ਮਨਜੀਤ ਬੁੱਟਰ ਬਾਵਰੀਆ ਸਮਾਜ ਦੇ ਨਵੇਂ ਪੰਜਾਬ ਪ੍ਰਧਾਨ ਨਿਯੁਕਤ

ਮੋਗਾ,6 ਅਗਸਤ(ਜਸ਼ਨ):ਅਖਿਲ ਭਾਰਤੀਆ ਵਿਮੁਕਤ ਜਾਤੀ ਸੇਵਾ ਸੰਘ ਦੀ ਵੱਡੇ ਪੱਧਰ ਤੇ ਮੀਟਿੰਗ ਪੰਜਾਬ ਵਿਮੁਕਤ ਜਾਤੀ ਪ੍ਰਧਾਨ ਆਸਾ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਐਸਸੀ ਕਮਿਸ਼ਨ ਦੇ ਚੇਅਰਮੈਨ ਰਜੇਸ਼ ਬਾਘਾ, ਨੈਸ਼ਨਲ ਪ੍ਰੈਜੀਡੈਂਟ ਸਤੀਸ਼ ਅਤੇ ਹੋਰ ਮੈਂਬਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਵਿਮੁਕਤ ਜਾਤੀਆਂ ਨਾਲ ਸਬੰਧਿਤ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰੇ ਕੀਤੇ ਗਏ ਅਤੇ ਅਹੁਦਿਆਂ ਦੀ ਚੋਣ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਬਾਵਰੀਆ ਸਮਾਜ ਦੇ ਸਰਗਰਮ ਵਰਕਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਬਾਵਰੀਆ ਸਮਾਜ ਦੇ ਸਿਰਕੱਢ, ਮਿਹਨਤੀ ਅਤੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਬੁੱਟਰ ਨੂੰ ਸਰਬਸੰਮਤੀ ਨਾਲ ਬਾਵਰੀਆ ਸਮਾਜ ਦੇ ਨਵੇਂ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਸਮੇਂ  ਮਨਜੀਤ ਸਿੰਘ ਬੁੱਟਰ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਮੁਕਤ ਜਾਤੀ ਸੇਵਾ ਸੰਘ ਵੱਲੋਂ ਦਿੱਤੀ ਗਈ ਇਹ ਜੁੰਮੇਵਾਰੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸੰਘ ਵਿੱਚ ਸ਼ਾਮਲ ਹਰ ਜਾਤੀ ਦੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਹਾਈਕਮਾਂਡ ਅਤੇ ਸਰਕਾਰ ਤੱਕ ਪਹੁੰਚਾਉਣ ਦਾ ਹਰ ਉਪਰਾਲਾ ਕਰਨਗੇ। ਨਾਲ ਹੀ ਉਨਾਂ ਸਮੁੱਚੇ ਬਾਵਰੀਆ ਸਮਾਜ ਨੂੰ ਬੇਨਤੀ ਕੀਤੀ ਪੂਰਾ ਬਾਵਰੀਆ ਸਮਾਜ ਆਪਣੇ ਹੱਕਾਂ ਲਈ ਜਾਗਰੂਕ ਰਹੇ ਅਤੇ ਹਰ ਤਰਾਂ ਦੀ ਮੁਸ਼ਕਲ ਸੰਘ ਨਾਲ ਸਾਂਝੀ ਕਰਦਾ ਰਹੇ।