ਵਿਧਾਇਕ ਦਰਸ਼ਨ ਬਰਾੜ ਨੇ ਦਿੱਤੀਆਂ ਦੇਸ਼ ਵਾਸੀਆਂ ਨੂੰ 71ਵੇਂ ਆਜ਼ਾਦੀ ਦਿਵਸ ਦੀਆਂ ਵਧਾਈਆਂ

ਬਾਘਾਪੁਰਾਣਾ,15 ਅਗਸਤ (ਜਸ਼ਨ)- ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਦੇਸ਼ ਵਾਸੀਆਂ ਨੂੰ 71ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਆਖਿਆ ਕਿ ਸਾਨੂੰ ਸ਼ਹੀਦਾਂ ’ਤੇ ਮਾਣ ਹੈ , ਜਿਨਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ । ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੇ ਆਖਿਆ ਕਿ ਦੇਸ਼ ਵਿਚ ਰਾਜ ਕਰਨ ਵਾਲੀ ਰਾਸ਼ਟਰੀ ਪਾਰਟੀ ਕਾਂਗਰਸ ਨੇ ਭਾਰਤ ਵਿਚ ਸਭ ਤੋਂ ਵੱਧ ਸਮਾਂ ਰਾਜ ਕੀਤਾ ਅਤੇ ਆਪਣੇ ਰਾਜ ਦੌਰਾਨ ਦੇਸ਼ ਦੀ ਆਰਥਿਕ ਹਾਲਤ ਨੂੰ ਪੈਰਾਂ ਸਿਰ ਲਿਆਉਣ ਲਈ ਕਈ ਪ੍ਰੋਗਰਾਮ ਅਤੇ ਨੀਤੀਆਂ ਉਲੀਕੀਆਂ ਜਿਸ ਦੀ ਬਦੌਲਤ ਅੱਜ ਅਸੀਂ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ ਵਿਚੋਂ ਨਿਕਲ ਕੇ ਵਿਕਸਤ ਦੇਸ਼ਾਂ ਦੀ ਕਤਾਰ ’ਚ ਆ ਖਲੋਤੇ ਹਾਂ । ਉਹਨਾਂ ਕਿਹਾ ਕਿ ਸਵਰਗੀ ਰਾਜੀਵ ਗਾਂਧੀ ਨੇ ਦੇਸ਼ ਵਿਚ ਤਕਨਾਲੌਜੀ ਦੇ ਯੁੱਗ ਦੀ ਸ਼ੁਰੂਆਤ ਕੀਤੀ ਅਤੇ ਉਹਨਾਂ ਦੇ ਇਸ ਫੈਸਲੇ ਨਾਲ ਦੇਸ਼ ਨੇ ਤਕਨੀਕ ਦੇ ਖੇਤਰ ਵਿਚ ਕ੍ਰਾਂਤੀਕਾਰੀ ਬਦਲਾਅ ਮਹਿਸੂਸ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਆਜ਼ਾਦੀ ਦੇ ਸੰਘਰਸ਼ ਵਿਚੋਂ ਨਿਕਲੀ ਮਜਬੂਤ ਆਧਾਰ ਵਾਲੀ ਪਾਰਟੀ ਹੈ ,ਇਸੇ ਕਰਕੇ ਪਿਛਲੇ 70 ਸਾਲਾਂ ਦੇ ਰਾਜ ਵਿਚ ਕਾਂਗਰਸ ਨੇ ਹਮੇਸ਼ਾਂ ਸਾਰੇ ਵਰਗਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਨਰੇਗਾ ,ਮਗਨਰੇਗਾ ,ਸਰਬ ਸਿੱਖਿਆ ਅਭਿਆਨ ,ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾਵਾਂ ਅਤੇ ਪੰਚਾਇਤੀ ਰਾਜ ਦੀ ਸਥਾਪਨਾ ਵਰਗੀਆਂ ਕ੍ਰਾਂਤੀਕਾਰੀ ਨੀਤੀਆਂ ਬਣਾਈਆਂ ਜਿਸ ਸਦਕਾ ਭਾਰਤ ਵਿਚ ਨਵੇਂ ਬਦਲਾਅ ਆਏ। ਵਿਧਾਇਕ ਦਰਸ਼ਨ ਬਰਾੜ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੀ ਸੱਤਾ ਸੌਂਪ ਕੇ ਨਾ ਸਿਰਫ ਸੂਬੇ ਨੂੰ ਇਕ ਮਜਬੂਤ ਨੇਤਾ ਦਿੱਤਾ ਹੈ ਬਲਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਲਿਆ ਕੇ ਪਿਛਲੇ  10 ਸਾਲਾਂ ਤੋਂ ਵਿਕਾਸ ਲਈ ਤਰਸੇ ਪੰਜਾਬ ਨੂੰ ਮੁੜ ਲੀਹ ’ਤੇ ਲਿਆਉਣ ਲਈ ਵੀ ਇਕ ਕ੍ਰਾਤੀਕਾਰੀ ਕਦਮ ਚੁੱਕਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੰਜ ਮਹੀਨਿਆਂ ਦੇ ਰਾਜ ਵਿਚ ਸੂੁਬੇ ਦੀ ਬੇਹਤਰੀ ਲਈ ਜੋ ਵੀ ਫੈਸਲੇ ਲਏ ਹਨ ਸੂਬੇ ਦੇ ਲੋਕਾਂ ਨੇ ਉਹਨਾਂ ਫੈਸਲਿਆਂ ਦਾ ਦਿਲੋਂ ਸਵਾਗਤ ਕੀਤਾ ਹੈ।