੇ ਨਿਭਾਈ।ਮਾਤਾ ਰਣਜੀਤ ਕੌਰ ਵਲੋਂ ਮੁਕੰਦ ਸਿੰਘ ਥਾਪਰ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਚੈਅਰਮੈਨ ਮੁਕੰਦ ਸਿੰਘ ਥਾਪਰ ਕੋਟਸੁਖੀਆ,ਵਾਇਸ ਪ੍ਰਧਾਨ ਗੁਰਜੰਟ ਸਿੰਘ ਨੰਬਰਦਾਰ,ਬਲਾਕ ਪ੍ਰਧਾਨ ਗੁਰਚਰਨ ਸਿੰਘ ਚੀਦਾ,ਸਰਪੰਚ ਜਗਮੇਲ ਸਿੰਘ ਉਰਫ ਸਾਹਬ,ਅਮਰਜੀਤ ਸਿੰਘ ਯਮਲਾ,ਪ੍ਰਧਾਨ ਗੁਰਦੀਪ ਸਿੰਘ,ਸਾਬਕਾ ਸਰਪੰਚ ਮਾ.ਗੁਰਬਚਨ ਸਿੰਘ,ਮਾ.ਸੂਰਜ ਭਾਨ,ਸਰਪੰਚ ਰਣਧੀਰ ਸਿੰਘ ਸਰਾਂ,ਮਾ.ਦਲੀਪ ਸਿੰਘ,ਸਰਪੰਚ ਸੋਹਣ ਸਿੰਘ,ਮਾ.ਗੁਰਚਰਨ ਸਿੰਘ ,ਪੰਚ ਗੁਰਦੇਵ ਸਿੰਘ,ਬਲਵਿੰਦਰ ਸਿੰਘ,ਸਾਬਕਾ ਸਰਪੰਚ ਮੁਖਤਿਆਰ ਸਿੰਘ,ਤਰਸੇਮ ਲਾਲ ਚਾਵਲਾ,ਮਾਤਾ ਰਣਜੀਤ ਕੌਰ,ਜਸਵਿੰਦਰ ਸਿੰਘ ਸੋਢੀ,ਡਾ.ਬਲਰਾਜ ਸਿੰਘ ਰਾਜੂ,ਦਿਲਬਾਗ ਸਿੰਘ ਸੋਢੀ,ਨਰਾਇਣ ਸਿੰਘ ਬਰਾੜ,ਮੈਡਮ ਖੁਸ਼ਵੰਤ ਕੌਰ ਪ੍ਰਾਇਮਰੀ ਸਕੂਲ,ਗਿਆਨ ਚੰਦ ਸ਼ਰਮਾ,ਕਾਮਰੇਡ ਗੁਰਦੇਵ ਸਿੰਘ,ਮਾ.ਸੁਰਿੰਦਰ ਸਿੰਘ,ਅਵਤਾਰ ਸਿੰਘ ਤਾਰਾ,ਕਿ੍ਰਸ਼ਨਾ ਦੇਵੀ,ਦਰਸ਼ਨ ਸਿੰਘ ਆਦਿ ਤੋਂ ਇਲਾਵਾ ਸਕੂਲ ਸਟਾਫ ਅਤੇ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਸੱਜਣ ਹਾਜਰ ਸਨ।
ਵਿਧਾਇਕ ਦੇ ਜਾਣ ਤੋਂ ਬਾਅਦ ਕਾਂਗਰਸੀਆਂ ਵਿੱਚ ਹੋਈ ਤੂੰ-ਤੂੰ,ਮੈਂ-ਮੈਂ
ਆਪਣੇ ਭਾਸ਼ਣ ਤੋਂ ਬਾਅਦ ਜਦ ਵਿਧਾਇਕ ਦਰਸ਼ਨ ਸਿੰਘ ਬਰਾੜ ਅਗਲੇ ਸਮਾਗਮ ਦੇ ਜਾਣ ਲਈ ਆਪਣੀ ਗੱਡੀ ਵੱਲ ਵੱਧੇ ਤਾਂ ਪਿੰਡ ਦੇ ਕੁਝ ਦਲਿਤ ਭਾਈਚਾਰੇ ਨਾਲ ਸਬੰਧਿਤ ਕਾਂਗਰਸੀ ਵਰਕਰ ਆਪਣੀਆਂ ਸਮੱਸਿਆਂਵਾਂ ਦੱਸਣ ਲਈ ਵਿਧਾਇਕ ਬਰਾੜ ਨੂੰ ਮਿਲਣਾ ਚਾਹੁੰਦੇ ਸਨ,ਪਰ ਉਨਾਂ ਨੂੰ ਕੁਝ ਦੂਸਰੇ ਆਗੂਆਂ ਨੇ ਮਿਲਣ ਨਹੀਂ ਦਿੱਤਾ ਜਿਸ ਕਰਕੇ ਵਿਧਾਇਕ ਦੇ ਜਾਣ ਤੋਂ ਬਾਅਦ ਕਾਂਗਰਸੀਆਂ ਵਿੱਚ ਜੰਮ ਕੇ ਤੂੰ-ਤੂੰ,ਮੈਂ-ਮੈਂ ਹੋਈ ਅਤੇ ਕਾਂਗਰਸੀ ਆਗੂ ਤੇ ਵਰਕਰ ਵੋਟਾਂ ਨੂੰ ਲੈ ਕੇ ਇੱਕ ਦੂਜੇ ਨਾਲ ਮੇਹਣੋਂ ਮੇਹਣੀ ਹੁੰਦੇ ਰਹੇ। ਦਲਿਤ ਭਾਈਚਾਰੇ ਨਾਲ ਸਬੰਧਿਤ ਕਾਂਗਰਸੀ ਆਗੂ ਰਾਮ ਸਿੰਘ ਖੋਸਾ,ਬਾਬਾ ਗੁਰਮੇਲ ਸਿੰਘ ਨੇ ਪੱਤਰਕਾਰਾਂ ਕੋਲ ਰੋਸ ਜਾਹਰ ਕਰਦਿਆਂ ਕਿਹਾ ਕਿ ਜਦ ਤਾਂ ਵੋਟਾ ਲੈਣੀਆਂ ਸਨ ਤਾਂ ਇਹ ਵੱਡੇ ਆਗੂਆਂ ਵਿਧਾਇਕ ਨੂੰ ਸਾਡੇ ਘਰਾਂ ਵਿੱਚ ਲੈ ਕੇ ਆਉਂਦੇ ਸਨ ਜਦ ਹੁਣ ਮਤਲਬ ਨਿਕਲ ਗਿਆ ਹੈ ਤਾਂ ਸਾਨੂੰ ਵਿਧਾਇਕ ਨਾਲ ਗੱਲ ਵੀ ਨਹੀਂ ਕਰਨ ਦਿੱਤੀ ਜਾ ਰਹੀ।ਰਾਮ ਸਿੰਘ ਨੇ ਦੱਸਿਆਂ ਕਿ ਵਿਧਾਇਕ ਨੇ ਸਾਡੇ ਨਾਲ ਗੁਰਦੁਆਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਾਲੀ ਗਲੀ ਪੱਕੀ ਕਰਨ ਦਾ ਵਾਅਦਾ ਕੀਤਾ ਸੀ ਪਰ ਛੱਪੜ ਭਰ ਜਾਣ ਕਾਰਨ ਗੰਦਾ ਪਾਣੀ ਗਲੀਆਂ ਵਿੱਚ ਆਣ ਖੜਾ ਹੈ ਇਸ ਸਬੰਧੀ ਉਹ ਵਿਧਾਇਕ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ ਪਰ ਕੁਝ ਕੁ ਕਾਂਗਰਸੀ ਆਗੂਆਂ ਨੇ ਉਨਾਂ ਨੂੰ ਗੱਲਬਾਤ ਨਹੀਂ ਕਰਨ ਦਿੱਤੀ ।