ਅਣਪਛਾਤੀ ਸਕੋਰਪੀਓ ਗੱਡੀ ਦਰੱਖਤ ਨਾਲ ਟਕਰਾਈ

ਸਮਾਲਸਰ,18 ਅਗਸਤ (ਜਸਵੰਤ ਗਿੱਲ)-ਬੀਤੀ ਦੇਰ ਰਾਤ ਕਸਬਾ ਸਮਾਲਸਰ ਵਿਖੇ ਮੋਗਾ-ਕੋਟਕਪੂਰਾ ਸਾਹ ਮਾਰਗ ‘ਤੇ ਇੱਕ ਸਕੋਰਪੀਓ ਗੱਡੀ ਦਰਖਤ ਨਾਲ ਟਕਰਾਈ ਹੋਈ ਪਾਈ ਗਈ।ਹਾਦਸਾ ਇਨ੍ਹਾਂ ਭਿਆਨਕ ਸੀ ਕਿ ਗੱਡੀ ਦਾ ਸਮਾਨ ਦੂਰ ਤੱਕ ਖਿਲਰਿਆ ਹੋਇਆਂ ਸੀ ਪਰ ਗੱਡੀ ਦਾ ਕੋਈ ਵੀ ਵਾਰਸ ਨਾ ਤਾਂ ਗੱਡੀ ਕੋਲ ਹੀ ਸੀ ਤੇ ਨਾ ਹੀ ਕਿਸੇ ਨੇ ਇਸ ਸਬੰਧੀ ਥਾਣਾ ਸਮਾਲਸਰ ਵਿਖੇ ਸ਼ਿਕਾਇਤ ਦਰਜ ਕਰਵਾਈ।ਮੌਕੇ ਤੋਂ ਲਈ ਜਾਣਕਾਰੀ ਅਨੁਸਾਰ ਮੋਗਾ-ਕੋਟਕਪੂਰਾ ਮੁੱਖ ਮਾਰਗ ‘ਤੇ ਸਥਿਤ ਸਰਪੰਚ ਰਣਧੀਰ ਸਿੰਘ ਸਰਾਂ ਦੇ ਘਰ ਤੋਂ ਕੁਝ ਦੂਰ ਇੱਕ ਸਕੋਰਪੀਓ ਗੱਡੀ ਨੰਬਰ ਪੀਬੀ 30 ਆਰ 6778 ਸੜਕ ਦੀ ਇੱਕ ਬੁਰਜੀ ਨਾਲ ਟਕਰਾਅ ਕੇ ਦਰੱਖਤਾਂ ਨਾਲ ਜਾ ਟਕਰਾਈ।ਇਹ ਹਾਦਸਾ 17 ਅਤੇ 18 ਅਗਸਤ ਦੀ ਦਰਮਿਆਨੀ ਰਾਤ ਦਾ ਹੈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਗੱਡੀ ਦਾ ਸਮਾਨ ਦੂਰ ਦੂਰ ਤੱਕ ਖਿਲਰਿਆਂ ਹੋਇਆ ਸੀ, ਸ਼ੀਸ਼ੇ ਟੁੱਟੇ ਹੋਏ ਸਨ। ਗੱਡੀ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਸ ਵਿੱਚ ਸਵਾਰ ਵਿਅਕਤੀਆਂ ਦੀ ਹਾਲਤ ਬਹੁਤ ਹੀ ਮਾੜੀ ਹੋਈ ਹੋਵੇਗੀ, ਪਰ ਇਸ ਅਣਪਛਾਤੀ ਗੱਡੀ ਦਾ ਕੋਈ ਵੀ ਵਾਰਸ ਨਹੀਂ ਆਇਆ ਅਤੇ ਨਾ ਹੀ ਕਿਸੇ ਨੇ ਇਸ ਸਾਬੰਧੀ ਥਾਣੇ ਸ਼ਿਕਾਇਤ ਕੀਤੀ,ਪਰ ਦੋ ਵਜੇ ਤੋਂ ਬਾਅਦ ਗੱਡੀ ਹਾਦਸੇ ਵਾਲੀ ਥਾਂ ਤੋਂ ਲਾਪਤਾ ਹੋ ਗਈ। ਇਸ ਸਬੰਧੀ ਨਜ਼ਦੀਕੀ ਪੈਂਦੇ ਘਰਾਂ ਨੂੰ ਕੁਝ ਪਤਾ ਨਹੀਂ ਲੱਗਿਆਂ। ਹਾਦਸੇ ਵਾਲੀ ਥਾਂ ਤੇ ਜਾ ਕੇ ਜਦ ਦੇਖਿਆ ਗਿਆ ਤਾਂ ਮਾਮਲਾ ਕੁਝ ਸ਼ੱਕੀ ਨਜ਼ਰ ਆਇਆ ਕਿਉਂਕਿ ਬੁਰਜੀ ਅਤੇ ਦਰੱਖਤਾਂ ਦਾ ਟੁੱਟਣਾ ਇਹ ਸਾਬਤ ਕਰ ਰਿਹਾ ਸੀ ਕਿ ਗੱਡੀ ਬਾਘਾਪੁਰਾਣਾ ਤੋਂ ਕੋਟਕਪੁਰਾ ਵੱਲ ਨੂੰ ਜਾ ਰਹੀ ਸੀ ਪਰ ਗੱਡੀ ਦਾ ਦਰਖਤ ਨਾਲ ਟਕਰਾਉਣਾ ਇਹ ਵੀ ਸਾਬਤ ਕਰ ਰਿਹਾ ਸੀ ਕਿ ਗੱਡੀ ਕੋਟਕਪੂਰਾ ਵਾਲੇ ਪਾਸੇ ਤੋਂ ਆ ਰਹੀ ਸੀ। ਇਸ ਤੋਂ ਵੀ ਵੱਡੀ ਗੱਲ ਇਹ ਲੱਗ ਰਹੀ ਸੀ ਕਿ ਹਾਦਸਾ ਇੱਕ ਨਹੀਂ ਦੋ ਗੱਡੀਆਂ ਵਿਚਕਾਰ ਹੋਇਆ ਹੋਵੇਗਾ ਅਤੇ ਰਾਤ ਤੋਂ ਲੈ ਕੇ ਦੁਪਹਿਰ ਤੱਕ ਗੱਡੀ ਦਾ ਹਾਦਸੇ ਵਾਲੀ ਜਗ੍ਹਾਂ ਤੇ ਖੜ੍ਹੇ ਰਹਿਣਾ ਤੇ ਪੁਲਿਸ ਦਾ ਘਟਨਾ ਸਥਾਨ ‘ਤੇ ਨਾ ਜਾਣਾ ਆਦਿ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਬਾਰੇ ਜਾਣਕਾਰੀ ਲੈਣ ਲਈ ਬਾਘਾਪੁਰਾਣਾ, ਮੋਗਾ,ਕੋਟਕਪੂਰਾ ਅਤੇ ਫਰੀਦਕੋਟ ਦੇ ਹਸਪਤਾਲਾਂ ਵਿੱਚ ਸਪੰਰਕ ਵੀ ਕੀਤਾ ਗਿਆ ਪਰ ਉੱਥੇ ਕੋਈ ਵੀ ਜਖਮੀ ਵਿਅਕਤੀ ਦਾਖਲ ਨਹੀਂ ਹੋਇਆ ਇਸ ਤੋਂ ਇਲਾਵਾ ਗੱਡੀ ਦੀ ਪਿੱਛੋਂ ਨੰਬਰ ਪਲੇਟ ਵੀ ਨਹੀਂ ਸੀ ਅਤੇ ਕਿਤੇ ਟੁੱਟੀ ਹੋਈ ਵੀ ਨਹੀਂ ਮਿਲੀ। ਪੁਲਿਸ ਨੂੰ ਇਸ ਸਬੰਧੀ ਕੋਈ ਸੂਚਨਾ ਨਾ ਦੇਣਾ ਵੀ ਘਟਨਾ ਨੂੰ ਸ਼ੱਕੀ ਸਾਬਤ ਕਰਦਾ ਹੈ।ਇਸ ਸਬੰਧੀ ਜਦ ਥਾਣਾ ਸਮਾਲਸਰ ਦੇ ਥਾਣਾ ਮੁੱਖੀ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਕਿਸੇ ਨੇ ਇਸ ਹਾਦਸੇ ਸਬੰਧੀ ਕੋਈ ਸੂਚਨਾ ਹੀ ਦਿੱਤੀ ਹੈ।ਪੁਲਿਸ ਨੇ ਇਸ ਸਬੰਧੀ ਸੂਚਨਾ ਨਾ ਹੋਣ ਦਾ ਬਹਾਨਾ ਬਣਾ ਕੇ ਇਸ ਘਟਨਾ ਤੋਂ ਪਾਸਾ ਤਾਂ ਵੱਟ ਲਿਆ ਹੈ ਪਰ ਜਿਸ ਢੰਗ ਨਾਲ ਘਟਨਾ ਵਾਪਰੀ ਹੈ ਉਸ ਢੰਗ ਨਾਲ ਪੁਲਿਸ ਨੂੰ ਇਸ ਸਬੰਧੀ ਬਰੀਕੀ ਨਾਲ ਜਾਂਚ ਪੜਤਾਲ ਕਰਨ ਦੀ ਲੋੜ ਹੈ।ਗੱਡੀ ਛੱਡ ਕੇ ਜਾਣਾ ਅਤੇ ਦੁਪਹਿਰ ਸਮੇਂ ਲੈ ਕੇ ਜਾਣਾ,ਪੁਲਿਸ ਨੂੰ ਸੂਚਨਾ ਨਾ ਦੇਣਾ,ਗੱਡੀ ਦਾ ਨੰਬਰ ਨਾ ਹੋਣਾ ਆਦਿ ਕਾਰਨਾਂ ਨੂੰ ਲੈ ਕੇ ਪੁਲਿਸ ਇਸ ਮਾਮਲੇ ਦੀ ਜਾਂਚ ਕਰੇ ਕਿਉਂਕਿ ਸ਼ੱਕੀ ਹਾਲਤ ਵਿੱਚ ਗੱਡੀ ਦਾ ਹੋਣਾ ਬਹੁਤ ਵੱਡੇ ਸਵਾਲ ਖੜ੍ਹੇ ਕਰਦਾ ਹੈ।