ਡਰੋਲੀ ਭਾਈ ਤੋਂ ਕਾਂਗਰਸ ਦੇ ਉਮੀਦਵਾਰ ਨਾਹਰ ਸਿੰਘ ਦੀ ਜਿੱਤ ਦਾ ਐਲਾਨ,ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਐਲਾਨ ਖਿਲਾਫ਼ ਧਰਨਾ ਜਾਰੀ
ਮੋਗਾ/ਘੱਲਕਲਾਂ,6 ਅਗਸਤ(ਜਸ਼ਨ)-ਜ਼ਿਲਾ ਮੋਗਾ ‘ਚ ਸਰਪੰਚ ਦੀਆਂ 3 ਅਤੇ ਪੰਚਾਂ ਦੀਆਂ 16 ਖਾਲੀ ਹੋਈਆਂ ਸੀਟਾਂ ’ਤੇ ਗਰਾਮ ਪੰਚਾਇਤ ਦੀਆਂ ਜਿਮਨੀ ਚੋਣਾਂ ਦੇ ਚੱਲਦਿਆਂ ਉਪ ਚੋਣ ਵਿੱਚ ਬਲਾਕ ਮੋਗਾ-1 ਦੇ ਪਿੰਡ ਬੁੱਟਰ ਖੁਰਦ ਦੇ ਵਾਰਡ ਨੰਬਰ 1, ਪਿੰਡ ਮੱਦੋਕੇ ਦੇ ਵਾਰਡ ਨੰਬਰ 2, ਪਿੰਡ ਬਹੋਨਾ ਦੇ ਵਾਰਡ ਨੰਬਰ 5 ਅਤੇ ਪਿੰਡ ਢੁੱਡੀਕੇ ਦੇ ਵਾਰਡ ਨੰਬਰ 7 ਵਿੱਚ ਪੰਚਾਂ ਦੀ ਚੋਣ ਸਰਬ ਸੰਮਤੀ ਨਾਲ ਹੋਈ ਜਦਕਿ ਬਲਾਕ ਮੋਗਾ-2 ਦੇ ਪਿੰਡ ਡਰੋਲੀ ਭਾਈ ਤੋਂ ਸਰਪੰਚੀ ਦੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਨਾਹਰ ਸਿੰਘ ਸਾਬਕਾ ਸਰਪੰਚ ਨੇ ਜਿੱਤ ਦਰਜ ਕੀਤੀ । ਡਰੋਲੀ ਭਾਈ ਤੋਂ ਕਾਂਗਰਸ ਦੇ ਉਮੀਦਵਾਰ ਨਾਹਰ ਸਿੰਘ ਦੀ ਹੋਈ ਸ਼ਾਨਦਾਰ ਜਿੱਤ ਉਪਰੰਤ ਸੀਨੀਅਰ ਕਾਂਗਰਸੀ ਆਗੂ ਇਕਬਾਲ ਸਿੰਘ ਸੰਘਾ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਜੇਤੂ ਉਮੀਦਵਾਰ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ। ਇਸ ਜਿੱਤ ’ਤੇ ਆਪਣੇ ਵਿਚਾਰ ਰੱਖਦਿਆਂ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਆਖਿਆ ਕਿ ਅੱਜ ਦੀ ਜਿੱਤ ਨੇ ਸਿੱਧ ਕਰ ਦਿੱਤਾ ਹੈ ਕਿ ਲੋਕ ਕਾਂਗਰਸ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਨੇ ਅਤੇ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੂਰਨ ਭਰੋਸਾ ਹੈ। ਅੱਜ ਦੀ ਇਸ ਜਿੱਤ ਸਬੰਧੀ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਆਖਿਆ ਕਿ ਜਿੱਤ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਅਤੇ ਆਉਣ ਵਾਲੀਆਂ ਸਾਰੀਆਂ ਚੋਣਾਂ ਦੌਰਾਨ ਕਾਂਗਰਸ ਵੱਡੇ ਅੰਤਰ ਨਾਲ ਜਿੱਤ ਦਰਜ ਕਰਦੀ ਰਹੇਗੀ । ਧੂੜਕੋਟ ਰਣਸੀਂਹ ਰਿਜ਼ਰਵ ਸੀਟ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਪਾਲ ਕੌਰ 152 ਵੋਟਾਂ ਨਾਲ ਜੇਤੂ ਰਹੀ ਜਦ ਕਿ ਕਾਂਗਰਸ ਦੀ ਸਿਮਰਜੀਤ ਕੌਰ ਨੂੰ 118 ਵੋਟਾਂ ’ਤੇ ਹੀ ਸਿਮਟਦਿਆਂ ਹਾਰ ਦਾ ਮੂੰਹ ਵੇਖਣਾ ਪਿਆ। ਡਰੋਲੀ ਭਾਈ ਵਿਖੇ ਕਾਂਗਰਸ ਦੇ ਉਮੀਦਵਾਰ ਨਾਹਰ ਸਿੰਘ ,ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜਗਦੀਸ਼ ਸਿੰਘ ਦੀਸ਼ਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਿਗਾਰਾ ਸਿੰਘ ਦਰਮਿਆਨ ਫਸਵਾਂ ਮੁਕਾਬਲਾ ਹੋਇਆ । ਚੋਣ ਪ੍ਰਚਾਰ ਦੌਰਾਨ ਜਿੱਥੇ ਕਾਂਗਰਸੀ ਉਮੀਦਵਾਰ ਦੀ ਹਮਾਇਤ ਵਿਚ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ,ਵਿਧਾਇਕ ਹਰਜੋਤ ਕਮਲ ਸਿੰਘ,ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ,ਕਾਂਗਰਸ ਦੇ ਸੂਬਾ ਸਕੱਤਰ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ,ਸੀਨੀਅਰ ਕਾਂਗਰਸੀ ਆਗੂ ਇਕਬਾਲ ਸਿੰਘ ਸੰਘਾ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਸਰਗਰਮ ਰਹੇ ਉੱਥੇ ਅਕਾਲੀ ਉਮੀਦਵਾਰ ਜਗਦੀਸ਼ ਸਿੰਘ ਦੀਸ਼ਾ ਦੀ ਹਮਾਇਤ ਵਿਚ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਬਰਾੜ ਵੀ ਆਪਣੇ ਹਮਾਇਤੀਆਂ ਨਾਲ ਅੱਡੀ ਚੋਟੀ ਦਾ ਜ਼ੋਰ ਲਗਾਉਂਦੇ ਰਹੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਿਗਾਰਾ ਸਿੰਘ ਦੀ ਹਮਾਇਤ ਵਿਚ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਐਡਵੋਕੇਟ ਰਮੇਸ਼ ਗਰੋਵਰ, ਪ੍ਰਵਾਸੀ ਭਾਰਤੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੇਵਲ ਸਿੰਘ ਸੰਘਾ ਤੇ AMIT PURI ਤੇ ਹੋਰਨਾਂ ਨੇ ਪੂਰੀ ਤਾਕਤ ਝੋਕਦਿਆਂ ਮੁਕਾਬਲੇ ਨੂੰ ਤਿਕੋਣਾ ਮੁਕਾਬਲਾ ਬਣਾਉਣ ਵਿਚ ਸਫਲਤਾ ਹਾਸਲ ਕੀਤੀ । ਮੁਕਾਬਲੇ ਦੇ ਸਖਤ ਹੋਣ ਦੀ ਤਸਵੀਰ ਇਸ ਗੱਲ ਤੋਂ ਸਾਹਮਣੇ ਆਉਂਦੀ ਹੈ ਕਿ ਪੋਿਗ ਬੂਥ ਦੇ ਆਲੇ ਦੁਆਲੇ ਪੁਲਿਸ ਦੇ ਦਰਜਨਾਂ ਕਰਮਚਾਰੀ ਸਖਤਾਈ ਨਾਲ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ’ਚ ਰੱਖਣ ਲਈ ਤੱਤਪਰ ਨਜ਼ਰ ਆਏ। ਚਾਹੇ ਕਾਂਗਰਸ ਦੇ ਉਮੀਦਵਾਰ ਨਾਹਰ ਸਿੰਘ ਦੀ ਜਿੱਤ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਕਿਸ ਉਮੀਦਵਾਰ ਨੇ ਕਿਨੀਆਂ ਵੋਟਾਂ ਹਾਸਲ ਕੀਤੀਆਂ ਇਸ ਬਾਰੇ ਕੋਈ ਵੀ ਅਧਿਕਾਰੀ ਪੁਸ਼ਟੀ ਕਰਨ ਲਈ ਤਿਆਰ ਨਹੀਂ । ਲੋਕਾਂ ਵਿਚ ਵਿਰੋਧ ਦੀਆਂ ਸੁਰਾਂ ਚੱਲਦਿਆਂ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਰਮੇਸ਼ ਗਰੋਵਰ ਦੀ ਅਗਵਾਈ ਵਿਚ ਅਤੇ ਸ਼ੋਮਣੀ ਅਕਾਲੀ ਦਲ ਦੇ ਕਾਰਕੁੰਨਾ ਨੇ ਪੋੁਿਗ ਬੂਥ ਸਾਹਮਣੇ ਧਰਨਾ ਦੇ ਦਿੱਤਾ ਹੈ ਜੋ ਕਿ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ।