ਡਾ. ਐਸ.ਪੀ. ਸਿੰਘ ਉਬਰਾਏ ਮਹਾਨ ਸਿੱਖ ਹੋਣ ਦੇ ਨਾਲ ਦੁਨੀਆ ਦੇ ਮਹਾਨ ਲੋਕਾਂ ਵਿੱਚੋਂ ਇੱਕ - ਮਹਿੰਦਰ ਪਾਲ ਲੂੰਬਾ

* ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਨੇ 160 ਵਿਧਵਾ ਔਰਤਾਂ ਨੂੰ ਵੰਡੇ ਪੈਨਸ਼ਨਾਂ ਦੇ ਚੈਕ 
ਮੋਗਾ, 11 ਜੁਲਾਈ (ਜਸ਼ਨ): ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਆਪਣੇ ਸੇਵਾ ਕਾਰਜਾਂ ਕਰਕੇ ਦੁਨੀਆ ਦੇ ਮਹਾਨ ਲੋਕਾਂ ਵਿੱਚ ਸ਼ਾਮਿਲ ਹੋ ਗਏ ਹਨ, ਜੋ ਕਿ ਪਹਿਲਾਂ ਸਿਰਫ ਇੱਕ ਮਹਾਨ ਸਿੱਖ ਦੇ ਰੂਪ ਵਿੱਚ ਜਾਣੇ ਜਾਂਦੇ ਸਨ । ਇਹ ਦੁਨੀਆ ਭਰ ਦੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਡਾ. ਉਬਰਾਏ ਨੇ ਭਾਈ ਘਨਈਆ ਜੀ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਬਿਨਾਂ ਕਿਸੇ ਜਾਤੀ ਭੇਦਭਾਵ ਤੋਂ ਦੇਸ਼ਾਂ ਦੀਆਂ ਸਰਹੱਦਾਂ ਤੋਂ ਉਪਰ ਉਠ ਕੇ ਜਿੱਥੇ ਅਨੇਕਾਂ ਪੰਜਾਬੀ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚੋਂ ਵਾਪਿਸ ਲਿਆਂਦਾ, ਉਥੇ ਪਾਕਿਸਤਾਨ ਸਮੇਤ ਹੋਰ ਦੇਸ਼ਾਂ ਦੇ ਨੌਜਵਾਨਾਂ ਨੂੰ ਵੀ ਦੁਬਾਰਾ ਆਪਣੇ ਪਰਿਵਾਰਾਂ ਨੂੰ ਮਿਲਾਇਆ ਹੈ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਰੂਰਲ ਐਨ.ਜੀ.ਓ. ਮੋਗਾ ਦੇ ਚੇਅਰਮੈਨ ਅਤੇ ਸਰਬੱਤ ਦਾ ਭਲਾ ਮੋਗਾ ਦੇ ਕੈਸ਼ੀਅਰ ਮਹਿੰਦਰ ਪਾਲ ਲੂੰਬਾ ਨੇ ਅੱਜ ਸੰਸਥਾ ਦੇ ਬਸਤੀ ਗੋਬਿੰਦਗੜ ਮੋਗਾ ਸਥਿਤ ਦਫਤਰ ਵਿੱਚ 160 ਵਿਧਵਾ ਔਰਤਾਂ ਨੂੰ ਪੈਨਸ਼ਨਾ ਦੇ ਚੈਕ ਵੰਡਣ ਮੌਕੇ ਕੀਤਾ । ਇਸ ਮੌਕੇ ਟਰੱਸਟ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਦੱਸਿਆ ਕਿ ਡਾ. ਉਬਰਾਏ ਜੀ ਦੀ ਗਤੀਸ਼ੀਲ ਅਗਵਾਈ ਹੇਠ ਮੋਗਾ ਜਿਲੇ ਵਿੱਚ ਪਿਛਲੇ ਤਿੰਨ ਸਾਲ ਤੋਂ ਸਮਾਜ ਸੇਵਾ ਦੇ ਵੱਖ ਵੱਖ ਖੇਤਰਾਂ ਵਿੱਚ ਵਰਨਣਯੋਗ ਕੰਮ ਕੀਤੇ ਗਏ ਹਨ, 160 ਵਿਧਵਾ ਔਰਤਾਂ ਨੂੰ ਹਰ ਮਹੀਨੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਪੈਨਸ਼ਨ ਦਿੱਤੀ ਜਾ ਰਹੀ ਹੈ, ਪੰਜ ਮੁਫਤ ਸਿਲਾਈ ਸੈਂਟਰ ਅਤੇ ਤਿਨ ਮੁਫਤ ਕੰਪਿਊਟਰ ਸੈਂਟਰ ਲਗਾਤਾਰ ਚਲਾਏ ਜਾ ਰਹੇ ਹਨ, ਹੁਣ ਤੱਕ 16 ਅੱਖਾਂ ਦੇ ਮੁਫਤ ਅਪਰੇਸ਼ਨ ਅਤੇ ਲੈਂਜ਼ ਕੈਂਪ ਲਗਾਏ ਜਾ ਚੁੱਕੇ ਹਨ, 14 ਸਕੂਲਾਂ ਵਿੱਚ ਬੱਚਿਆਂ ਲਈ ਸ਼ੁੱਧ ਪਾਣੀ ਲਈ ਆਰ.ਓ. ਲਗਾਏ ਜਾ ਚੁੱਕੇ ਹਨ, 7 ਵਿਦਿਆਰਥੀਆਂ ਨੂੰ ਉਚੇਰੀ ਪੜਾਈ ਲਈ ਸਹਾਇਤਾ ਦਿੱਤੀ ਜਾ ਚੁੱਕੀ ਹੈ ਅਤੇ ਤਿੰਨ ਵਿਕਲਾਂਗ ਬੱਚਿਆਂ ਨੂੰ ਹਰ ਮਹੀਨੇ ਸਹਾਇਤਾ ਦਿੱਤੀ ਜਾ ਰਹੀ ਹੈ ।  ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡਾ. ਉਬਰਾਏ ਹਰ ਮਹੀਨੇ ਆਪਣੀ ਨੇਕ ਕਮਾਈ ਦਾ ਵੱਡਾ ਹਿੱਸਾ ਲੋਕ ਸੇਵਾ ਤੇ ਖਰਚ ਰਹੇ ਹਨ ਤੇ ਉਹ ਹੋਰ ਕਿਸੇ ਤੋਂ ਇਸ ਵਿੱਚ ਯੋਗਦਾਨ ਨਹੀਂ ਲੈਂਦੇ । ਇਸ ਲਈ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਉਹਨਾਂ ਦਾ ਇੱਕ ਇੱਕ ਪੈਸਾ ਸਹੀ ਜਗਾ ਤੇ ਲੱਗੇ । ਉਹਨਾਂ ਕਿਹਾ ਕਿ ਮੱਦਦ ਲਈ ਉਹੀ ਲੋਕ ਬੇਨਤੀ ਪੱਤਰ ਭੇਜਣ ਜੋ ਸੱਚਮੁਚ ਲੋੜਵੰਦ ਹੋਣ । ਇਸ ਮੌਕੇ ਸਰਬੱਤ ਦਾ ਭਲਾ ਮੋਗਾ ਇਕਾਈ ਦੇ ਜਨਰਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ, ਮੀਤ ਪ੍ਧਾਨ ਗੋਕਲ ਚੰਦ ਬੁੱਘੀਪੁਰਾ, ਮੈਂਬਰ ਰਣਜੀਤ ਸਿੰਘ ਮਾੜੀ ਮੁਸਤਫਾ, ਦਰਸ਼ਨ ਸਿੰਘ ਲੋਪੋ, ਬੇਅੰਤ ਕੌਰ ਧਾਲੀਵਾਲ ਨੰਗਲ, ਜਸਵੀਰ ਕੌਰ ਦਫਤਰ ਇੰਚਾਰਜ ਅਤੇ ਸੁਖਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਭਪਾਤਰੀ ਔਰਤਾਂ ਹਾਜਰ ਸਨ।